ਚੋਣਾਂ ਦੇ ਐਲਾਨ ਤੋਂ ਪਹਿਲਾਂ ਮੋਗਾ ’ਚ ਦੋਫਾੜ ਹੋਣ ਲੱਗੀ ਕਾਂਗਰਸ ਪਾਰਟੀ

12/30/2020 10:36:36 AM

ਮੋਗਾ (ਗੋਪੀ ਰਾਊਕੇ): ਇਕ ਪਾਸੇ ਜਿਥੇ ਨਗਰ ਨਿਗਮ ਮੋਗਾ ਦੀਆਂ ਨਵੇਂ ਵਰ੍ਹੇ ਦੇ ਸ਼ੁਰੂਆਤੀ ਦੌਰ ’ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਮੁੱਚੀਆਂ ਰਾਜਸੀ ਧਿਰਾਂ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ ਉਥੇ ਚੋਣਾਂ ਤੋਂ ਐਨ ਪਹਿਲਾ ਮੋਗਾ ’ਚ ਹੁਕਮਰਾਨ ਧਿਰ ਦੋਫਾੜ ਹੋਣ ਲੱਗੀ ਹੈ, ਦਰਅਸਲ ਮੋਗਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਵਿਧਾਇਕ ਹਰਜੋਤ ਕਮਲ ਦਾ ਧੜਾ ਚੋਣਾਂ ਸਬੰਧੀ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ ਤੇ ਇਸ ਦੇ ਨਾਲ ਹੀ ਕੁਝ ਸ਼ਹਿਰੀ ਕਾਂਗਰਸੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਝੰਡੇ ਥੱਲੇ ਆਪਣੀਆਂ ਗਤੀਵਿਧੀਆਂ ਕਰ ਰਹੇ ਹਨ। ਅੱਜ ਹਲਕਾ ਵਿਧਾਇਕ ਡਾ. ਹਰਜੋਤ ਕਮਲ ਦੇ ਧੜੇ ਨੇ ਵੱਡਾ ਇਕੱਠ ਕਰ ਕੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਪਾਰਟੀ ਨੂੰ ਖੋਰਾ ਲਗਾਉਣ ਜਿਹੇ ਗੰਭੀਰ ਦੋਸ਼ ਲਾਏ ਹਨ। ਇਸ ਸਮੇਂ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਆਤਮਾ ਸਿੰਘ ਨੇਤਾ, ਰਾਕੇਸ਼ ਕੁਮਾਰ ਕਿੱਟਾ ਅਜੀਤਵਾਲ, ਗੁਰਮਿੰਦਰਜੀਤ ਸਿੰਘ ਬਬਲੂ, ਨਿਰਮਲ ਸਿੰਘ ਮੀਨੀਆਂ, ਕੁਲਦੀਪ ਸਿੰਘ ਬੱਸੀਆਂ, ਕੁਲਵਿੰਦਰ ਸਿੰਘ ਚੱਕੀਆਂ, ਨਰਿੰਦਰ ਬਾਲੀ ਆਦਿ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਵੱਲੋਂ ਸਮੁੱਚੀਆਂ ਇਕਾਈਆਂ ਤਾਂ ਪਹਿਲਾਂ ਹੀ ਭੰਗ ਕੀਤੀਆਂ ਹੋਈਆਂ ਹਨ ਤੇ ਹੁਣ ਤਾਂ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਕੋਲ ਕੋਈ ਸੰਵਿਧਾਨਿਕ ਅਹੁਦਾ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਨਿਹਾਲ ਸਿੰਘ ਵਾਲਾ ਦੀ ਇਸੇ ਕਰ ਕੇ ਸ਼ਹਿਰ ਦੇ ਵਿਕਾਸ ਲਈ ਵੀ ਕੋਈ ਜ਼ਿੰਮੇਵਾਰੀ ਨਹÄ ਹੈ। ਉਨ੍ਹਾਂ ਕਿਹਾ ਕਿ ਫਿਰ ਪਤਾ ਨਹੀਂ  ਕਿਉਂ ਉਹ ਵੱਖ-ਵੱਖ ਵਾਰਡਾਂ ਵਿਚ ਜਾ ਕੇ ਕਾਂਗਰਸੀ ਉਮੀਦਵਾਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ।

ਇਹ ਵੀ ਪੜ੍ਹੋ : ਦੁਖਦ ਖ਼ਬਰ: ਚੰਗੇ ਭਵਿੱਖ ਲਈ ਕੈਨੇਡਾ ਗਏ ਮਾਪਿਆ ਦੇ ਇਕਲੌਤੇ ਪੁੱਤ ਦੀ ਹਾਦਸੇ ’ਚ ਮੌਤ

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹਿਰ ਦੇ ਵਿਕਾਸ ਲਈ ਤੱਤਪਰ ਹੈ ਤੇ ਪਾਰਟੀ ਨੂੰ ਖੋਰਾ ਲਗਾਉਣ ਵਾਲੀਆਂ ਅਜਿਹੀਆਂ ਕੋਝੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਇਸ ਸਬੰਧੀ ਜਲਦੀ ਹੀ ਵਫ਼ਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲੇਗਾ ਤੇ ਮੋਗਾ ਸ਼ਹਿਰ ਦੀ ਇਸ ਸਮੁੱਚੀ ਸਥਿਤੀ ਤੋਂ ਜਾਣੂ ਕਰਵਾਇਆ ਜਾਵੇਗਾ। ਸਮੁੱਚੇ ਕਾਂਗਰਸੀਆਂ ਨੇ ’ਹੱਥ ਖੜੇ’ ਕਰ ਕੇ ਹਲਕਾ ਵਿਧਾਇਕ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਕੰਮ ਕਰਨ ਦਾ ਐਲਾਨ ਕੀਤਾ। ਇਸ ਸਮੇਂ ਪ੍ਰਵੀਨ ਕੁਮਾਰ ਪੀਨਾ, ਗੁਰਪ੍ਰੀਤ ਸਿੰਘ ਸਚਦੇਵਾ, ਸੁਰਿੰਦਰ ਸਿੰਘ ਗੋਗਾ, ਤਰਨਦੀਪ ਦਮਨ, ਜਸਪ੍ਰੀਤ ਸਿੰਘ ਵਿੱਕੀ ਸਰਪੰਚ, ਜਤਿੰਦਰ ਕੁਮਾਰ ਨੀਲਾ, ਜਸਵਿੰਦਰ ਸਿੰਘ ਕਾਕਾ ਲੰਢੇਕੇ, ਰਮਨ ਮੱਕੜ, ਜਗਦੀਪ ਸਿੰਘ ਜੱਗੂ, ਜਤਿੰਦਰ ਅਰੋੜਾ, ਗੁਰਸੇਵਕ ਸਿੰਘ ਸਮਰਾਟ, ਜੱਗਾ ਰੌਲੀ, ਗੌਰਵ ਗਰਗ, ਅਮਰਜੀਤ ਸਿੰਘ ਅੰਬੀ, ਸੁਖਵਿੰਦਰ ਸਿੰਘ ਅਜ਼ਾਦ, ਵਿਕਰਮਜੀਤ ਸਿੰਘ ਪੱਤੋਂ, ਵਿਜੈ ਭੂਸ਼ਨ ਟੀਟੂ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ’ਤੇ ਸੁਖਬੀਰ ਬਾਦਲ ਦਾ ਬਿਆਨ, ਕਿਹਾ ਪ੍ਰਧਾਨ ਮੰਤਰੀ ਨੇ ਸਭ ਤੋਂ ਵੱਡੇ ਗੁਨਾਹਗਾਰ

ਜ਼ਿਲ੍ਹਾ ਕਾਂਗਰਸ ਪ੍ਰਧਾਨ ਦਾ ਪੱਖ
ਇਸ ਮਾਮਲੇ ਸਬੰਧੀ ਸੰਪਰਕ ਕਰਨ ’ਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦਾ ਕਹਿਣਾ ਸੀ ਕਿ ਪਾਰਟੀ ਹਾਈ ਕਮਾਂਡ ਨੇ ਹਾਲੇ ਜ਼ਿਲਾ ਪ੍ਰਧਾਨ ਭੰਗ ਨਹੀਂ ਕੀਤੇ ਤੇ ਪਾਰਟੀ ਹਾਈ ਕਮਾਂਡ ਦੇ ਹੁਕਮਾਂ ’ਤੇ ਹੀ ਉਹ ਬਤੌਰ ਪ੍ਰਧਾਨ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕੱਲ ਪਾਰਟੀ ਹੁਕਮਾਂ ’ਤੇ ਹੀ ਜ਼ਿਲਾ ਕਾਂਗਰਸ ਵੱਲੋਂ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਵਿਧਾਇਕ ਵੱਲੋਂ ਤਾਂ ਜ਼ਿਲਾ ਕਾਂਗਰਸ ਦੇ ਦਫਤਰ ਵਿਚ ਕਾਂਗਰਸੀਆਂ ਨੂੰ ਆਉਣ ਤੋਂ ਰੋਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਭਰ ਵਿਚ ਜਿੱਥੇ ਸਮਾਗਮਾਂ ਵਿਚ ਉਨ੍ਹਾਂ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ ਉਥੇ ਉਹ ਪਾਰਟੀ ਦੀ ਮਜ਼ਬੂਤੀ ਲਈ ਹੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਹਾਈ ਕਮਾਂਡ ਉਨ੍ਹਾਂ ਤੋਂ ਪੁੱਛੇਗੀ ਤਾਂ ਜਵਾਬ ਦਿੱਤਾ ਜਾਵੇਗਾ ਪਰ ਅਸਲੀਅਤ ਵਿਚ ਉਹ ਪਾਰਟੀ ਨੂੰ ਖੋਰਾ ਨਹੀਂ ਸਗੋਂ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ।


Baljeet Kaur

Content Editor

Related News