ਮੋਗਾ ਦੇ ਡਿਪਟੀ ਕਮਿਸ਼ਨਰ ਤੋਂ ਚੋਣ ਅਧਿਕਾਰੀ ਦਾ ਅਹੁਦਾ ਲਿਆ ਵਾਪਸ

Monday, Dec 24, 2018 - 10:48 PM (IST)

ਮੋਗਾ ਦੇ ਡਿਪਟੀ ਕਮਿਸ਼ਨਰ ਤੋਂ ਚੋਣ ਅਧਿਕਾਰੀ ਦਾ ਅਹੁਦਾ ਲਿਆ ਵਾਪਸ

ਚੰਡੀਗੜ੍ਹ/ਕਿਸ਼ਨਪੁਰ ਕਲਾਂ, (ਸ਼ਰਮਾ, ਹੀਰੋ)— ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਅੱਜ ਇਕ ਪੱਤਰ ਜਾਰੀ ਕਰਕੇ ਸੰਦੀਪ ਹੰਸ ਡਿਪਟੀ ਕਮਿਸ਼ਨਰ, ਮੋਗਾ ਤੋਂ ਜ਼ਿਲਾ ਚੋਣਕਾਰ ਅਫਸਰ ਦਾ ਕਾਰਜ ਭਾਰ ਵਾਪਸ ਲੈਂਦੇ ਹੋਏ ਅਜੈ ਕੁਮਾਰ ਸੂਦ, ਪੀ. ਸੀ. ਐੱਸ. ਵਧੀਕ ਡਿਪਟੀ ਕਮਿਸ਼ਨਰ ਜਨਰਲ ਮੋਗਾ ਨੂੰ ਜ਼ਿਲਾ ਚੋਣਕਾਰ ਅਫਸਰ, ਮੋਗਾ ਦਾ ਚਾਰਜ ਦੇਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਜ਼ਿਕਰਯੋਗ ਹੈ ਕਿ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਇਕ ਪਿੰਡ ਦੀ ਚੋਣ ਚੋਣ ਕਮਿਸ਼ਨ ਨੂੰ ਦੱਸੇ ਬਿਨਾਂ ਰੱਦ ਕਰ ਦਿੱਤੀ ਸੀ। ਇਸ ਦਾ ਨੋਟਿਸ ਲੈਂਦਿਆਂ ਰਾਜ ਚੋਣ ਕਮਿਸ਼ਨ ਨੇ ਇਸ ਨੂੰ ਅਧਿਕਾਰ ਖੇਤਰ ਤੋਂ ਬਾਹਰ ਦੀ ਕਾਰਵਾਈ ਦੱਸਦਿਆਂ ਰਾਜ ਸਰਕਾਰ ਨੂੰ ਡਿਪਟੀ ਕਮਿਸ਼ਨਰ ਦੇ ਤਬਾਦਲੇ ਦੀ ਸਿਫਾਰਿਸ਼ ਕੀਤੀ ਸੀ। ਹਾਲਾਂਕਿ ਸਰਕਾਰ ਵਲੋਂ ਅਦਾਲਤੀ ਹੁਕਮਾਂ ਦਾ ਤਰਕ ਦਿੰਦਿਆਂ ਡਿਪਟੀ ਕਮਿਸ਼ਨਰ ਦਾ ਬਚਾਅ ਕਰਨ ਦਾ ਯਤਨ ਕੀਤਾ ਗਿਆ ਸੀ। ਕਮਿਸ਼ਨ ਵਲੋਂ ਮੁੜ ਸਰਕਾਰ ਨੂੰ ਕਹੇ ਜਾਣ 'ਤੇ ਵੀ ਤਬਾਦਲਾ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਤੋਂ ਚੋਣਾਂ ਨਾਲ ਸਬੰਧਤ ਕੰਮਕਾਰ ਵਾਪਸ ਲੈ ਲਿਆ ਹੈ। ਇਸ ਤਰ੍ਹਾਂ ਹੰਸ ਹੁਣ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਬਣੇ ਰਹਿਣਗੇ ਪਰ ਪੰਚਾਇਤੀ ਚੋਣਾਂ ਨਾਲ ਸਬੰਧਤ ਕੰਮ ਨਹੀਂ ਦੇਖਣਗੇ।


Related News