ਭੇਤਭਰੇ ਹਾਲਾਤਾਂ ’ਚ ਵਿਆਹੁਤਾ ਦੀ ਮੌਤ, ਪਤੀ ਵਿਰੁੱਧ ਕਤਲ ਦਾ ਮਾਮਲਾ ਦਰਜ
Thursday, Sep 14, 2023 - 04:40 PM (IST)

ਲਹਿਰਾਗਾਗਾ (ਗਰਗ)- ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਇਕ ਵਿਆਹੁਤਾ ਔਰਤ ਦੀ ਭੇਤਭਰੇ ਹਾਲਾਤਾਂ ’ਚ ਮੌਤ ਹੋਣ ਤੋਂ ਬਾਅਦ ਪੁਲਸ ਵੱਲੋਂ ਮ੍ਰਿਤਕਾ ਦੇ ਪਤੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਭਾਠੂਆਂ ਦੀ ਰੀਨਾ ਕੌਰ ਪੁੱਤਰੀ ਸੋਮਾ ਸਿੰਘ ਦਾ ਵਿਆਹ 8 ਸਾਲ ਪਹਿਲਾਂ ਪਿੰਡ ਰਾਮਪੁਰਾ ਜਵਾਹਰਵਾਲਾ ਦੇ ਦੀਪ ਸਿੰਘ ਨਾਲ ਹੋਇਆ ਸੀ, ਅਤੇ ਉਨ੍ਹਾਂ ਦੀਆਂ 2 ਧੀਆਂ ਹਨ। ਪਤੀ ਪਤਨੀ ’ਚ ਅਕਸਰ ਝਗੜਾ ਰਹਿਣ ਲੱਗਿਆ ਅਤੇ ਮ੍ਰਿਤਕਾ ਦੇ ਪੇਕੇ ਪਰਿਵਾਰ ਅਨੁਸਾਰ ਪੰਚਾਇਤੀ ਰਾਜਨਾਮਾ ਵੀ ਕਈ ਵਾਰੀ ਕਰਵਾਇਆ ਗਿਆ ਪਰ ਬੀਤੇ ਦਿਨੀਂ ਰੀਨਾ ਕੌਰ ਦੀ ਆਪਣੇ ਸਹੁਰੇ ਘਰ ਭੇਤਭਰੇ ਹਾਲਾਤਾਂ ’ਚ ਮੌਤ ਹੋ ਗਈ।
ਮ੍ਰਿਤਕਾ ਦੇ ਪਿਤਾ ਅਤੇ ਭਰਾ ਵੱਲੋਂ ਉਨ੍ਹਾਂ ਦੀ ਕੁੜੀ ਨੂੰ ਸਹੁਰੇ ਪਰਿਵਾਰ ਵੱਲੋਂ ਜਾਣ-ਬੁੱਝ ਕੇ ਮਾਰਨ ਦਾ ਦੋਸ਼ ਲਾਇਆ ਗਿਆ ਹੈ। ਜਦੋਂਕਿ ਮ੍ਰਿਤਕਾ ਦੇ ਸਹੁਰੇ ਪਰਿਵਾਰ ਦਾ ਕਹਿਣਾ ਹੈ ਰੀਨਾ ਕੌਰ ਕੱਪੜੇ ਧੋ ਰਹੀ ਸੀ। ਇਸ ਦੌਰਾਨ ਅਚਾਨਕ ਉਸ ਨੂੰ ਬਿਜਲੀ ਦੀ ਤਾਰ ਤੋਂ ਕਰੰਟ ਲੱਗਿਆ ਗਿਆ, ਜਿਸ ਮਗਰੋਂ ਉਸਨੂੰ ਇਲਾਜ ਲਈ ਲਹਿਰਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੂਜੇ ਪਾਸੇ ਪੁਲਸ ਨੇ ਮ੍ਰਿਤਕਾ ਰੀਨਾ ਕੌਰ ਦੇ ਭਰਾ ਸੁਖਚੈਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਸਦੇ ਪਤੀ ਦੀਪ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।