ਵਪਾਰੀ ਤੋਂ ਪਿਸਤੌਲ ਦੀ ਨੋਕ ’ਤੇ 2 ਲੁਟੇਰੇ ਢਾਈ ਲੱਖ ਰੁਪਏ ਖੋਹ ਕੇ ਫਰਾਰ
Tuesday, May 14, 2019 - 08:08 PM (IST)
ਫਿਰੋਜ਼ਪੁਰ(ਕੁਮਾਰ, ਮਲਹੋਤਰਾ)–ਸ਼ਹਿਰ ਦੀ ਨਮਕ ਮੰਡੀ ਵਿਚ ਅੱਜ ਦੁਪਹਿਰ 2 ਹਥਿਆਰਬੰਦ ਲੁਟੇਰੇ ਇਕ ਵਪਾਰੀ ਤੋਂ ਪਿਸਤੌਲ ਦੀ ਨੋਕ ’ਤੇ ਢਾਈ ਲੱਖ ਰੁਪਏ ਖੋਹ ਕੇ ਫਰਾਰ ਹੋ ਗਏ। ਲੁਟੇਰਿਆਂ ਦੇ ਨਾਲ ਹੋਈ ਹਾਥਾਪਾਈ ’ਚ ਕੈਸ਼ ਵਾਲਾ ਲਿਫਾਫਾ ਫੱਟ ਗਿਆ ਅਤੇ ਉਸ ’ਚੋਂ ਢਾਈ ਲੱਖ ਰੁਪਏ ਡਿੱਗ ਗਏ ਅਤੇ ਲੁਟੇਰੇ ਲੈ ਕੇ ਫਰਾਰ ਹੋ ਗਏ।
ਫਿਰੋਜ਼ਪੁਰ ਸ਼ਹਿਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਵ. ਰਾਮੇਸ਼ ਮੱਛਰਾਲ ਦੇ ਪੁੱਤਰ ਗੌਤਮ ਮੱਛਰਾਲ ਨੇ ਦੱਸਿਆ ਕਿ ਉਸ ਨੇ ਕਿਸੇ ਵਪਾਰੀ ਨੂੰ ਪੇਮੈਂਟ ਕਰਨ ਲਈ ਬੈਂਕ ਆਫ ਇੰਡੀਆ ’ਚੋਂ 5 ਲੱਖ ਰੁਪਏ ਕੱਢਵਾਏ ਸਨ ਅਤੇ ਉਹ ਆਪਣੇ ਸਕੂਟਰ ’ਤੇ ਕੈਸ਼ ਲੈ ਕੇ ਦੇਣ ਲਈ ਨਮਕ ਮੰਡੀ ਵੱਲ ਚੱਲ ਪਿਆ। ਗੌਤਮ ਅਨੁਸਾਰ ਜਦ ਉਹ ਨਮਕ ਮੰਡੀ ਫਿਰੋਜ਼ਪੁਰ ਸ਼ਹਿਰ ’ਚ ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ੋਕ ਗੁਪਤਾ ਦੇ ਘਰ ਸਾਹਮਣੇ ਰੁਕਿਆ ਤਾਂ ਉਸ ਨੇ ਕੈਸ਼ ਵਾਲਾ ਲਿਫਾਫਾ ਹੱਥ ’ਚ ਫਡ਼ਿਆ ਹੋਇਆ ਸੀ । ਇਸ ਦੌਰਾਨ 2 ਅਣਪਛਾਤੇ ਵਿਅਕਤੀ ਜਿਨ੍ਹਾਂ ’ਚੋਂ ਇਕ ਕੇਸਧਾਰੀ ਸੀ ਅਤੇ ਦੂਸਰੇ ਨੇ ਸਿਰ ’ਤੇ ਟੋਪੀ ਪਾਈ ਹੋਈ ਸੀ ਅਤੇ ਐਨਕ ਲਾਈ ਹੋਈ ਸੀ, ਉਸ ਦੇ ਕੋਲ ਆਏ ਅਤੇ ਰਸਤਾ ਪੁੱਛਣ ਲੱਗੇ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਅੱਗੇ ਰਸਤਾ ਬੰਦ ਹੈ।
ਗੌਤਮ ਅਨੁਸਾਰ ਲੁਟੇਰੇ ਉਸ ਦੇ ਹੱਥ ’ਚੋਂ ਕੈਸ਼ ਨਾਲ ਭਰਿਆ ਲਿਫਾਫਾ ਖੋਹਣ ਲੱਗੇ ਅਤੇ ਉਹ ਉਨ੍ਹਾਂ ਦੇ ਨਾਲ ਹੱਥੋਪਾਈ ਕਰਦਾ ਰਿਹਾ। ਇੰਨੇ ਵਿਚ ਇਕ ਲੁਟੇਰੇ ਨੇ ਪਿਸਤੌਲ ਕੱਢ ਲਿਆ ਅਤੇ ਗੋਲੀ ਮਾਰਨ ਦੀ ਧਮਕੀ ਦੇਣ ਲੱਗਾ। ਜਦ ਉਸ ਨੇ ਲਿਫਾਫਾ ਨਹੀਂ ਛੱਡਿਆ ਤਾਂ ਦੋਵਾਂ ਦੇ ਵਿਚ ਖਿੱਚਾਤਾਣੀ ਚੱਲਦੀ ਰਹੀ । ਇਸ ਦੌਰਾਨ ਢਾਈ ਲੱਖ ਰੁਪਏ ਲਿਫਾਫਾ ਫੱਟਣ ਕਾਰਣ ਹੇਠਾਂ ਡਿੱਗ ਗਏ ਅਤੇ ਬਾਕੀ ਕੈਸ਼ ਬਚ ਗਿਆ। ਉਨ੍ਹਾਂ ਦੱਸਿਆ ਕਿ ਇਕ ਲੁਟੇਰੇ ਦੀ ਟੋਪੀ ਅਤੇ ਐਨਕ ਉਥੇ ਡਿੱਗ ਗਈ ਅਤੇ ਲੁਟੇਰੇ ਮੋਟਰਸਾਈਕਲ ’ਤੇ ਫਰਾਰ ਹੋ ਗਏ। ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵੱਲੋਂ ਇਸ ਘਟਨਾ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਗੌਤਮ ਮੱਛਰਾਲ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।