''ਮਿਸ਼ਨ ਸੇਵਾ'' ਐੱਨ.ਜੀ.ਓ. ਨੇ ਸੈਟੇਲਾਈਟ ਸੈਂਟਰ ਸੰਗਰੂਰ ਨੂੰ ਭੇਂਟ ਕੀਤੀ ਆਧੁਨਿਕ ਤਕਨੀਕ ਨਾਲ ਲੈਸ ਇਕ ਐਂਬੂਲੈਂਸ
Thursday, Feb 29, 2024 - 03:41 AM (IST)
![''ਮਿਸ਼ਨ ਸੇਵਾ'' ਐੱਨ.ਜੀ.ਓ. ਨੇ ਸੈਟੇਲਾਈਟ ਸੈਂਟਰ ਸੰਗਰੂਰ ਨੂੰ ਭੇਂਟ ਕੀਤੀ ਆਧੁਨਿਕ ਤਕਨੀਕ ਨਾਲ ਲੈਸ ਇਕ ਐਂਬੂਲੈਂਸ](https://static.jagbani.com/multimedia/03_36_5665200121.jpg)
ਚੰਡੀਗੜ੍ਹ- 'ਮਿਸ਼ਨ ਸੇਵਾ' ਐੱਨ.ਜੀ.ਓ., ਜੋ ਕਿ ਮਨੁੱਖਤਾ ਦੀ ਸੇਵਾ ਲਈ ਸਮਰਪਣ ਕਾਰਨ ਜਾਣੀ ਜਾਂਦੀ ਹੈ, ਨੇ ਆਧੁਨਿਕ ਤਕਨੀਕ ਨਾਲ ਲੈਸ ਇਕ ਐਂਬੂਲੈਂਸ ਸੈਟੇਲਾਈਟ ਸੈਂਟਰ ਸੰਗਰੂਰ ਨੂੰ ਸਮਰਪਿਤ ਕੀਤੀ ਹੈ। ਇਹ ਐਂਬੂਲੈਂਸ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕਸ਼ਨ ਐਂਡ ਰਿਸਰਚ (ਪੀ.ਜੀ.ਆਈ.ਐੱਮ.ਈ.ਆਰ.) ਚੰਡੀਗੜ੍ਹ ਵਿਖੇ ਕਰਵਾਏ ਗਏ ਇਕ ਸਮਾਰੋਹ ਦੌਰਾਨ ਭੇਟ ਕੀਤੀ ਗਈ।
ਮਿਸ਼ਨ ਸੇਵਾ ਐੱਨ.ਜੀ.ਓ. ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਆਪਣੀ ਟੀਮ ਦੀ ਮੌਜੂਦਗੀ 'ਚ ਇਸ ਐਂਬੂਲੈਂਸ ਦੀਆਂ ਚਾਬੀਆਂ ਤੇ ਦਸਤਾਵੇਜ਼ ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੂੰ ਸੌਂਪੇ ਸਨ। ਇਸ ਸਮਾਰੋਹ 'ਚ ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਸਮੀਰ ਅਗਰਵਾਲ, ਪ੍ਰੋ. ਰਾਕੇਸ਼ ਕਪੂਰ, ਵਰੁਣ ਆਹਲੂਵਾਲੀਆ ਤੇ ਡਾ. ਰਣਜੀਤ ਭੋਗਲ ਆਦਿ ਮੌਜੂਦ ਸਨ।
ਇਸ ਮੌਕੇ ਪ੍ਰੋ. ਵਿਵੇਕ ਲਾਲ ਨੇ ਮਿਸ਼ਨ ਸੇਵਾ ਦੇ ਇਸ ਨੇਕ ਉਪਰਾਲੇ ਲਈ ਤਾਰੀਫ਼ ਕੀਤੀ ਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ 'ਚ ਐਂਬੂਲੈਂਸ ਦੀ ਮਹੱਤਤਾ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਹੋਰ ਲੋਕਾਂ ਤੇ ਐੱਨ.ਜੀ.ਓ. ਨੂੰ ਵੀ ਅਜਿਹੇ ਨੇਕ ਕੰਮਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਪੈਸਿਆਂ ਤੋਂ ਇਲਾਵਾ ਅਜਿਹੇ ਨੇਕ ਕੰਮ ਕਰ ਕੇ ਇਨਸਾਨੀਅਤ ਦਾ ਭਲਾ ਕਰਨ 'ਚ ਹਿੱਸਾ ਪਾਉਣ।
ਇਸ ਬਾਰੇ ਬੋਲਦਿਆਂ ਰਾਜਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਕਿਸੇ ਮਰੀਜ਼ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਸ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਇਸੇ ਕਾਰਨ ਮਿਸ਼ਨ ਸੇਵਾ ਨੇ ਪੀ.ਜੀ.ਆਈ. ਨੂੰ ਅਜਿਹੀ ਆਧੁਨਿਕ ਤਕਨੀਕ ਨਾਲ ਲੈਸ ਐਂਬੂਲੈਂਸ ਭੇਟ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮਿਸ਼ਨ ਸੇਵਾ ਇਕ ਐੱਨ.ਜੀ.ਓ. ਹੈ ਜੋ ਕਿ ਗਰੀਬਾਂ ਤੇ ਲੋੜਵੰਦਾਂ ਦੀ ਸਿਹਤ, ਸਿੱਖਿਆ, ਵਾਤਾਵਰਨ ਤੇ ਹੋਰ ਕਈ ਤਰ੍ਹਾਂ ਨਾਲ ਇਨਸਾਨੀਅਤ ਦੀ ਮਦਦ ਕਰਨ ਲਈ ਵਚਨਬੱਧ ਹੈ।
ਮਿਸ਼ਨ ਸੇਵਾ ਸਮਾਜ 'ਤੇ ਸਕਾਰਾਤਮਕ ਪ੍ਰਭਾਵ ਪਾਉਣ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਆਪਣੇ ਟੀਚੇ ਲਈ ਅਣਥੱਕ ਉਪਰਾਲੇ ਕਰ ਰਹੀ ਹੈ। ਐਂਬੂਲੈਂਸ ਦਾਨ ਕਰਕੇ ਸੰਸਥਾ ਦਾ ਉਦੇਸ਼ ਸੈਟੇਲਾਈਟ ਸੈਂਟਰ ਸੰਗਰੂਰ ਵਿਖੇ ਸਿਹਤ ਸਹੂਲਤਾਂ ਨੂੰ ਵਧਾਉਣਾ ਹੈ ਤਾਂ ਜੋ ਬਹੁਤ ਸਾਰੇ ਵਿਅਕਤੀਆਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਅਤੇ ਸੁਧਾਰਿਆ ਜਾ ਸਕੇ। ਮਿਸ਼ਨ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਮੈਂਬਰਾਂ ਵਿੱਚ ਜਸਨ ਸਿੰਗਲਾ, ਸੀਨੀਅਰ ਮੀਤ ਪ੍ਰਧਾਨ, ਸੁਖਵੰਤ ਗਰੇਵਾਲ, ਮੀਤ ਪ੍ਰਧਾਨ, ਗਗਨਦੀਪ ਸਿੰਘ, ਜਨਰਲ ਸਕੱਤਰ ਅਤੇ ਗੁਰਵਿੰਦਰ ਸਿੰਘ ਯੂ.ਐਸ.ਏ. ਸ਼ਾਮਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e