ਨਕਲੀ ਪਰਚੀਆਂ ਬਣਾ ਕੇ ਰੇਤਾ ਨਾਲ ਭਰੇ ਜਾਂਦੇ 3 ਟਰੱਕ ਟਰਾਲੇ ਮਾਈਨਿੰਗ ਵਿਭਾਗ ਦੇ ਹੱਥੇ ਚੜ੍ਹੇ

11/24/2020 11:25:13 AM

ਫਿਰੋਜ਼ਪੁਰ (ਕੁਮਾਰ): ਮਾਈਨਿੰਗ ਵਿਭਾਗ ਫਿਰੋਜ਼ਪੁਰ ਦੀ ਜਾਅਲੀ ਨਕਲੀ ਪਰਚੀਆਂ ਬਣਾ ਕੇ ਰੇਤਾ ਲਿਜਾਂਦੇ 3 ਟਰੱਕ ਫਿਰੋਜ਼ਪੁਰ ਦੇ ਮਾਈਨਿੰਗ ਵਿਭਾਗ 'ਚ ਫੜ੍ਹੇ ਗਏ ਹਨ। ਜਿਸ ਸਬੰਧੀ ਥਾਣਾ ਆਰਿਫ਼ਕੇ ਦੀ ਪੁਲਸ ਨੇ ਰਾਜਸਥਾਨ ਦੇ 2 ਟਰੱਕ ਮਾਲਕਾਂ ਸਣੇ 5 ਲੋਕਾਂ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 420, 413, 465, 471, 379 ਅਤੇ 120-ਬੀ ਅਤੇ ਮਾਈਨਿੰਗ ਐਂਡ ਮਿਨਰਲ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1957 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਆਰਿਫਕੇ ਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਰਾਜਸਥਾਨ ਨਾਲ ਸਬੰਧ ਰੱਖਦੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਨਾਮਜ਼ਦ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਐੱਸ.ਡੀ.ਓ. ਡ੍ਰੇਨੇਜ ਕਮ ਮਾਈਨਿੰਗ ਅਫ਼ਸਰ ਫਿਰੋਜ਼ਪੁਰ ਨਵੀਨ ਗੁਪਤਾ ਅਤੇ ਜੇ.ਈ. ਮਾਈਨਿੰਗ ਵਿਭਾਗ ਇੰਦਰਬੀਰ ਸਿੰਘ ਨੇ ਪੁਲਸ ਨੂੰ ਲਿਖ਼ਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਆਰਿਫ਼ਕੇ 'ਚ ਢਾਬੇ ਦੇ ਕੋਲ ਅਚਾਨਕ ਚੈਕਿੰਗ ਕਰਦੇ ਹੋਏ ਉਨ੍ਹਾਂ ਨੇ ਰੇਤ ਨਾਲ ਭਰੇ 3 ਟਰੱਕ, ਟਰਾਲੇ ਵਾਲਿਆਂ ਨੂੰ ਰੋਕਿਆ ਅਤੇ ਪੁੱਛਗਿਛ ਕਰਨ 'ਤੇ ਡਰਾਇਵਰਾਂ ਵਲੋਂ ਪੇਸ਼ ਕੀਤੀਆਂ ਗਈਆਂ ਪਰਚੀਆਂ ਚੈੱਕ ਕਰਨ 'ਤੇ ਜਾਅਲੀ ਤੇ ਨਕਲੀ ਪਾਈ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਪਰਚੀਆਂ ਜ਼ਿਲ੍ਹਾ ਮਾਈਨਿੰਗ ਦਫ਼ਤਰ ਫ਼ਿਰੋਜ਼ਪੁਰ ਤੋਂ ਆਨਲਾਈਨ ਅਪਰੂਵ ਨਹੀਂ ਕੀਤੀ ਗਈ ਅਤੇ ਮਾਈਨਿੰਗ ਦਫ਼ਤਰੀ ਰਿਕਾਰਡ ਦੇ ਮੁਤਾਬਕ ਇਹ ਨਕਲੀ ਸੀ। ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਗੁਰਜੰਟ ਸਿੰਘ ਅਤੇ ਰਾਏ ਸਿੰਘ ਵਾਸੀ ਗੰਗਾਨਗਰ (ਰਾਜਸਥਾਨ) ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਇਕ ਅਣਜਾਣ ਟਰੱਕ ਡਰਾਇਵਰ ਅਤੇ ਟਰੱਕ ਦੇ ਮਾਲਕ ਰਮੇਸ਼ਾ ਕੁਮਾਰ ਵਾਸੀ ਅਨੂਪਗੜ੍ਹ ਗੰਗਾਨਗਰ ਅਤੇ ਟਰੱਕ ਮਾਲਕ ਭਗਵਾਨ ਸਿੰਘ ਵਾਸੀ ਗੰਗਾਨਗਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।


Shyna

Content Editor

Related News