ਪੁੱਤ ਦੀ ਬੀਮਾਰੀ ਤੋਂ ਪ੍ਰੇਸ਼ਾਨ ਕਿਸ਼ਾਨ ਨੇ ਕਾਰ ਭਾਖੜਾ ਨਹਿਰ ''ਚ ਸੁੱਟ ਕੀਤੀ ਖੁਦਕੁਸ਼ੀ

02/20/2020 1:00:15 AM

ਖਨੌਰੀ, (ਹਰਜੀਤ)- ਥਾਣਾ ਖਨੌਰੀ ਅਧੀਨ ਪੈਂਦੇ ਨਜ਼ਦੀਕੀ ਪਿੰਡ ਠਸਕਾ ਦੇ ਰਹਿਣ ਵਾਲੇ ਕਿਸਾਨ ਲਖਵਿੰਦਰ ਸਿੰਘ (47) ਪੁੱਤਰ ਰਣਬੀਰ ਸਿੰਘ ਨੇ ਕਰਜ਼ੇ ਅਤੇ ਆਪਣੇ ਇਕਲੌਤੇ ਪੁੱਤਰ ਦੀ ਲਾ-ਇਲਾਜ ਬੀਮਾਰੀ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਕਾਰ ਭਾਖਡ਼ਾ ਮੇਨ ਲਾਈਨ ’ਚ ਸੁੱਟ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਅੱਜ ਮ੍ਰਿਤਕ ਲਖਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ, 20 ਸਾਲਾ ਅਪਾਹਜ ਬੀਮਾਰ ਲਡ਼ਕਾ ਅਤੇ 15 ਸਾਲਾ ਦੀ ਲਡ਼ਕੀ ਨੂੰ ਛੱਡ ਗਿਆ ਹੈ, ਜੋ ਕਿ 10ਵੀਂ ਜਮਾਤ ’ਚ ਪਡ਼੍ਹਦੀ ਹੈ ਅਤੇ ਮ੍ਰਿਤਕ ਲਖਵਿੰਦਰ ਸਿੰਘ 6 ਏਕਡ਼ ਜ਼ਮੀਨ ਦਾ ਮਾਲਕ ਸੀ, ਜਿਸ ਨੇ ਪੰਜਾਬ ਐਂਡ ਸਿੰਧ ਬੈਂਕ ਖਨੌਰੀ ਪਾਸੋਂ 15 ਲੱਖ ਰੁਪਏ ਦਾ ਕਰਜ਼ ਲਿਆ ਹੋਇਆ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਲਖਵਿੰਦਰ ਸਿੰਘ ਇਕਲੌਤਾ ਪੁੱਤਰ ਅਮਨਦੀਪ ਸਿੰਘ (20) ਜੋ ਕਿ ਜਮਾਂਦਰੂ ਹੀ ਅਪਾਹਜ ਅਤੇ ਬੀਮਾਰ ਰਹਿੰਦਾ ਹੈ, ਦੀ ਲਾ-ਇਲਾਜ ਬੀਮਾਰੀ ਤੋਂ ਬਹੁਤ ਦੁਖੀ ਸੀ, ਜਿਸ ਦੇ ਇਲਾਜ ਲਈ ਉਨ੍ਹਾਂ ਪੰਜਾਬ, ਹਰਿਆਣਾ, ਪੀ. ਜੀ. ਆਈ. ਚੰਡੀਗਡ਼੍ਹ, ਰਾਜਸਥਾਨ, ਐੱਮ. ਪੀ. ਅਤੇ ਹੋਰ ਵੀ ਅਨੇਕਾਂ ਹਸਪਤਾਲਾਂ ਤੋਂ ਇਲਾਜ ਕਰਵਾਇਆ ਪਰ ਪੁੱਤਰ ਠੀਕ ਹੋਣ ਦੀ ਜਗ੍ਹਾ ਹੋਰ ਬੀਮਾਰ ਹੁੰਦਾ ਗਿਆ ਅਤੇ ਇਸ ਦੌਰਾਨ ਉਸ ਦੇ ਸਿਰ ਕਰਜ਼ਾ ਚਡ਼੍ਹਦਾ ਗਿਆ, ਜਿਸ ਨੂੰ ਲੈ ਕੇ ਉਹ ਪਿਛਲੇ ਕੁੱਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਕਈ ਵਾਰ ਨਹਿਰ ’ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲੈਣ ਬਾਰੇ ਕਹਿੰਦਾ ਰਹਿੰਦਾ ਸੀ। 17 ਫਰਵਰੀ ਨੂੰ ਉਹ ਸ਼ਾਮ ਦੇ ਸਮੇਂ ਖਨੌਰੀ ਤੋਂ ਦਵਾਈ ਲੈਣ ਦਾ ਕਹਿ ਕੇ ਆਪਣੀ ਸਵਿਫ਼ਟ ਕਾਰ ’ਤੇ ਘਰੋਂ ਗਿਆ ਸੀ, ਜੋ ਰਾਤ ਤੱਕ ਵਾਪਸ ਨਹੀਂ ਪਰਤਿਆ। ਪਰਿਵਾਰ ਵੱਲੋਂ ਸਾਰੀ ਰਾਤ ਉਸ ਦੀ ਤਲਾਸ਼ ਕੀਤੀ ਜਾਂਦੀ ਰਹੀ। ਮ੍ਰਿਤਕ ਦੀ ਪਤਨੀ ਅਨੁਸਾਰ ਦੁਪਹਿਰ ਬਾਅਦ ਲਖਵਿੰਦਰ ਸਿੰਘ ਦੀ ਕਾਰ ਪਿੰਡ ਦੇ ਹੀ ਭਾਖਡ਼ਾ ਨਹਿਰ ਦੇ ਪੁਲ ਕੋਲ ਡਿੱਗਣ ਬਾਰੇ ਜਾਣਕਾਰੀ ਮਿਲੀ। ਇਸ ’ਤੇ ਉਨ੍ਹਾਂ ਰਿਸ਼ਤੇਦਾਰ ਅਤੇ ਗੋਤਾਖੋਰਾਂ ਦੀ ਮਦਦ ਨਾਲ ਭਾਖਡ਼ਾ ’ਚ ਕਾਰ ਦੀ ਤਲਾਸ਼ ਕੀਤੀ ਜੋ ਨਹਿਰ ’ਚੋਂ ਮਿਲੀ, ਜਿਸ ’ਚ ਲਖਵਿੰਦਰ ਸਿੰਘ ਦੀ ਲਾਸ਼ ਵੀ ਸੀ। ਏ. ਐੱਸ. ਆਈ. ਮਨਜੀਤ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਵਾ ਕੇ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।


Bharat Thapa

Content Editor

Related News