ਦਾਜ ਦੇ ਲੋਭੀਆਂ ਨੇ ਲਈ ਇਕ ਹੋਰ ਧੀ ਦੀ ਜਾਨ

Tuesday, Sep 10, 2019 - 01:34 AM (IST)

ਦਾਜ ਦੇ ਲੋਭੀਆਂ ਨੇ ਲਈ ਇਕ ਹੋਰ ਧੀ ਦੀ ਜਾਨ

ਲੁਧਿਆਣਾ, (ਰਿਸ਼ੀ)— ਵਿਆਹ ਦੇ 9 ਮਹੀਨਿਆਂ ਬਾਅਦ ਇਕ ਵਿਆਹੁਤਾ ਨੇ ਸਹੁਰਿਆਂ ਵੱਲੋਂ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨ 'ਤੇ ਘਰ 'ਚ ਪੱਖੇ ਨਾਲ ਚੁੰਨੀ ਦੇ ਸਹਾਰੇ ਸੋਮਵਾਰ ਨੂੰ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ 'ਚ ਥਾਣਾ ਡਾਬਾ ਦੀ ਪੁਲਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨ 'ਤੇ ਪਤੀ, ਸੱਸ, ਸਹੁਰੇ, ਜੇਠ ਤੇ ਜੇਠਾਣੀ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ।
ਐੱਸ. ਆਈ. ਰਵਿੰਦਰਪਾਲ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਪਤੀ ਹਰਜਿੰਦਰ ਸਿੰਘ, ਸਹੁਰੇ ਜਸਵੀਰ ਸਿੰਘ ਅਤੇ ਹੋਰਨਾਂ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਮਾਂ ਸੁਰਿੰਦਰ ਕੌਰ ਨਿਵਾਸੀ ਸ਼ਿਮਲਾਪੁਰੀ ਨੇ ਦੱਸਿਆ ਕਿ ਉਨ੍ਹਾਂ ਨੇ 9 ਮਹੀਨੇ ਪਹਿਲਾਂ ਆਪਣੀ ਬੇਟੀ ਅਮਨਦੀਪ ਕੌਰ (31) ਦਾ ਸਤਿਗੁਰੂ ਨਗਰ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨਾਲ ਵਿਆਹ ਕੀਤਾ ਸੀ, ਜਿਸ ਦਾ ਖੁਦ ਦਾ ਜਿਮ ਹੈ। ਹਰ ਰੋਜ਼ ਦੀ ਤਰ੍ਹਾਂ ਸੋਮਵਾਰ ਸਵੇਰੇ ਉਹ ਘਰੋਂ ਜਿਮ ਚਲਾ ਗਿਆ। ਲਗਭਗ 9.30 ਵਜੇ ਕਮਰੇ 'ਚੋਂ ਬੇਟੀ ਬਾਹਰ ਨਹੀਂ ਆਈ। ਜਦ ਸੱਸ, ਸਹੁਰੇ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਆਵਾਜ਼ ਨਾ ਆਉਣ 'ਤੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਉਸ ਦੀ ਲਾਸ਼ ਲਟਰ ਰਹੀ ਸੀ। ਪੁਲਸ ਦੇ ਅਨੁਸਾਰ ਮਾਂ ਨੇ ਦੱਸਿਆ ਕਿ ਸਹੁਰੇ ਵਿਆਹ ਤੋਂ ਬਾਅਦ ਹੀ ਬੇਟੀ ਨੂੰ ਦਾਜ ਹੋਰ ਲਿਆਉਣ ਦੀ ਮੰਗ ਨੂੰ ਲੈ ਕੇ ਅਕਸਰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਇਸ ਤੋਂ ਤੰਗ ਆ ਕੇ ਉਸ ਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ।


author

KamalJeet Singh

Content Editor

Related News