ਕਈ ਸਮੱਸਿਆਵਾਂ ਨਾਲ ਜੂਝਦਾ ਸਿਵਲ ਹਸਪਤਾਲ ਮਾਲੇਰਕੋਟਲਾ ਹੁਣ ਫਾਰਮਾਸਿਸਟਾਂ ਤੋਂ ਵੀ ਵਾਂਝਾ

02/03/2020 11:41:38 AM

ਮਾਲੇਰਕੋਟਲਾ (ਸ਼ਹਾਬੂਦੀਨ) : ਸਿਆਸਤਦਾਨਾਂ ਦੀਆਂ ਝੂਠੀਆਂ ਕਸਮਾਂ ਅਤੇ ਵਾਅਦਿਆਂ ਤੋਂ ਨਾ-ਸਮਝ ਮਾਲੇਰਕੋਟਲਾ ਹਲਕੇ ਦੀ ਭੋਲੀ-ਭਾਲੀ ਜਨਤਾ ਦੀਆਂ ਵੋਟਾਂ ਨਾਲ ਜਿੱਤ ਕੇ ਵਿਧਾਇਕ ਬਣਨ ਉਪਰੰਤ ਕੈਬਨਿਟ ਮੰਤਰੀ ਦੀ ਸ਼ਾਹੀ ਕੁਰਸੀ ਦਾ ਅਨੰਦ ਮਾਣਦੇ ਆ ਰਹੇ ਕਿਸੇ ਵੀ ਸਿਆਸੀ ਪਾਰਟੀ ਦੇ ਸਥਾਨਕ ਲੀਡਰ ਨੇ ਸੂਬੇ ਦੀ ਵਿਧਾਨ ਸਭਾ 'ਚ ਬੈਠ ਕੇ ਇਸ ਹਲਕੇ ਦੀ ਤਰੱਕੀ ਲਈ ਸਰਕਾਰੀ ਮੈਡੀਕਲ ਕਾਲਜ, ਹਸਪਤਾਲ, ਯੂਨੀਵਰਸਿਟੀ ਜਾਂ ਕੋਈ ਹੋਰ ਵਿਕਾਸ ਦਾ ਅਜਿਹਾ ਵੱਡਾ ਉਦਯੋਗਿਕ ਪ੍ਰਾਜੈਕਟ ਮਨਜ਼ੂਰ ਕਰਾਉਣ ਦਾ ਕ੍ਰਾਂਤੀਕਾਰੀ ਕੰਮ ਨਹੀਂ ਕੀਤਾ ਜਿਸ ਨਾਲ ਇਸ ਰਿਆਸਤੀ ਹਲਕੇ ਮਾਲੇਰਕੋਟਲਾ ਦੇ ਨਾਂ ਪਿੱਛੇ ਜੁੜਿਆ ਪਛੜੇਪਣ ਦਾ ਸ਼ਬਦ ਹਟ ਸਕੇ।

PunjabKesari

ਇਸ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਲੀਡਰਾਂ ਅਤੇ ਉਨ੍ਹਾਂ ਦੇ ਨੇੜਲੇ ਸਮਰਥਕਾਂ ਦੀ ਸੋਚ ਸਿਰਫ ਅਤੇ ਸਿਰਫ ਸਰਕਾਰੀ ਅਦਾਰਿਆਂ 'ਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਦੂਰ-ਦੁਰਾਢੇ ਬਦਲੀਆਂ ਕਰਵਾ ਕੇ ਆਪਣੀਆਂ ਨਿੱਜੀ ਕਿੜਾਂ ਕੱਢਣ ਅਤੇ ਆਪਣੀ ਸਿਆਸੀ ਪਹੁੰਚ ਦੀ ਧੌਂਸ ਦਿਖਾਉਣ ਤੱਕ ਹੀ ਸੀਮਤ ਰਹੀ ਹੈ। ਕਿਸੇ ਨੇ ਵੀ ਸਰਕਾਰੀ ਅਦਾਰਿਆਂ 'ਚ ਲੰਬੇਂ ਸਮੇਂ ਤੋਂ ਖਾਲੀ ਚੱਲੀਆਂ ਆਉਂਦੀਆਂ ਪੋਸਟਾਂ ਨੂੰ ਆਪਣੀ ਸਿਆਸੀ ਪਹੁੰਚ ਨਾਲ ਸਰਕਾਰ ਤੋਂ ਭਰਵਾ ਕੇ ਇਲਾਕਾ ਵਾਸੀਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਵੱਲ ਧਿਆਨ ਨਹੀਂ ਦਿੱਤਾ। ਵੈਸੇ ਤਾਂ ਬਦਲੀਆਂ ਦੀ ਮਾਰ ਸਾਰੇ ਹੀ ਸਰਕਾਰੀ ਅਦਾਰਿਆਂ 'ਤੇ ਪੈਂਦੀ ਹੈ ਪਰ ਲੋਕਾਂ ਦੀ ਮੁੱਢਲੀ ਸਹੂਲਤ ਵਜੋਂ ਜਾਣੇ ਜਾਂਦੇ ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ 'ਤੇ ਇਹ ਮਾਰ ਕੁਝ ਜ਼ਿਆਦਾ ਹੀ ਪੈਂਦੀ ਜਾਪਦੀ ਹੈ। ਜ਼ਿਲਾ ਸੰਗਰੂਰ ਦੇ 100 ਬੈੱਡਾਂ ਵਾਲੇ ਸਿਵਲ ਹਸਪਤਾਲ ਮਾਲੇਰਕੋਟਲਾ ਅੰਦਰ ਕਦੇ ਵੀ ਅਜਿਹਾ ਕੋਈ ਮੌਕਾ ਨਹੀਂ ਆਇਆ ਜਦੋਂ ਇਥੇ ਲੋੜੀਂਦੇ ਡਾਕਟਰਾਂ ਦੀਆਂ ਪੋਸਟਾਂ ਪੂਰੀਆਂ ਹੋਈਆਂ ਹੋਣ ਜਾਂ ਲੇਡੀਜ਼ ਡਾਕਟਰਾਂ ਦੀ ਸ਼ਰੇਆਮ ਚਲਦੀ ਕੁਰੱਪਸ਼ਨ ਬੰਦ ਹੋਈ ਹੋਵੇ।

ਡਾਕਟਰਾਂ ਅਤੇ ਸਟਾਫ ਦੀ ਘਾਟ ਦੇ ਚੱਲਦਿਆਂ ਜ਼ਿਲੇ ਦੇ ਸਭ ਤੋਂ ਵੱਧ ਓ.ਪੀ.ਡੀ. ਵਾਲੇ ਇਸ ਹਸਪਤਾਲ ਅੰਦਰ ਐਮਰਜੈਂਸੀ 'ਚ ਆਉਣ ਵਾਲੇ ਬਹੁਤੇ ਮਰੀਜ਼ਾਂ ਨੂੰ ਸਿਰਫ ਮੁੱਢਲੀ ਮੈਡੀਕਲ ਸਹਾਇਤਾ ਦੇਣ ਉਪਰੰਤ ਲੁਧਿਆਣਾ ਜਾਂ ਪਟਿਆਲਾ ਰੈਫਰ ਕਰ ਦਿੱਤਾ ਜਾਂਦਾ ਹੈ। ਸਥਾਨਕ ਸਿਵਲ ਹਸਪਤਾਲ 'ਚ ਲੋੜੀਂਦੇ ਡਾਕਟਰਾਂ ਦੀ ਘਾਟ ਸਬੰਧੀ ਵਾਰ-ਵਾਰ ਮੀਡੀਆ 'ਚ ਢਿੰਡੋਰਾ ਪਿੱਟਣ ਉਪਰੰਤ ਦੋ ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਭਾਵੇਂ ਪਿਛਲੇ ਦਿਨੀਂ ਐੱਮ. ਡੀ . ਡਾਕਟਰ ਦੀ ਤਾਂ ਨਿਯੁਕਤੀ ਹੋ ਗਈ ਪਰ ਹੁਣ ਹਸਪਤਾਲ ਫਾਰਮਾਸਿਸਟਾਂ ਤੋਂ ਵਾਂਝਾ ਹੋ ਕੇ ਰਹਿ ਗਿਆ ਹੈ। ਇਥੇ ਫਾਰਮਾਸਿਸਟਾਂ ਦੀਆਂ ਪੰਜ ਪੋਸਟਾਂ ਮਨਜ਼ੂਰ ਹਨ, ਜਿਨ੍ਹਾਂ 'ਚੋਂ ਦੋ ਪੋਸਟਾਂ ਤਾਂ ਪਹਿਲਾਂ ਹੀ ਕਾਫੀ ਸਮੇਂ ਤੋਂ ਖਾਲੀ ਚੱਲੀਆਂ ਆ ਰਹੀਆਂ ਹਨ। ਇਕ ਫਾਰਮਾਸਿਸਟ ਦੀ ਡਿਊਟੀ ਮਾਲੇਰਕੋਟਲਾ ਸਬ ਜੇਲ 'ਚ ਹੈ। ਇਕ ਚੀਫ ਫਾਰਮਾਸਿਸਟ ਲੰਬੀਂ ਛੁੱਟੀ 'ਤੇ ਚੱਲ ਰਿਹਾ ਹੈ, ਜਿਸ ਦੀ ਰਿਟਾਇਰਮੈਂਟ ਦਾ ਸਮਾਂ ਵੀ ਨੇੜੇ ਹੀ ਦੱਸਿਆ ਜਾ ਰਿਹਾ ਹੈ। ਬਾਕੀ ਰਹਿੰਦੇ ਇਕੋ-ਇਕ ਮਿਹਨਤੀ ਯੋਗ ਫਾਰਮਾਸਿਸਟ ਸ਼ਿਵਰਾਜ ਮਿੱਤਲ ਜਿਸ ਦੇ ਨਾਲ ਹਸਪਤਾਲ ਦਾ ਸਟੋਰ, ਡਿਸਪੈਂਸਰੀ, ਐਮਰਜੈਂਸੀ, ਵੀ.ਆਈ.ਪੀ. ਡਿਊਟੀ ਅਤੇ ਪੋਸਟਮਾਰਟਮ ਡਿਊਟੀ ਵਾਲਾ ਫਾਰਮਾਸਿਸਟਾਂ ਦਾ ਸਾਰਾ ਕੰਮ-ਕਾਰ ਚਲਾਇਆ ਜਾ ਰਿਹਾ ਸੀ, ਪਤਾ ਲੱਗਾ ਹੈ ਕਿ ਸਥਾਨਕ ਸਿਆਸੀ ਲੋਕਾਂ ਨੇ ਆਪਣੀ ਸਿਆਸੀ ਧੌਂਸ ਦਿਖਾਉਂਦਿਆਂ ਉਸਦੀ ਵੀ ਫਰੀਦਕੋਟ ਵਿਖੇ ਬਦਲੀ ਕਰਵਾ ਕੇ ਸਿਵਲ ਹਸਪਤਾਲ ਮਾਲੇਰਕੋਟਲਾ ਨੂੰ ਫਾਰਮਾਸਿਸਟਾਂ ਤੋਂ ਮੁਕਤ ਕਰਵਾ ਦਿੱਤਾ ਹੈ।

ਹੁਣ ਮਸਲਾ ਇਹ ਖੜ੍ਹਾ ਹੋ ਗਿਆ ਹੈ ਕਿ ਜੇਕਰ ਫਾਰਮਾਸਿਸਟ ਸ਼ਿਵਰਾਜ ਮਿੱਤਲ ਦੀ ਬਦਲੀ ਨਾ ਰੋਕੀ ਗਈ ਜਾਂ ਫਿਰ ਹੋਰ ਲੋੜੀਂਦੇ ਫਾਰਮਾਸਿਸਟ ਜਲਦੀ ਇਥੇ ਤਾਇਨਾਤ ਨਾ ਕੀਤੇ ਗਏ ਤਾਂ ਹਸਪਤਾਲ ਦਾ ਕੰਮ-ਮਾਰ ਵੱਡੀ ਪੱਧਰ 'ਤੇ ਪ੍ਰਭਾਵਿਤ ਹੋਵੇਗਾ ਅਤੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਵੇਗੀ। ਲੰਬੀਂ ਜੱਦੋ-ਜਹਿਦ ਤੋਂ ਬਾਅਦ ਸਿਵਲ ਹਸਪਤਾਲ 'ਚ ਐੱਮ.ਡੀ. ਡਾਕਟਰ ਦੀ ਲੋੜ ਤਾਂ ਪੂਰੀ ਹੋ ਗਈ ਪਰ ਅੱਖਾਂ ਦੇ ਡਾਕਟਰ ਦੀ ਹਾਲੇ ਵੀ ਪੱਕੇ ਤੌਰ 'ਤੇ ਕੋਈ ਨਿਯੁਕਤੀ ਨਹੀਂ ਕੀਤੀ ਗਈ। ਜਦ ਕਿ ਡਰਾਈਵਿੰਗ ਅਤੇ ਅਸਲਾ ਲਾਇਸੈਂਸ ਬਣਾਉਣ ਲਈ ਸਰਕਾਰ ਵੱਲੋਂ ਨਿਰਧਾਰਤ ਲੋੜੀਂਦੀਆਂ ਸ਼ਰਤਾਂ 'ਚੋਂ ਇਕ ਮੈਡੀਕਲ ਰਿਪੋਰਟ ਦੀ ਲਾਜ਼ਮੀ ਸ਼ਰਤ ਪੂਰੀ ਕਰਨ ਲਈ ਅੱਖਾਂ ਦੇ ਡਾਕਟਰ ਦੀ ਜਾਂਚ ਰਿਪੋਰਟ ਹੋਣਾ ਅਤਿ ਜ਼ਰੂਰੀ ਹੀ ਹੈ ਪਰ ਇਥੇ ਹਸਪਤਾਲ 'ਚ ਅੱਖਾਂ ਦਾ ਡਾਕਟਰ ਸਿਰਫ ਹਫਤੇ 'ਚ ਇਕ-ਦੋ ਦਿਨ ਕਿਸੇ ਹੋਰ ਹਸਪਤਾਲ 'ਚੋਂ ਡੈਪੂਟੇਸ਼ਨ 'ਤੇ ਹੀ ਆਉਂਦਾ ਹੈ। ਅਲਟਰਾ-ਸਾਊਂਡ ਸਕੈਨ ਕਰਨ ਵਾਲਾ ਡਾਕਟਰ ਤਾਂ ਸਿਵਲ ਹਸਪਤਾਲ ਮਾਲੇਰਕੋਟਲਾ ਦੀ ਕਿਸਮਤ 'ਚ ਕਦੇ ਆਇਆ ਹੀ ਨਹੀਂ, ਨਾ ਹੀ ਹਸਪਤਾਲ ਦੇ ਪ੍ਰਬੰਧਕਾਂ ਨੇ ਉਕਤ ਡਾਕਟਰ ਲਿਆਉਣ ਦੀ ਕਦੇ ਕਥਿਤ ਕੋਸ਼ਿਸ਼ ਕੀਤੀ ਹੈ, ਕਿਉਂਕਿ ਪ੍ਰਾਈਵੇਟ ਸਕੈਨ ਸੈਂਟਰਾਂ ਤੋਂ ਸਿਵਲ ਹਸਪਤਾਲ ਦੇ ਡਾਕਟਰ ਕਥਿਤ ਮੋਟਾ ਕਮਿਸ਼ਨ ਲੈਂਦੇ ਦੱਸੇ ਜਾਂਦੇ ਹਨ। ਉਕਤ ਕਮਿਸ਼ਨਖੋਰੀ ਦੀ ਚਰਚਾ ਵੀ ਹਸਪਤਾਲ ਦੇ ਆਲੇ-ਦੁਆਲੇ ਆਮ ਹੀ ਹੁੰਦੀ ਰਹਿੰਦੀ ਹੈ। ਪਿਛਲੇ ਸਮੇਂ ਦੌਰਾਨ ਇਥੋਂ ਦੇ ਇਕ ਡਾਕਟਰ ਦੀ ਤਾਂ ਪਛਾਣ ਹੀ ਸਕੈਨਾਂ ਵਾਲੇ ਡਾਕਟਰ ਵਜੋਂ ਹੋਣ ਲੱਗੀ ਸੀ, ਜੋ ਬਹੁ ਗਿਣਤੀ ਮਰੀਜ਼ਾਂ ਦੀਆਂ ਸਕੈਨਾਂ ਹੀ ਲਿਖਦਾ ਸੀ।

ਪੁਰਾਣਾ ਸਰਕਾਰੀ ਹਸਪਤਾਲ ਬਣਿਆ ਚਿੱਟਾ ਹਾਥੀ
ਸਥਾਨਕ ਨਗਰ ਕੌਂਸਲ ਦਫਤਰ ਨੇੜੇ ਸਥਿਤ ਪੁਰਾਣਾ ਸਿਵਲ ਹਸਪਤਾਲ ਅੱਜ-ਕੱਲ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ, ਜਿਥੇ ਇਲਾਜ ਲਈ ਮਰੀਜ਼ ਤਾਂ ਆਉਂਦੇ ਹਨ ਪਰ ਉਥੇ ਕੋਈ ਪੱਕੇ ਤੌਰ 'ਤੇ ਡਾਕਟਰ ਦਾ ਪ੍ਰਬੰਧ ਨਹੀਂ ਹੈ। ਪਿਛਲੇ ਸਾਲਾਂ ਦੌਰਾਨ ਰਾਜ ਸਰਕਾਰ ਨੇ ਉਕਤ ਪੁਰਾਣੇ ਸਰਕਾਰੀ ਹਸਪਤਾਲ ਦੀ ਖੰਡਰ ਬਣਦੀ ਜਾ ਰਹੀ ਬਿਲਡਿੰਗ ਨੂੰ ਲੱਖਾਂ ਰੁਪਏ ਦੀ ਲਾਗਤ ਨਾਲ ਨਵੀਂ ਦਿੱਖ ਪ੍ਰਦਾਨ ਕੀਤੀ ਸੀ ਅਤੇ ਡਾਕਟਰ ਮੁਹੰਮਦ ਅਖਤਰ ਨੂੰ ਪੁਰਾਣੇ ਹਸਪਤਾਲ 'ਚ ਤਾਇਨਾਤ ਕੀਤਾ ਗਿਆ ਸੀ, ਪਰ ਕਰੀਬ ਦੋ ਸਾਲ ਪਹਿਲਾਂ ਨਵੇਂ ਸਿਵਲ ਹਸਪਤਾਲ 'ਚ ਤਾਇਨਾਤ ਡਾ. ਅਭੀਸ਼ੇਕ ਦੇ ਨੌਕਰੀ ਤੋਂ ਅਸਤੀਫਾ ਦੇ ਦਿੱਤੇ ਜਾਣ ਕਾਰਣ ਉਨ੍ਹਾਂ ਦੀ ਖਾਲੀ ਹੋਈ ਜਗ੍ਹਾ 'ਤੇ ਡਾਕਟਰ ਅਖਤਰ ਨੂੰ ਪੁਰਾਣੇ ਹਸਪਤਾਲ ਤੋਂ ਬਦਲ ਕੇ ਇਥੇ ਤਾਇਨਾਤ ਕਰ ਦਿੱਤਾ ਗਿਆ ਸੀ। ਜਦ ਕਿ ਪੁਰਾਣੇ ਹਸਪਤਾਲ 'ਚ ਕਿਸੇ ਵੀ ਡਾਕਟਰ ਨੂੰ ਨਹੀਂ ਭੇਜਿਆ ਗਿਆ, ਜਿਸ ਕਾਰਣ ਪੁਰਾਣਾ ਸਿਵਲ ਹਸਪਤਾਲ ਡਾਕਟਰ ਦੀ ਉਡੀਕ 'ਚ ਹੁਣ ਸਰਕਾਰ ਨੂੰ ਮੂੰਹ ਚਿੜ੍ਹਾ ਰਿਹਾ ਹੈ।

ਮਾਲੇਰਕੋਟਲਾ ਬਣਿਆ ਕਾਲੇ ਪੀਲੀਏ ਦੀ ਰਾਜਧਾਨੀ
ਪੰਜਾਬ ਸੂਬੇ ਦੇ ਮਾਲਵਾ ਖੇਤਰ ਅੰਦਰ ਕਾਲੇ ਪੀਲੀਏ ਦੀ ਰਾਜਧਾਨੀ ਬਣ ਚੁੱਕੇ ਮਾਲੇਰਕੋਟਲਾ ਅਤੇ ਮਾਝਾ ਖੇਤਰ ਦੇ ਬਟਾਲਾ ਸ਼ਹਿਰ 'ਚ ਸੂਬੇ ਦੇ ਸਿਹਤ ਵਿਭਾਗ ਨੇ ਕਾਲੇ ਪੀਲੀਏ ਦੇ ਸੈਂਟਰ ਸਥਾਪਤ ਕਰਨ ਨੂੰ ਮਨਜ਼ੂਰੀ ਦਿੱਤੀ ਦੱਸੀ ਜਾ ਰਹੀ ਹੈ। ਕਾਲੇ ਪੀਲੀਏ ਦੀ ਬੀਮਾਰੀ ਦਾ ਇਲਾਜ ਲੰਬਾ ਅਤੇ ਕਾਫੀ ਮਹਿੰਗਾ (ਲੱਖਾਂ ਰੁਪਏ 'ਚ) ਹੋਣ ਕਾਰਣ ਰਾਜ ਸਰਕਾਰ ਨੇ ਹਰੇਕ ਜ਼ਿਲੇ ਅੰਦਰ ਸਿਰਫ ਜ਼ਿਲਾ ਪੱਧਰ ਦੇ ਹਸਪਤਾਲਾਂ 'ਚ ਕਾਲੇ ਪੀਲੀਏ ਦੀ ਬੀਮਾਰੀ ਦੇ ਬਿਲਕੁਲ ਮੁਫਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਹੋਈ ਹੈ, ਜਿਸ ਤਹਿਤ ਮਾਲੇਰਕੋਟਲਾ ਇਲਾਕੇ ਦੇ ਕਾਲੇ ਪੀਲੀਏ ਨਾਲ ਪੀੜਤ ਮਰੀਜ਼ ਸੰਗਰੂਰ ਸਿਵਲ ਹਸਪਤਾਲ ਤੋਂ ਇਲਾਜ ਕਰਵਾ ਰਹੇ ਹਨ। ਸੂਬੇ ਅੰਦਰ ਮਾਲੇਰਕੋਟਲਾ ਅਤੇ ਬਟਾਲਾ ਦੋ ਅਜਿਹੇ ਇਲਾਕੇ ਹਨ ਜਿਥੇ ਸੱਭ ਤੋਂ ਵੱਧ ਕਾਲੇ ਪੀਲੀਏ ਦੇ ਮਰੀਜ਼ ਹਨ। ਮਾਲੇਰਕੋਟਲਾ ਅੰਦਰ ਕਾਲੇ ਪੀਲੀਏ ਦੀ ਬੀਮਾਰੀ ਨਾਲ ਲੜਦਿਆਂ ਸੈਂਕੜੇ ਲੋਕਾਂ ਦੀ ਜਿਥੇ ਮੌਤ ਹੋ ਚੁੱਕੀ ਹੈ ਉਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਅੱਜ ਵੀ ਕਾਲੇ ਪੀਲੀਏ ਦੀ ਬੀਮਾਰੀ ਨਾਲ ਜੂਝਦੇ ਹੋਏ ਸਿਵਲ ਹਸਪਤਾਲ ਸੰਗਰੂਰ ਸਮੇਤ ਪ੍ਰਾਈਵੇਟ ਹਸਪਤਾਲਾਂ ਅਤੇ ਦੇਸੀ ਦਵਾਖਾਨਿਆਂ ਤੋਂ ਇਲਾਜ ਕਰਵਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਦੇ ਜ਼ਿਲਾ ਪੱਧਰੀ ਸਿਵਲ ਹਸਪਤਾਲ 'ਚ ਕਾਲੇ ਪੀਲੀਏ ਦੇ ਇਲਾਜ ਲਈ ਆਉਂਦੇ ਮਰੀਜ਼ਾਂ 'ਚੋਂ 65 ਫੀਸਦੀ ਮਰੀਜ਼ ਮਾਲੇਰਕੋਟਲਾ ਇਲਾਕੇ ਨਾਲ ਸਬੰਧਤ ਹੁੰਦੇ ਹਨ। ਮਿਲੀ ਜਾਣਕਾਰੀ ਮੁਤਾਬਕ ਮਾਲੇਰਕੋਟਲਾ ਅੰਦਰ ਦਿਨੋ-ਦਿਨ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਅਮਰ-ਬੇਲ ਵਾਂਗ ਵੱਧ ਰਹੀ ਗਿਣਤੀ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਅਗਲੇ ਕੁਝ ਦਿਨਾਂ 'ਚ ਸਥਾਨਕ ਸਿਵਲ ਹਸਪਤਾਲ ਵਿਖੇ ਵੀ ਕਾਲੇ ਪੀਲੀਏ ਦੀ ਬੀਮਾਰੀ ਦੇ ਮੁਫਤ ਇਲਾਜ ਦਾ ਸੈਂਟਰ ਖੋਲ੍ਹਣ ਦੀ ਯੋਜਨਾ ਉਲੀਕੀ ਹੈ। ਹੁਣ ਇਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕਾਲੇ ਪੀਲੀਏ ਦੀ ਬੀਮਾਰੀ ਦੇ ਇਲਾਜ ਦਾ ਸੈਂਟਰ ਖੋਲ੍ਹਣ ਲਈ ਇਥੇ ਐੱਮ.ਡੀ ਡਾਕਟਰ ਸਮੇਤ ਫਾਰਮਾਸਿਸਟ ਸਟਾਫ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਜਦ ਕਿ ਸਥਾਨਕ ਸਿਵਲ ਹਸਪਤਾਲ ਅੱਜ-ਕੱਲ ਫਾਰਮਾਸਿਸਟਾਂ ਤੋਂ ਵਾਂਝਾ ਚੱਲ ਰਿਹਾ ਦੱਸਿਆ ਜਾਂਦਾ ਹੈ।

ਲੋੜੀਂਦੇ ਡਾਕਟਰ ਅਤੇ ਫਾਰਮਾਸਿਸਟਾਂ ਦੀ ਘਾਟ ਹੋਵੇ ਪੂਰੀ
ਇਲਾਕਾ ਵਾਸੀਆਂ ਨੇ ਸਥਾਨਕ ਮੰਤਰੀ ਸਾਹਿਬਾ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਮਾਲੇਰਕੋਟਲਾ ਅੰਦਰ ਅਤਿ ਜ਼ਰੂਰੀ ਲੋੜੀਂਦੇ ਡਾਕਟਰਾਂ ਦੀਆਂ ਖਾਲੀ ਪੋਸਟਾਂ ਸਮੇਤ ਫਾਰਮਾਸਿਸਟਾਂ ਦੀਆਂ ਤੁਰੰਤ ਨਿਯੁਕਤੀਆਂ ਕੀਤੀਆਂ ਜਾਣ ਤਾਂ ਜੋ ਗਰੀਬਾਂ ਦੇ ਮਸੀਹਾ ਇਸ ਸਰਕਾਰੀ ਹਸਪਤਾਲ ਦਾ ਕੰਮ-ਕਾਰ ਚੌਪਟ ਨਾ ਹੋਵੇ।


cherry

Content Editor

Related News