ਮਾਮਲਾ ਬੇਅਦਬੀ ਦਾ,  ਨਾਭਾ ਸਕਿਓਰਿਟੀ ਜੇਲ ’ਚ ਹਵਾਲਾਤੀਆਂ ਦੀ ਭੁੱਖ ਹੜਤਾਲ ਚੌਥੇ ਦਿਨ ਵੀ ਜਾਰੀ

02/27/2020 3:50:29 PM

ਨਾਭਾ (ਜੈਨ): ਇਥੇ ਮੈਕਸੀਮਮ ਸਕਿਓਰਿਟੀ ਜ਼ਿਲਾ ਜੇਲ ’ਚ ਬੰਦ ਸਿੱਖ ਕੈਦੀਆਂ ਅਤੇ ਹਵਾਲਾਤੀਆਂ ਵੱਲੋਂ ਡਿਪਟੀ ਜੇਲ ਗੁਰਪ੍ਰੀਤ ਸਿੰਘ ਅਤੇ ਸਹਾਇਕ ਸੁਪਰਡੈਂਟ ਕੁਲਤਾਰ ਸਿੰਘ ਖਿਲਾਫ ਅਰੰਭੀ ਲਡ਼ੀਵਾਰ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਹੈ। ਅੱਜ ਅੱਤਵਾਦੀ ਕੈਦੀ ਬਲਬੀਰ ਸਿੰਘ ਭੂਤਨਾ ਦੀ ਅਗਵਾਈ ਹੇਠ 5 ਸਿੰਘ ਬੰਦੀਆਂ ਨੇ ਭੁੱਖ ਹੜਤਾਲ ਅਰੰਭ ਕੀਤੀ। ਭੂਤਨਾ ਲੰਬੇ ਅਰਸੇ ਤੋਂ ਜੇਲ ’ਚ ਬੰਦ ਹੈ।

ਸਿੱਖ ਹਵਾਲਾਤੀਆਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੇ ਸਬੰਧੀਆਂ ਨੇ ਗੁਰਬਾਣੀ ਦੀਆਂ ਪੋਥੀਆਂ ਅਤੇ ਗੁਟਕੇ ਜੇਲ ’ਚ ਭੇਜੇ ਸਨ। ਡਿਪਟੀ ਜੇਲ ਅਤੇ ਸਹਾਇਕ ਸੁਪਰਡੈਂਟ ਨੇ ਇਹ ਪੋਥੀਆਂ ਬੰਦੀ ਸਿੰਘਾਂ ਨੂੰ ਉਸੇ ਸਮੇਂ ਨਹੀਂ ਦਿੱਤੀਆਂ ਬਲਕਿ ਡਿਓੜੀ ਵਿਚ ਬਿਾਂ ਕਿਸੇ ਸਤਿਕਾਰ ਦੇ ਰੱਖੀਆਂ ਸਨ। ਰੋਸ ਪ੍ਰਗਟ ਕਰਨ ’ਤੇ ਬੰਦੀ ਸਿੰਘਾਂ ਨੂੰ ਪੁਲਸ ਬੁਲਾ ਕੇ ਪ੍ਰੇਸ਼ਾਨ ਕੀਤਾ ਗਿਆ। ਜਥੇ. ਜਗਤਾਰ ਸਿੰਘ ਹਵਾਰਾ ਦੀ ਬਣਾਈ ਗਈ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜੇਲ ਪ੍ਰਸ਼ਾਸਨ ਮੁਆਫੀ ਮੰਗਣ ਦੀ ਬਜਾਏ ਅਡ਼ੀਅਲ ਰਵੱਈਆ ਅਪਣਾ ਰਿਹਾ ਹੈ। ਇਕ ਪਾਸੇ ਬਾਦਲਾਂ ਦੇ ਰਾਜ ਦੌਰਾਨ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ’ਚ ਇਨਸਾਫ ਦੇਣ ਸਬੰਧੀ ਕੈਪਟਨ ਸਰਕਾਰ ਸੁੱਤੀ ਪਈ ਹੈ, ਦੂਜੇ ਪਾਸੇ ਕੈਪਟਨ ਸ਼ਾਸਨ ਦੌਰਾਨ ਨਾਭਾ ਜੇਲ ਪ੍ਰਸ਼ਾਸਨ ਵੱਲੋਂ ਕੀਤੀ ਬੇਅਦਬੀ ਨੂੰ ਸਿੱਖ ਕੌਮ ਸਹਿਣ ਨਹੀਂ ਕਰੇਗੀ।ਬੰਦੀ ਸਿੰਘਾਂ ਨੇ ਕਿਹਾ ਕਿ ਜਦੋਂ ਤੱਕ ਅਧਿਕਾਰੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਨਹੀਂ ਮੰਗਦੇ, ਭੁੱਖ ਹੜਤਾਲ ਜਾਰੀ ਰਹੇਗੀ। ਵਰਨਣਯੋਗ ਹੈ ਕਿ ਜੇਲ ਅਧਿਕਾਰੀ ਆਪਣੇ ’ਤੇ ਲਾਏ ਜਾ ਰਹੇ ਦੋਸ਼ਾਂ ਦਾ ਖੰਡਨ ਕਰ ਚੁੱਕੇ ਹਨ ਪਰ ਮਾਮਲਾ ਗਰਮ ਹੋ ਰਿਹਾ ਹੈ।


Shyna

Content Editor

Related News