ਮੋਗਾ: ਦਿਹਾੜੀਦਾਰ ਕਾਮੇ ਦੀ ਧੀ ਬਣੀ ਜੱਜ

02/20/2020 1:02:35 PM

ਮੋਗਾ: ਹੌਸਲੇ ਬੁਲੰਦ ਹੋਣ ਤਾਂ ਦੁਨੀਆ 'ਚ ਹਰ ਚੀਜ਼ ਹਾਸਲ ਹੋ ਜਾਂਦੀ ਹੈ। ਅਜਿਹਾ ਹੀ ਕੁੱਝ ਇੱਥੇ ਪਿੰਡਾਂ ਦੇ ਸਰਕਾਰੀ ਸਕੂਲਾਂ 'ਚ ਪੜ੍ਹੀ ਇੱਕ ਦਿਹਾੜੀਦਾਰ ਕਾਮੇ ਦੀ ਧੀ ਨੇ ਕਰ ਦਿਖਾਇਆ ਹੈ। ਉਸ ਨੇ ਪੰਜਾਬ ਸਿਵਲ ਸਰਵਿਸਿਜ ਜੁਡੀਸ਼ੀਅਲ ਪੇਪਰ ਵਿੱਚ ਰਾਖਵੇਂ ਕੋਟੇ 'ਚੋਂ ਜੱਜ ਬਣਨ 'ਚ ਸਫ਼ਲਤਾ ਹਾਸਲ ਕੀਤੀ ਹੈ।

ਪਿੰਡ ਮਹਿਣਾ ਦੇ ਮੁਸਲਮਾਨ ਪਰਿਵਾਰ ਦੀ ਵਕੀਲਾਂ ਬੀਬੀ ਨੇ ਪਹਿਲੀ ਜਮਾਤ ਤੋਂ 10ਵੀਂ ਜਮਾਤ ਦੀ ਪੜ੍ਹਾਈ ਆਪਣੇ ਪਿੰਡ ਅਤੇ 11ਵੀਂ ਜਮਾਤ ਦੀ ਪੜ੍ਹਾਈ ਨੇੜਲੇ ਪਿੰਡ ਨੱਥੂਵਾਲਾ ਜਦੀਦ ਦੇ ਸਰਕਾਰੀ ਸਕੂਲ 'ਚੋਂ ਅਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਆਪਣੇ ਪਿੰਡ ਦੇ ਹੀ ਪ੍ਰਾਈਵੇਟ ਕਾਲਜ 'ਚੋਂ ਕੀਤੀ। ਉਨ੍ਹਾਂ ਕਿਹਾ ਕਿ ਘਰ ਦੇ ਹਾਲਾਤ ਉਸ ਨੂੰ ਪੜ੍ਹਾਈ ਲਈ ਇਜਾਜ਼ਤ ਨਹੀਂ ਦਿੰਦੇ ਸਨ ਪਰ ਉਸ ਦੇ ਮਨ 'ਚ ਬੀ.ਐੱਡ. ਕਰਨ ਦਾ ਵਿਚਾਰ ਸੀ।

ਉਨ੍ਹਾਂ ਕਿਹਾ ਕਿ ਪਿੰਡ ਦੇ ਪਰਵਾਸੀ ਪੰਜਾਬੀ ਕੁਲਦੀਪ ਸਿੰਘ ਗਿੱਲ ਨੇ ਕਾਨੂੰਨ ਦੀ ਪੜ੍ਹਾਈ ਦਾ ਭਾਰ ਚੁੱਕਣ ਦਾ ਹੌਸਲਾ ਦਿੱਤਾ। ਇਸ ਹੌਸਲੇ 'ਤੇ ਉਸ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸਾਲ 2016 ਵਿੱਚ 3 ਸਾਲਾ ਐੱਲ.ਐੱਲ.ਬੀ. ਦੀ ਪੜ੍ਹਾਈ ਕਰਨ ਮਗਰੋਂ ਕੁਰਕੂਸ਼ੇਤਰ ਯੂਨੀਵਰਸਿਟੀ ਤੋਂ ਐੱਲ.ਐੱਲ.ਐੱਮ. ਕੀਤੀ। ਉਨ੍ਹਾਂ ਕਿਹਾ ਕਿ ਸਮਾਜ 'ਚ ਜੱਜਾਂ ਦਾ ਬਹੁਤ ਸਨਮਾਨ ਹੈ। ਇਸੇ ਕਾਰਨ ਉਸ ਦੀ ਨਿਆਇਕ ਸੇਵਾਵਾਂ ਪ੍ਰਤੀ ਖਿੱਚ ਪੈਦਾ ਹੋਈ। ਉਸ ਨੇ ਪੰਜਾਬ ਸਿਵਲ ਸਰਵਿਸਿਜ ਜੁਡੀਸ਼ੀਅਲ ਪੇਪਰ ਦਿੱਤੇ ਤੇ ਬਿਨਾਂ ਕਿਸੇ ਕੋਚਿੰਗ ਤੋਂ ਦੂਜੀ ਹੀ ਕੋਸ਼ਿਸ਼ ਵਿੱਚ ਉਸ ਨੂੰ ਰਾਖਵੇਂ ਕੋਟੇ 'ਚੋਂ ਜੱਜ ਬਣਨ ਦੀ ਸਫ਼ਲਤਾ ਮਿਲੀ। ਉਸ ਨੇ ਇਸ ਸਫਲਤਾ ਦਾ ਸਿਹਰਾ ਪਰਵਾਸੀ ਪੰਜਾਬੀ ਕੁਲਦੀਪ ਸਿੰਘ ਗਿੱਲ ਅਤੇ ਆਪਣੇ ਭਰਾ ਸਲੀਮ ਮੁਹੰਮਦ ਨੂੰ ਦਿੱਤਾ ਹੈ। ਬੀਬੀ ਨੇ ਦੱਸਿਆ ਕਿ ਉਸ ਦਾ ਪਿਤਾ ਰਮਜ਼ਾਨ ਖਾਨ ਫੈਕਟਰੀ 'ਚ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਤੇ ਹੁਣ ਬੀਮਾਰੀ ਕਾਰਨ ਕਰੀਬ 6 ਸਾਲ ਤੋਂ ਉਹ ਕੰਮ ਕਰਨ ਤੋਂ ਵੀ ਅਸਮਰਥ ਹੈ।


Shyna

Content Editor

Related News