ਸ਼ੈਲਰ ਮਿੱਲਰਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਕਰੋੜਾਂ ਰੁਪਏ ਦਾ ਝੋਨਾ ਹੋਇਆ ਬਰਬਾਦ

Saturday, Oct 24, 2020 - 02:19 PM (IST)

ਸ਼ੈਲਰ ਮਿੱਲਰਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਕਰੋੜਾਂ ਰੁਪਏ ਦਾ ਝੋਨਾ ਹੋਇਆ ਬਰਬਾਦ

ਜਲਾਲਾਬਾਦ(ਸੇਤੀਆ, ਸੁਮਿਤ, ਟੀਨੂੰ): ਬਾਹਰਲੇ ਸੂਬਿਆਂ ਤੋਂ ਆ ਰਹੀ ਬਾਸਮਤੀ 1121 ਝੋਨੇ ਦੀ ਫਸਲ ਨੂੰ ਕਿਸਾਨ ਜਥੇਬੰਦੀਆਂ ਵਲੋਂ ਰਸਤੇ 'ਚ ਰੋਕ ਕੇ ਵਾਪਸ ਭੇਜਣ ਦੇ ਮਾਮਲੇ ਦੇ ਰੋਸ ਵਜੋਂ ਸ਼ੈਲਰ ਮਿੱਲਰਾਂ ਦੀ ਮੀਟਿੰਗ ਸ਼ਹਿਰ ਦੇ ਸ਼ਿਵ ਭਵਨ 'ਚ ਸੰਪੰਨ ਹੋਈ। ਮੀਟਿੰਗ ਦੌਰਾਨ ਦਰਜ਼ਨ ਤੋਂ ਵਧ ਬਾਸਮਤੀ ਸ਼ੈਲਰ ਮਿੱਲਰ ਮਾਸਟਰ ਬਲਵਿੰਦਰ ਸਿੰਘ ਗੁਰਾਇਆ, ਇੰਦਰਜੀਤ ਸਿੰਘ ਮਦਾਨ, ਅਸ਼ਵਨੀ ਸਿਡਾਨਾ, ਰਜਿੰਦਰ ਘੀਕ, ਦਰਸ਼ਨ ਲਾਲ ਵਧਵਾ, ਹੇਮਤ ਵਲੇਚਾ, ਵਿੱਕੀ ਕੁਮਾਰ, ਅਸ਼ੋਕ ਗਿਰਧਰ, ਕਪਿਲ ਗੁੰਬਰ, ਨੀਟਾ ਬਜਾਜ, ਟਿੱਕਾ ਗੁਰਪ੍ਰਤਾਪ ਸਿੰਘ, ਅਸ਼ੀਸ਼ ਕੁਮਾਰ, ਅਮਿਤ ਠਠਈ ਮਿੱਢਾ, ਵਰੂਣ ਛਾਬੜਾ, ਸਾਹਿਲ ਮਿੱਢਾ, ਰਾਕੇਸ਼ ਮਿੱਢਾ, ਰਾਹੁਲ ਬਜਾਜ, ਗੌਰਵ ਮਿੱਢਾ, ਹਰੀਸ਼ ਸੇਤੀਆ, ਰਮਨ ਸਿਡਾਨਾ ਗੁੱਲੂ ਗੁਰਾਇਆ, ਅਮਿਤ ਜਿੰਦਲ ਨੇ ਹਿੱਸਾ ਲਿਆ। ਇਸ ਦੌਰਾਨ ਸ਼ੈਲਰ ਮਿੱਲਰਾਂ ਨੇ ਫੈਸਲਾ ਲਿਆ ਕਿ ਭਵਿੱਖ 'ਚ ਲੋਕਲ ਤੇ ਆਸ-ਪਾਸ ਮੰਡੀਆਂ 'ਚ ਸ਼ੈਲਰ ਮਿੱਲਰ ਬਾਸਮਤੀ ਦੀ ਝੋਨੇ ਦੀ ਫਸਲ ਦੀ ਖਰੀਦ ਨਹੀਂ ਕਰਨਗੇ।

ਮੀਟਿੰਗ ਦੌਰਾਨ ਰਾਈਸ ਮਿੱਲਰਾਂ ਨੇ ਰੋਹ ਭਰੇ ਲਿਹਾਜ਼ੇ ਨਾਲ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪਿਛਲੇ ਇਕ ਹਫਤੇ ਤੋਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਉਨ੍ਹਾਂ ਵਲੋਂ ਖਰੀਦ ਕੀਤੇ ਗਏ ਝੋਨੇ ਨੂੰ ਜਬਰਨ ਵਾਪਸ ਭੇਜਿਆ ਜਾ ਰਿਹਾ ਹੈ ਅਤੇ ਜਦ ਕਿ ਮਾਰਕੀਟ ਕਮੇਟੀ ਅਤੇ ਫੂਡ ਇੰਸਪੈਕਟਰਾਂ ਦੀ ਨਿਗਰਾਨੀ ਹੇਠ ਉਹ ਝੋਨੇ ਦੀ ਕੁਆਲਿਟੀ ਵੀ ਚੈੱਕ ਕਰਵਾ ਚੁੱਕੇ ਹਨ। ਸ਼ੈਲਰ ਮਿੱਲਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪਰਮਲ ਝੋਨੇ ਦੀ ਫਸਲ ਤੇ ਐੱਮ.ਐੱਸ.ਪੀ ਲਾਗੂ ਹੈ ਜਦਕਿ ਬਾਸਮਤੀ ਦੀ ਖਰੀਦ ਬਿਲਕੁੱਲ ਮੁਫਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ 'ਚ ਮੌਜੂਦ ਕੁਝ ਲੋਕਾਂ ਵਲੋਂ ਜਬਰਨ ਉਨ੍ਹਾਂ ਦੇ ਟਰੱਕ ਰੋਕੇ ਗਏ ਅਤੇ ਕੁੱਝ ਦਿਨ ਖੜੇ ਰਹਿਣ ਤੋਂ ਬਾਅਦ ਉਨ੍ਹਾਂ ਦੇ ਟਰੱਕ ਪ੍ਰਸ਼ਾਸਨ ਦੀ ਨੱਕ ਹੇਠਾਂ ਵਾਪਸ ਭੇਜ ਦਿੱਤੇ ਗਏ। ਸ਼ੈਲਰ ਮਿੱਲਰਾਂ ਨੇ ਕਿਹਾ ਕਿ ਝੋਨੇ 'ਚ ਨਮੀ ਹੋਣ ਕਾਰਣ ਉਨ੍ਹਾਂ ਵਲੋਂ ਮੰਗਵਾਇਆ ਗਿਆ ਮਾਲ ਰਸਤੇ 'ਚ ਹੀ ਖਰਾਬ ਹੋ ਗਿਆ ਅਤੇ ਜਿਸ ਕਾਰਣ ਉਨਾਂ ਨੂੰ ਕਰੋੜਾਂ ਰੁਪਏ ਦੇ ਨੁਕਸਾਨ ਹੋ ਚੁੱਕਿਆ ਹੈ। ਸ਼ੈਲਰ ਮਿੱਲਰਾਂ ਨੇ ਕਿਹਾ ਕਿ ਪਹਿਲਾਂ ਹੀ ਰਾਈਸ ਇੰਡਸਟ੍ਰੀਜ਼ ਅੰਤਿਮ ਸਾਹਾ ਤੇ ਪਹੁੰਚ ਚੁੱਕੀ ਹੈ ਅਤੇ ਜੇਕਰ ਰਾਈਸ ਇੰਡਸਟ੍ਰੀਜ ਹੀ ਖਤਮ ਹੋ ਗਈ ਤਾਂ ਫਿਰ ਝੋਨੇ ਦੀ ਖਰੀਦ ਕੌਣ ਕਰੇਗਾ।

ਉਨ੍ਹਾਂ ਕਿਹਾ ਕਿ ਖੇਤੀਬਾੜੀ ਬਿੱਲ ਦੇ ਖਿਲਾਫ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਉਹ ਬਿਲਕੁੱਲ ਕਿਸਾਨਾਂ ਦੇ ਨਾਲ ਖੜੇ ਹਨ ਪਰ ਉਹ ਆਪਣਾ ਬਿਨਾਂ ਕਾਰਨ ਨੁਕਸਾਨ ਨਹੀਂ ਬਰਦਾਸ਼ਤ ਕਰ ਸਕਦੇ। ਰਾਈਸ ਮਿੱਲਰਾਂ ਨੇ ਕਿਹਾ ਕਿ ਬਾਸਮਤੀ ਦੀ ਖਰੀਦ ਉਹ ਸਰਕਾਰੀ ਮਾਪਦੰਡਾਂ ਅਨੁਸਾਰ ਫੀਸ ਭਰਕੇ ਕਰ ਰਹੇ ਹਨ ਅਤੇ ਫਿਰ ਵੀ ਬਿਨਾਂ ਵਜ੍ਹਾਂ ਉਨ੍ਹਾਂ ਵਲੋਂ ਖਰੀਦ ਕੀਤੇ ਗਏ ਮਾਲ ਨੂੰ ਰਸਤੇ 'ਚ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੂਜੇ ਸੂਬਿਆਂ ਦੇ ਲੋਕ ਇਹ ਕਹਿਣ ਕਿ ਉਹ ਪੰਜਾਬ ਦਾ ਕਿੰਨੂੰ ਜਾਂ ਹੋਰ ਫਸਲ ਇਧਰ ਨਹੀਂ ਵੇਚਣ ਦੇਣਗੇ ਤਾਂ ਇਥੋਂ ਦੇ ਕਿਸਾਨਾਂ ਦਾ ਕੀ ਹਾਲ ਹੋਵੇਗਾ। ਪਰ ਜਥੇਬੰਦੀ ਦੀ ਆੜ੍ਹ 'ਚ ਉਨ੍ਹਾਂ ਨੁਕਸਾਨ ਕੀਤਾ ਜਾ ਰਿਹਾ ਹੈ ਅਤੇ ਇਸ ਨੁਕਸਾਨ ਦੇ ਰੋਸ ਵਜੋਂ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਇਥੋਂ ਝੋਨੇ ਦਾ ਇਕ ਦਾਣਾ ਵੀ ਖਰੀਦ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸ਼ੈਲਰ ਮਿੱਲਰ ਜੋ ਮਾਪਦੰਡਾਂ ਅਨੁਸਾਰ ਬਾਸਮਤੀ ਝੋਨੇ ਦੀ ਫਸਲ ਮੰਗਵਾ ਰਹੇ ਹਨ ਉਨ੍ਹਾਂ ਨੂੰ ਨਾ ਰੋਕਿਆ ਜਾਵੇ ਪਰ ਫਿਰ ਪੰਜਾਬ 'ਚ ਕੋਈ ਵੀ ਕਾਨੂੰਨ ਨਾਅ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ ਜਿਸ ਕਾਰਣ ਉਨ੍ਹਾਂ ਦਾ ਬਿਨਾਂ ਵਜ੍ਹਾਂ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੋਮਵਾਰ ਤੱਕ ਸ਼ੈਲਰ ਮਿੱਲਰਾਂ ਨੂੰ ਪ੍ਰਸ਼ਾਸਨ ਤੇ ਸਰਕਾਰ ਨੇ ਕੋਈ ਸੁਰੱਖਿਆ ਦਾ ਭਰੋਸਾ ਨਾ ਦਿੱਤਾ ਤਾਂ ਛੇਤੀ ਹੀ ਉਹ ਆਪਣੇ ਸੰਘਰਸ਼ ਨੂੰ ਸੂਬਾ ਪੱਧਰ ਤੇ ਲੈ ਕੇ ਜਾਣਗੇ ਅਤੇ ਸੂਬੇ 'ਚ ਝੋਨੇ ਦੀ ਖਰੀਦ ਨਹੀਂ ਕਰਨਗੇ।


author

Aarti dhillon

Content Editor

Related News