ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਸੰਬੰਧਤ ਤਿੰਨ ਗੈਂਗਸਟਰ ਹਥਿਆਰ ਸਮੇਤ ਗ੍ਰਿਫ਼ਤਾਰ
Sunday, May 01, 2022 - 06:32 PM (IST)
ਚੰਡੀਗੜ੍ਹ : ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਐਤਵਾਰ ਨੂੰ ਬਠਿੰਡਾ ਤੋਂ ਜੇਲ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਦਰਜ ਕੀਤੀ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਸਚਿਨ ਵਾਸੀ ਪਿੰਡ ਚਰੇਵਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਹਿੰਮਤਵੀਰ ਸਿੰਘ ਗਿੱਲ ਵਾਸੀ ਪਿੰਡ ਝੋਰੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਦੂਹੇ ਵਾਲਾ ਦੇ ਬਲਕਰਨ ਉਰਫ ਵਿੱਕੀ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਕੋਲੋਂ ਦੋ .30 ਕੈਲੀਬਰ ਪਿਸਤੌਲ, ਦੋ .32 ਕੈਲੀਬਰ ਦੇ ਪਿਸਤੌਲ ਸਮੇਤ 20 ਕਾਰਤੂਸ ਅਤੇ ਇਕ ਚਿੱਟੇ ਰੰਗ ਦੀ ਆਈ 20 ਕਾਰ ਵੀ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਗੈਂਗਸਟਰਾਂ ਵਿਰੁੱਧ ਕਾਰਵਾਈ ’ਚ ਤੇਜ਼ੀ ਲਿਆਉਣ ਲਈ ਡੀ. ਜੀ. ਪੀ. ਪੰਜਾਬ ਵੀ.ਕੇ. ਭਾਵਰਾ ਦੀ ਨਿਗਰਾਨੀ ਵਿਚ ਏ. ਡੀ. ਜੀ. ਪੀ. ਪ੍ਰਮੋਦ ਬਾਨ ਦੀ ਅਗਵਾਈ ਵਾਲੀ ਇਕ ਏ. ਜੀ. ਟੀ. ਐੱਫ. ਦਾ ਗਠਨ ਕੀਤਾ ਹੈ।
ਇਹ ਵੀ ਪੜ੍ਹੋ : ਪਟਿਆਲਾ ਹਿੰਸਾ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ, ਪਰਵਾਨਾ ਸਮੇਤ 9 ਗ੍ਰਿਫ਼ਤਾਰ, ਗੱਗੀ ਪੰਡਤ ਵੀ ਗ੍ਰਿਫ਼ਤ ’ਚ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ . (ਏ. ਜੀ. ਟੀ. ਐਫ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਖਤਾ ਸੂਚਨਾ ਦੇ ਆਧਾਰ ‘ਤੇ ਬਠਿੰਡਾ ਤੋਂ ਏ. ਜੀ. ਟੀ. ਐਫ. ਦੀ ਟੀਮ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜੋ ਕਿ ਮਾਲਵਾ ਖੇਤਰ ਦੇ ਇੱਕ ਉੱਘੇ ਵਪਾਰੀ ਤੋਂ ਪੈਸੇ ਵਸੂਲਣ ਲਈ ਉਸ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਇਕ ਸਨਸਨੀਖੇਜ਼ ਵਾਰਦਾਤ ਨੂੰ ਟਾਲਣ ਵਿੱਚ ਕਾਮਯਾਬੀ ਮਿਲੀ ਹੈ।
ਇਹ ਵੀ ਪੜ੍ਹੋ : ਸੱਤ ਜਨਮਾਂ ਦਾ ਸਾਥ ਨਿਭਾਉਣ ਵਾਲੇ ਪਤੀ ਨੇ ਕਮਾਇਆ ਧਰੋਹ, ਖੁਦ ਦੋਸਤ ਅੱਗੇ ਪਰੋਸ ਦਿੱਤੀ ਪਤਨੀ
ਡੀ. ਆਈ. ਜੀ. ਭੁੱਲਰ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ। ਸਚਿਨ ਅਤੇ ਹਿੰਮਤਵੀਰ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਅਤੇ ਦਿੱਲੀ ਵਿੱਚ ਨਸ਼ਾ ਤਸਰਕਰੀ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ’ਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਹ ਗਿਰੋਹ ਲਈ ਦੂਜੇ ਰਾਜਾਂ ਤੋਂ ਹਥਿਆਰ ਮੰਗਵਾ ਕੇ ਆਪਣੇ ਸਾਥੀਆਂ ਨੂੰ ਪਹੁੰਚਾਉਂਦੇ ਸਨ ਤਾਂ ਜੋ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਜਾ ਸਕੇ। ਡੀ. ਆਈ. ਜੀ. ਨੇ ਕਿਹਾ ਕਿ ਕੈਨੇਡੀਅਨ ਅਧਾਰਤ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਨਿਰਦੇਸ਼ਾਂ ’ਤੇ ਉਹ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਦੇ ਭਗੌੜੇ ਗੈਂਗਸਟਰਾਂ ਨੂੰ ਛੁਪਣਗਾਹਾਂ ਉਪਲੱਬਧ ਕਰਵਾਉਂਦੇ ਸਨ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਅਤੇ ਗੈਂਗਸਟਰ ਤੋਂ ਜਾਨ ਨੂੰ ਖ਼ਤਰਾ ਦੱਸ ਗਵਾਹ ਨੇ ਮੰਗੀ ਸੁਰੱਖਿਆ
ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿਚ ਸਪੈਸ਼ਲ ਸੈੱਲ ਦਿੱਲੀ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਇਕ ਵਾਂਟੇਡ ਗੈਂਗਸਟਰ ਸ਼ਾਹਰੁਖ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਸਚਿਨ ਅਤੇ ਉਸਦੇ ਸਾਥੀਆਂ ਵਲੋਂ ਪੰਜਾਬ ਵਿਚ ਛੁਪਣਗਾਹ ਮੁਹੱਈਆ ਕਰਵਾਈ ਗਈ ਸੀ। ਜ਼ਿਕਰਯੋਗ ਹੈ ਕਿ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 (7) ਅਤੇ (8) ਤਹਿਤ ਮਿਤੀ 01-05-2022 ਨੂੰ ਐੱਫ. ਆਈ. ਆਰ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਕਲਯੁਗੀ ਪਿਓ ਨੇ ਤਾਰ-ਤਾਰ ਕੀਤਾ ਪਵਿੱਤਰ ਰਿਸ਼ਤਾ, ਨਾਬਾਲਗ ਧੀ ਨਾਲ ਟੱਪਦਾ ਰਿਹਾ ਹੱਦਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?