ਚੈਕਿੰਗ ਦੌਰਾਨ ਕਾਰ ਸਵਾਰਾਂ ਤੋਂ 2.30 ਲੱਖ ਰੁਪਏ ਦੀ ਨਕਦੀ ਬਰਾਮਦ

05/16/2019 1:17:57 PM

ਮੰਡੀ ਗੋਬਿੰਦਗੜ੍ਹ (ਮੱਗੋ)—19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ 'ਚ ਹਰੇਕ ਵੋਟਰ ਬਿਨਾਂ ਕਿਸੇ ਵੀ ਲਾਲਚ ਤੇ ਦਬਾਅ ਦੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਕੇ ਲੋਕਤੰਤਰਿਕ ਤਰੀਕੇ ਨਾਲ ਸਰਕਾਰ ਦੀ ਚੋਣ 'ਚ ਆਪਣਾ ਯੋਗਦਾਨ ਪਾਵੇਗਾ, ਜਿਸ ਲਈ ਜਿਥੇ ਵੋਟਰਾਂ ਦੀ ਸਖ਼ਤ ਸੁਰੱਖਿਆ ਲਈ ਭਾਰੀ ਮਾਤਰਾ 'ਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ, ਉੱਥੇ ਚੋਣਾਂ 'ਚ ਇਸਤੇਮਾਲ ਲਈ ਲਿਆਂਦੀ ਜਾਣ ਵਾਲੀ ਸ਼ੱਕੀ ਨਕਦੀ ਨੂੰ ਵੀ ਕਾਬੂ ਕਰਨ ਲਈ ਸ਼ਹਿਰ ਦੇ ਕਰੀਬ ਸਮੁੱਚੇ ਐਂਟਰੀ ਸਥਾਨਾਂ 'ਤੇ ਨਾਕਾਬੰਦੀ ਕਰ ਕੇ ਆਉਣ ਜਾਣ ਵਾਲੇ ਵਾਹਨਾਂ 'ਤੇ ਵੀ ਸਖ਼ਤ ਨਜ਼ਰ ਰੱਖਣ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ। ਇਹ ਵਿਚਾਰ ਇੰਸਪੈਕਟਰ ਕੁਲਵੰਤ ਸਿੰਘ ਥਾਣਾ ਮੁਖੀ ਮੰਡੀ ਗੋਬਿੰਦਗੜ੍ਹ ਤੇ ਮੁੱਖ ਮੁਨਸ਼ੀ ਬਲਵਿੰਦਰ ਸਿੰਘ ਗਿੱਲ ਨੇ 'ਜਗ ਬਾਣੀ' ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਗਟ ਕੀਤੇ।

ਉਨ੍ਹਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਪੁਲਸ ਨੇ ਭਾਰੀ ਕਾਮਯਾਬੀ ਪ੍ਰਾਪਤ ਕਰਦਿਆਂ ਹਾਲੇ ਤੱਕ ਕਰੀਬ 25 ਲੱਖ ਰੁਪਏ ਦੀ ਨਕਦੀ ਵੱਖ-ਵੱਖ ਵਾਹਨਾਂ ਰਾਹੀਂ ਲਿਜਾਈ ਜਾ ਰਹੀ ਕਾਬੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਵਿਚ ਸਭ ਤੋਂ ਵਧ ਕਰੀਬ ਪੰਜ ਲੱਖ 29 ਹਜ਼ਾਰ ਦੀ ਰਾਸ਼ੀ ਬਰਾਮਦ ਕੀਤੀ ਗਈ ਸੀ, ਜਿਸ ਵਿਚੋਂ ਜ਼ਿਲਾ ਫਤਿਹਗੜ੍ਹ ਸਾਹਿਬ ਸ਼ਹਿਰ ਦੇ ਏ. ਡੀ. ਸੀ. ਵਿਕਾਸ ਦੀ ਅਗਵਾਈ ਹੇਠ ਗਠਿਤ ਹੋਈ ਤਿੰਨ ਮੈਂਬਰੀ ਖਰਚਾ ਦੇਖਰੇਖ ਕਮੇਟੀ ਦੀ ਜਾਂਚ ਤੋਂ ਬਾਅਦ ਹੁਣ ਤੱਕ ਕਰੀਬ 15 ਲੱਖ ਰੁਪਏ ਉਨ੍ਹਾਂ ਦੇ ਵਾਰਸਾਂ ਨੂੰ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਵੀ ਸਥਾਨਕ ਜੀ. ਟੀ. ਰੋਡ ਸਰਹਿੰਦ ਸਾਈਡ 'ਤੇ ਸਥਿਤ ਨਾਕੇ ਤੋਂ ਇਕ ਕਾਰ ਸਵਾਰਾਂ ਤੋਂ ਕਰੀਬ 2.30 ਲੱਖ ਰੁਪਏ ਦੀ ਨਕਦ ਬਰਾਮਦ ਕੀਤੀ ਗਈ ਹੈ, ਜਿਸ ਨੂੰ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਥੇ ਪੁਲਸ ਸਮੁੱਚੇ ਵੋਟਰਾਂ ਦੀ ਸੁਰੱਖਿਆ ਦਾ ਜ਼ਿੰਮਾ ਲੈਂਦੀ ਹੈ ਉਥੇ ਉਹ ਇਸ ਦੌਰਾਨ ਵੋਟਰਾਂ ਨੂੰ ਡਰਾਉਣ ਧਮਕਾਉਣ ਤੇ ਵੋਟਿੰਗ ਕੇਂਦਰਾਂ 'ਤੇ ਮਾਹੌਲ ਖਰਾਬ ਕਰਨ ਵਾਲਿਆਂ 'ਤੇ ਵੀ ਸਖ਼ਤ ਨਜ਼ਰ ਰੱਖੇਗੀ। ਜਿਸ ਕਾਰਨ ਕਿਸੇ ਵੀ ਵੋਟਰ ਨੂੰ ਕਿਸੇ ਵੀ ਡਰ ਤੋਂ ਮੁਕਤ ਵਾਤਾਵਰਣ ਪ੍ਰਦਾਨ ਕਰ ਕੇ ਚੋਣਾਂ ਕਰਵਾਈਆਂ ਜਾਣਗੀਆਂ।


Shyna

Content Editor

Related News