ਚੱਕਰਵਾਤੀ ਤੂਫ਼ਾਨ ਤੋਂ ਪੀੜਤ ਲੋਕਾਂ ਦੀ MLA ਨਰਿੰਦਰਪਾਲ ਸਵਨਾ ਨੇ ਫੜੀ ਬਾਂਹ, ਕੀਤੀ ਇਹ ਮਦਦ
03/27/2023 2:26:37 AM

ਫਾਜ਼ਿਲਕਾ (ਸੁਖਵਿੰਦਰ ਥਿੰਦ) : ਫਾਜ਼ਿਲਕਾ ਦੇ ਪਿੰਡ ਬਕੈਣਵਾਲਾ ’ਚ ਆਏ ਚੱਕਰਵਾਤੀ ਤੂਫ਼ਾਨ ਤੋਂ ਬਾਅਦ ਨਿਵੇਕਲੀ ਪਹਿਲ ਕਰਦਿਆਂ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਦਾ ਚੈੱਕ ਪਿੰਡ ਦੇ ਸਰਪੰਚ ਹਰਿੰਦਰ ਸਿੰਘ ਨੂੰ ਭੇਟ ਕੀਤਾ ਅਤੇ ਕਿਹਾ ਕਿ ਪੰਚਾਇਤ ਇਸ ਰਕਮ ਦੀ ਵਰਤੋਂ ਪਿੰਡ ਦੇ ਲੋਕਾਂ ਨੂੰ ਰਾਹਤ ਦੇਣ ਲਈ ਜਿਵੇਂ ਚਾਹੇ ਕਰ ਸਕਦੀ ਹੈ। ਉਨ੍ਹਾਂ ਨੇ 83000 ਰੁਪਏ ਦਾ ਚੈੱਕ ਪੰਚਾਇਤ ਨੂੰ ਸੌਂਪਿਆ ਅਤੇ ਕਿਹਾ ਕਿ ਸਰਕਾਰ ਦੇ ਪੱਧਰ ’ਤੇ ਤਾਂ ਜੋ ਕੁਝ ਕੀਤਾ ਜਾ ਰਿਹਾ ਹੈ, ਉਹ ਕੀਤਾ ਹੀ ਜਾ ਰਿਹਾ ਹੈ ਪਰ ਉਹ ਆਪਣੀ ਇਕ ਮਹੀਨੇ ਦੀ ਤਨਖਾਹ ਵੀ ਪਿੰਡ ਵਾਸੀਆਂ ਨੂੰ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵੱਡੀ ਕੁਦਰਤੀ ਆਫ਼ਤ ਹੈ ਅਤੇ ਇਸ ਵਿਚ ਸਭ ਨੂੰ ਮਿਲਜੁਲ ਕੇ ਇਸ ਦਾ ਟਾਕਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਲੋਕ ਸਹਿਯੋਗ ਕਰਨਗੇ ਤਾਂ ਭਾਈਚਾਰਕ ਸਹਿਯੋਗ ਨਾਲ ਅਸੀਂ ਪੀੜਤਾਂ ਦਾ ਦਰਦ ਕੁਝ ਘੱਟ ਕਰਨ ’ਚ ਸਹਾਈ ਸਿੱਧ ਹੋ ਸਕਦੇ ਹਾਂ।
ਇਹ ਵੀ ਪੜ੍ਹੋ : PRTC ਦੀ ਬੱਸ ਤੇ ਟਰੱਕ 'ਚ ਵਾਪਰਿਆ ਵੱਡਾ ਹਾਦਸਾ, 2 ਕਾਰਾਂ ਵੀ ਆਈਆਂ ਲਪੇਟ 'ਚ
ਇਸ ਮੌਕੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈ.ਏ.ਐੱਸ. ਨੇ ਵੀ ਆਪਣੀ ਤਨਖਾਹ ’ਚੋਂ 25 ਹਜ਼ਾਰ ਰੁਪਏ ਦੀ ਮਦਦ ਪਿੰਡ ਦੇ ਤੂਫ਼ਾਨ ਪੀੜਤਾਂ ਲਈ ਕਰਨ ਦਾ ਐਲਾਨ ਕੀਤਾ । ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਪੱਧਰ ’ਤੇ ਵੀ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਉਹ ਖੁਦ ਵੀ ਆਪਣੇ ਵੱਲੋਂ ਪਿੰਡ ਵਾਸੀਆਂ ਦੀ ਮਦਦ ਕਰ ਰਹੇ ਹਨ। ਇਸੇ ਤਰ੍ਹਾਂ ਪਹਿਲੇ ਦਿਨ ਤੋਂ ਪਿੰਡ ’ਚ ਰਹਿ ਕੇ ਰਾਹਤ ਕਾਰਜਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰ ਰਹੇ ਤਹਿਸੀਲਦਾਰ ਸੁਖਦੇਵ ਸਿੰਘ ਨੇ ਵੀ ਪਿੰਡ ਵਿਚ ਰਾਹਤ ਕਾਰਜਾਂ ਲਈ 50 ਹਜ਼ਾਰ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਇਸ ਦੌਰਾਨ ਮੌਕੇ ’ਤੇ ਕੁਝ ਹੋਰ ਦਾਨਵੀਰ ਸੱਜਣਾਂ ਨੇ ਵੀ ਪਿੰਡ ਦੇ ਪੀੜਤਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ। ਪਿੰਡ ਵਾਸੀਆਂ ਨੇ ਇਸ ਮਦਦ ਲਈ ਦਾਨਵੀਰਾਂ ਦਾ ਧੰਨਵਾਦ ਕੀਤਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।