ਮਿਸ਼ਨ ਫ਼ਤਿਹ ਤਹਿਤ ਸੰਗਰੂਰ ਦੇ 2 ਹੋਰ ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ

06/03/2020 6:51:51 PM

ਸੰਗਰੂਰ,(ਸਿੰਗਲਾ): ਮਿਸ਼ਨ ਫ਼ਤਿਹ ਤਹਿਤ ਅੱਜ ਜ਼ਿਲ੍ਹਾ ਸੰਗਰੂਰ 'ਚੋਂ ਦੋ ਹੋਰ ਪਾਜ਼ੇਟਿਵ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੂਨਕ ਦੇ ਵਾਰਡ ਨੰਬਰ 10 ਦਾ ਰਹਿਣ ਵਾਲਾ 45 ਸਾਲਾ ਮਰੀਜ਼ ਅਤੇ ਮੂਨਕ ਦੇ ਹੀ ਵਾਸੀ 65 ਸਾਲਾ ਮਰੀਜ਼ ਦੇ ਸੈਂਪਲ 24 ਮਈ ਨੂੰ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆਉਣ ਤੋਂ ਬਾਅਦ ਇਨ੍ਹਾਂ ਨੂੰ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਤਬਦੀਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋ ਮਰੀਜ਼ਾਂ ਦੇ ਤੰਦਰੁਸਤ ਹੋ ਕੇ ਘਰ ਪਰਤਣ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਵਿਖੇ ਐਕਟਿਵ ਕੇਸਾਂ ਦੀ ਗਿਣਤੀ 10 ਰਹਿ ਗਈ ਹੈ। ਜਿਨ੍ਹਾਂ 'ਚ 6 ਮਹਿਲਾ ਮਰੀਜ਼ ਅਤੇ 4 ਮਰਦ ਮਰੀਜ਼ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜੇਰੇ ਇਲਾਜ ਮਰੀਜ਼ਾਂ ਦੀ ਹਾਲਤ ਸਥਿਰ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਘਰੋਂ ਬਾਹਰ ਨਿਕਲਣ ਸਮੇਂ ਲਾਜ਼ਮੀ ਤੌਰ 'ਤੇ ਮਾਸਕ ਪਹਿਨਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਨਾਗਰਿਕ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ 'ਚ ਤਿਆਰ ਕੀਤੀ ਗਈ ਮੋਬਾਇਲ ਐਪਲੀਕੇਸ਼ਨ 'ਕੋਵਾ ਐਪ' ਨੂੰ ਡਾਊਨਲੋਡ ਕਰਨਾ ਯਕੀਨੀ ਬਣਾਉਣ, ਜਿਸ 'ਚ ਕੋਵਿਡ ਸਬੰਧੀ ਸਾਰੀਆਂ ਤਾਜ਼ਾ ਜਾਣਕਾਰੀਆਂ ਤੇ ਸਾਵਧਾਨੀਆਂ ਬਾਰੇ ਸੁਚੇਤ ਕੀਤਾ ਜਾਂਦਾ ਹੈ।


Deepak Kumar

Content Editor

Related News