ਮੋਦੀ ਸਰਕਾਰ ਦੇ ਡਿਜੀਟਲ ਇੰਡੀਆ ਦੇ ਖੋਖਲੇ ਦਾਅਵਿਆਂ ਦੀ ਖੁੱਲ੍ਹੀ ਪੋਲ

07/23/2019 1:19:42 PM

ਨਾਭਾ (ਜੈਨ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਪੰਜ ਸਾਲਾਂ ਤੋਂ ਡਿਜੀਟਲ ਇੰਡੀਆ ਬਣਾਉਣ ਦੀਆਂ ਗੱਲਾਂ ਵਿਸ਼ਵ ਭਰ ਵਿਚ ਕਰ ਰਹੇ ਹਨ ਪਰ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਇਸ ਬਲਾਕ ਦੇ ਪਿੰਡ ਰਾਇਮਲ ਮਾਜਰੀ ਵਿਚ ਇਕ ਅਜਿਹਾ ਪਰਿਵਾਰ ਰਹਿੰਦਾ ਹੈ, ਜਿਸ ਦੇ ਘਰ ਵਿਚ ਨਾ ਹੀ ਬਿਜਲੀ ਤੇ ਨਾ ਹੀ ਪਾਣੀ ਦਾ ਕੁਨੈਕਸ਼ਨ ਹੈ। ਇਸ ਘਰ ਵਿਚ 100 ਸਾਲਾ ਗਰੀਬ ਬਜ਼ੁਰਗ ਮਹਿਲਾ ਸਤਿਆਦੇਵੀ ਆਪਣੇ 70 ਸਾਲਾ ਬੇਟੇ ਜਗਦੀਸ਼ ਕੁਮਾਰ ਸ਼ਰਮਾ ਨਾਲ ਰਹਿੰਦੀ ਹੈ, ਜਿਸ ਨੇ ਰੋਂਦੇ ਹੋਏ ਦੱਸਿਆ ਕਿ ਅਸੀਂ ਗਰੀਬੀ ਕਾਰਨ ਪ੍ਰੇਸ਼ਾਨ ਹਾਂ। ਸਾਨੂੰ ਦੋ ਸਮੇਂ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਸਰਕਾਰ ਵਲੋਂ ਨਾ ਹੀ ਮਕਾਨ ਉਸਾਰੀ ਲਈ ਗ੍ਰਾਂਟ ਮਿਲੀ ਅਤੇ ਨਾ ਹੀ ਬੁਢਾਪਾ ਪੈਨਸ਼ਨ ਮਨਜ਼ੂਰ ਕੀਤੀ ਗਈ। ਮਕਾਨ ਟੁੱਟ ਚੁੱਕਾ ਹੈ। ਘਰ ਵਿਚ ਦੀਵਾ ਬਾਲ ਕੇ ਰੋਟੀ ਬਣਾਉਣ ਲਈ ਰੌਸ਼ਨੀ ਕਰਦੇ ਹਾਂ। ਹਰੇਕ ਮਹੀਨੇ 100 ਰੁਪਏ ਲੀਟਰ ਤੇਲ ਦੀ ਪੀਪੀ ਬਲੈਕ ਵਿਚ ਖਰੀਦਦੇ ਹਾਂ। ਸਾਡੀ ਗਰੀਬੀ ਕਾਰਨ ਕੋਈ ਵੀ ਰਿਸ਼ਤੇਦਾਰ ਮਿਲਣ ਲਈ ਨਹੀਂ ਆਉਂਦਾ, ਮਦਦ ਕਰਨੀ ਤਾਂ ਦੂਰ ਦੀ ਗੱਲ ਹੈ। ਇਹ ਪਰਿਵਾਰ ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹੈ। ਪਰਿਵਾਰ ਤੇ ਘਰ ਦੀ ਹਾਲਤ ਦੇਖ ਕੇ ਰੋਣਾ ਆਉਂਦਾ ਹੈ ਕਿ ਸੂਬਾ ਸਰਕਾਰ ਦੀਆਂ ਸਹੂਲਤਾਂ ਕਿਥੇ ਗਾਇਬ ਹੋ ਗਈਆਂ। ਮਾਂ -ਬੇਟੇ ਨੇ ਦੱਸਿਆ ਕਿ ਵੋਟਾਂ ਸਮੇਂ ਮਦਦ ਦੀ ਗੱਲ ਕੀਤੀ ਜਾਂਦੀ ਹੈ ਪਰ ਕਿਸੇ ਨੇ ਵੀ ਸਾਡੀ ਸਾਰ ਨਹੀਂ ਲਈ। ਪੀਣ ਲਈ ਪਾਣੀ ਲੋਕਾਂ ਦੇ ਘਰਾਂ ਵਿਚੋਂ ਲੈ ਕੇ ਆਉਂਦੇ ਹਾਂ। ਗਰਮੀ ਵਿਚ ਪੱਖਾ ਝੱਲ ਕੇ ਗੁਜ਼ਾਰਾ ਕਰਦੇ ਹਾਂ। ਮੱਛਰਾਂ ਕਾਰਨ ਪ੍ਰੇਸ਼ਾਨ ਹਾਂ ਅਤੇ ਸਾਡਾ ਕੋਈ ਸਹਾਰਾ ਹੀ ਨਹੀਂ ਹੈ।

PunjabKesari

ਕੀ ਕਹਿਣਾ ਹੈ ਪਿੰਡ ਦੇ ਸਰਪੰਚ ਤੇ ਲੋਕਾਂ ਦਾ
ਪਿੰਡ ਰਾਇਮਲ ਮਾਜਰੀ ਦੀ ਸਰਪੰਚ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਅਸੀਂ ਪੈਨਸ਼ਨ ਲਈ ਫਾਰਮ ਭਰਿਆ ਹੈ, ਜੋ ਮਨਜ਼ੂਰ ਨਹੀਂ ਹੋਇਆ। ਪਰਿਵਾਰ ਕੋਲ ਬਿਜਲੀ ਬਿੱਲ ਭਰਨ ਲਈ ਪੈਸੇ ਨਹੀਂ ਹਨ, ਜਿਸ ਕਰ ਕੇ ਕੁਨੈਕਸ਼ਨ ਨਹੀਂ ਮਿਲਿਆ। ਸਰਪੰਚ ਨੇ ਦੁੱਖ ਪ੍ਰਗਟ ਕੀਤਾ ਕਿ ਪਿੰਡ ਵਿਚ 50 ਤੋਂ ਵੱਧ ਨਾਜਾਇਜ਼ ਪਾਣੀ ਕੁਨੈਕਸ਼ਨ ਚੱਲਦੇ ਹਨ ਪਰ ਸੈਨੀਟੇਸ਼ਨ ਵਿਭਾਗ ਨੇ ਇਸ ਪਰਿਵਾਰ ਨੂੰ ਕੁਨੈਕਸ਼ਨ ਨਹੀਂ ਦਿੱਤਾ। ਅਸੀਂ ਪੰਚਾਇਤ ਮੈਂਬਰਾਂ ਤੇ ਕਲੱਬ ਵਲੋਂ ਫੈਸਲਾ ਕੀਤਾ ਹੈ ਕਿ ਇਸ ਪਰਿਵਾਰ ਦੀ ਮਦਦ ਲਈ ਪ੍ਰਸ਼ਾਸਨ 'ਤੇ ਦਬਾਅ ਬਣਾਇਆ ਜਾਵੇ ਤਾਂ ਕਿ ਮਕਾਨ ਦੀ ਮੁਰੰਮਤ ਹੋ ਸਕੇ। ਵਰਣਨਯੋਗ ਹੈ ਕਿ ਮਕਾਨ ਦੀ ਛੱਤ ਤੇ ਕੰਧਾਂ ਟੁੱਟੀਆਂ ਹੋਈਆਂ ਹਨ। ਕਿਸੇ ਵੀ ਸਮੇਂ ਮਾਂ-ਪੁੱਤ ਲਈ ਦੁਖਾਂਤ ਪੈਦਾ ਹੋ ਸਕਦਾ ਹੈ।


Shyna

Content Editor

Related News