ਔਰਤ ਦਾ ਕਤਲ ਕਰ ਕੇ ਲਾਸ਼ ਬੈੱਡ ਬਾਕਸ ’ਚ ਰੱਖਣ ਵਾਲੇ ਕਾਤਲ ਗ੍ਰਿਫ਼ਤਾਰ, ਹੋਇਆ ਇਹ ਖੁਲਾਸਾ

06/18/2022 11:05:58 AM

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਫਿਰੋਜ਼ਪੁਰ ਸ਼ਹਿਰ ਦੀ ਛੱਤੀ ਗਲੀਆਂ ’ਚ 15-16 ਜੂਨ ਦੀ ਦਰਮਿਆਨੀ ਰਾਤ ਨੂੰ ਸ੍ਰੀਮਤੀ ਵੀਨਾ ਰਾਣੀ ਪਤਨੀ ਚੰਦਨ ਮੋਹਣ ਪੁੱਗਲ ਦੇ ਕਤਲ ਦਾ ਪਤਾ ਲੱਗਣ ਦੇ ਬਾਅਦ, 2 ਕਾਤਲਾਂ ਨੂੰ ਫਿਰੋਜ਼ਪੁਰ ਪੁਲਸ ਨੇ 48 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਔਰਤ ਦਾ ਕਤਲ ਕਰਨ ਵਾਲੀ ਉਸਦੀ ਕਿਰਾਏਦਾਰ ਬਿਮਲਾ ਰਾਣੀ ਤੇ ਉਸਦਾ ਪ੍ਰੇਮੀ ਸ਼ੇਰ ਸਿੰਘ ਹੈ, ਜਿਸ ਤੋਂ ਪੁਲਸ ਨੇ ਚੋਰੀ ਕੀਤੇ ਗਏ 71 ਗ੍ਰਾਮ ਸੋਨੇ ਦੇ ਗਹਿਣੇ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ।

ਇਹ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਫਿਰੋਜ਼ਪੁਰ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਸ਼੍ਰੀਮਤੀ ਵੀਨਾ ਦੇ ਕਤਲ ਨੂੰ ਲੈ ਕੇ ਪੁਲਸ ਨੇ ਉਨ੍ਹਾਂ ਦੇ ਬੇਟੇ ਸ਼ਿਵਰਾਜ ਪੁੱਗਲ ਦੇ ਬਿਆਨਾਂ ’ਤੇ ਥਾਣਾ ਸਿਟੀ ’ਚ ਕਤਲ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਗੁਰਵਿੰਦਰ ਸਿੰਘ ਐੱਸ. ਪੀ. (ਇਨਵੈਸਟੀਗੇਸ਼ਨ), ਡੀ. ਐੱਸ. ਪੀ. ਜਗਦੀਸ਼ ਕੁਮਾਰ ਅਤੇ ਸੀ. ਆਈ. ਏ. ਇੰਚਾਰਜ ਦੀ ਅਗਵਾਈ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਸਬ-ਇੰਸਪੈਕਟਰ ਜਨਕ ਰਾਜ ਇੰਚਾਰਜ ਸੀ. ਆਈ. ਏ. ਦੀ ਮਿਹਨਤ ਸਦਕਾ ਪੁਲਸ ਨੇ 48 ਘੰਟਿਆਂ ਦੇ ਅੰਦਰ-ਅੰਦਰ ਦੋਵਾਂ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ- ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਬਜ਼ੁਰਗ ਬੀਬੀ ਦਾ ਕਤਲ ਕਰਕੇ ਬੈੱਡ ’ਚ ਲੁਕੋਈ ਲਾਸ਼

ਇਸ ਮਾਮਲੇ ਦੀ ਜਾਂਚ ਦੇ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਬਿਮਲਾ ਰਾਣੀ ਦਾ ਪਤੀ ਪਿੱਪਲ ਸਿੰਘ ਕਤਲ ਦੇ ਕੇਸ ’ਚ ਪਿਛਲੇ ਕਰੀਬ 8 ਸਾਲਾਂ ਤੋਂ ਜੇਲ੍ਹ 'ਚ ਬੰਦ ਹੈ। ਇਸ ਦੌਰਾਨ ਬਿਮਲਾ ਰਾਣੀ ਜੋ ਦੋ ਲੜਕੀਆਂ ਅਤੇ ਇਕ ਲੜਕੇ ਦੀ ਮਾਂ ਹੈ, ਦੇ ਸ਼ੇਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਲੱਖਾ ਹਾਜੀ ਦੇ ਨਾਲ ਨਾਜਾਇਜ਼ ਸਬੰਧ ਬਣ ਗਏ ਅਤੇ ਬਿਮਲਾ ਦੇ ਸਹੁਰੇ ਪਰਿਵਾਰ ਵਲੋਂ ਇਸ ਗੱਲ ਦਾ ਜਦੋਂ ਇਤਰਾਜ਼ ਕੀਤਾ ਗਿਆ ਤਾਂ ਬਿਮਲਾ ਆਪਣਾ ਸਹੁਰਾ ਪਰਿਵਾਰ ਛੱਡ ਕੇ ਸ਼ਹਿਰ ਆ ਗਈ, ਜਿੱਥੇ ਉਸ ਨੇ ਵੀਨਾ ਪੁੱਗਲ ਤੋਂ 2 ਹਜ਼ਾਰ ਰੁਪਏ ਮਹੀਨਾ ਕਿਰਾਏ ’ਤੇ ਕਮਰਾ ਲੈ ਲਿਆ ਅਤੇ ਉਹ ਉੱਥੇ ਰਹਿਣ ਲੱਗੀ। ਬਿਮਲਾ ਰਾਣੀ ਨੇ ਮਾਲਕ ਮਕਾਨ ਨੂੰ ਦੱਸਿਆ ਕਿ ਸ਼ੇਰ ਸਿੰਘ ਉਸ ਦਾ ਪਤੀ ਹੈ ਅਤੇ ਸਹੁਰੇ ਪਰਿਵਾਰ ਦੇ ਨਾਲ ਸਬੰਧ ਠੀਕ ਨਾ ਹੋਣ ਕਾਰਨ ਉਹ ਇੱਥੇ ਕਿਰਾਏ ’ਤੇ ਰਹਿ ਰਹੀ ਹੈ। ਔਰਤ ਹੋਣ ਦੇ ਨਾਤੇ ਉਹ ਮਕਾਨ ਮਾਲਕ ਵੀਨਾ ਰਾਣੀ ਦੇ ਨਜ਼ਦੀਕ ਹੋ ਗਈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਵੀਨਾ ਰਾਣੀ ਸੋਨੇ ਦੇ ਕਾਪੀ ਗਹਿਣੇ ਪਹਿਨ ਕੇ ਰੱਖਦੀ ਸੀ, ਜਿਸ ਨਾਲ ਬਿਮਲਾ ਦੇ ਮਨ ’ਚ ਲਾਲਚ ਆ ਗਿਆ ਅਤੇ ਉਸਨੇ ਸ਼ੇਰ ਸਿੰਘ ਦੇ ਨਾਲ ਮਿਲ ਕੇ ਵੀਨਾ ਦਾ ਸੋਨਾ ਹਥਿਆਉਣ ਦੀ ਯੋਜਨਾ ਬਣਾਈ। ਜਿਸ ਦੇ ਤਹਿਤ ਬਿਮਲਾ ਅਤੇ ਸ਼ੇਰ ਸਿੰਘ ਨੇ 12-13 ਜੂਨ ਦੀ ਰਾਤ ਨੂੰ ਵੀਨਾ ਰਾਣੀ ਮਕਾਨ ਮਾਲਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਤੇ ਉਸ ਦੀ ਲਾਸ਼ ਬੈੱਡ ਬਾਕਸ ’ਚ ਬੰਦ ਕਰ ਦਿੱਤੀ ਅਤੇ ਉਸ ਦੇ ਸਾਰੇ ਸੋਨੇ ਦੇ ਗਹਿਣੇ ਉਤਾਰ ਲਏ ਤੇ ਅਗਲੇ ਦਿਨ ਕਾਤਲ ਬਿਮਲਾ ਨੇ ਮਕਾਨ ’ਚੋਂ ਆਪਣਾ ਸਾਰਾ ਸਾਮਾਨ ਇਹ ਕਹਿ ਕੇ ਚੁੱਕ ਲਿਆ ਕਿ ਉਹ ਸਹੁਰੇ ਘਰ ਰਹਿਣ ਲਈ ਜਾ ਰਹੀ ਹੈ ਅਤੇ ਉਹ ਘਰ ਨੂੰ ਤਾਲਾ ਲਗਾ ਕੇ ਦੂਸਰੀ ਕਿਰਾਏਦਾਰ ਨੂੰ ਇਹ ਕਹਿ ਕੇ ਚਲੀ ਗਈ ਕਿ ਮਕਾਨ ਮਾਲਕ ਘਰ ’ਚ ਨਹੀਂ ਹੈ, ਜਦ ਉਹ ਆਵੇਗੀ ਤਾਂ ਉਸ ਨੂੰ ਇਸਦੇ ਬਾਰੇ ਦੱਸ ਦੇਣਾ।

ਇਹ ਵੀ ਪੜ੍ਹੋ- ਗੈਂਗਸਟਰ ਕਲਚਰ ਪੁਰਾਣੀਆਂ ਸਰਕਾਰਾਂ ਦੀ ਦੇਣ, ਖ਼ਤਮ ਅਸੀਂ ਕਰਾਂਗੇ: ਭਗਵੰਤ ਮਾਨ

ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਕੇਸ ’ਚ ਪੁਲਸ ਨੂੰ ਬਿਮਲਾ ਰਾਣੀ ਅਤੇ ਸ਼ੇਰ ਸਿੰਘ ’ਤੇ ਪੂਰਾ ਸ਼ੱਕ ਸੀ ਅਤੇ ਜਾਂਚ ਦੇ ਵਾਅਦੇ ਸਾਬਤ ਹੋਣ ’ਤੇ ਕਿ ਬਿਮਲਾ ਅਤੇ ਸ਼ੇਰ ਸਿੰਘ ਨੇ ਹੀ ਜਿਨ੍ਹਾਂ ਦਾ ਕਤਲ ਕੀਤਾ ਹੈ। ਪੁਲਸ ਨੇ ਮੋਟਰਸਾਈਕਲ ’ਤੇ ਜਾਂਦੇ ਹੋਏ ਪਿੰਡ ਲੱਖਾ ਹਾਜੀ ਟੀ ਪੁਆਇੰਟ ਮਮਦੋਟ ਰੋਡ ’ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੇ ਕੋਲੋਂ ਕਤਲ ’ਚ ਵਰਤਿਆ ਗਿਆ ਮੋਟਰਸਾਈਕਲ ਅਤੇ ਜਿਸ ਚਾਕੂ ਦੇ ਨਾਲ ਇਨ੍ਹਾਂ ਨੂੰ ਮਾਰਿਆ ਗਿਆ ਸੀ ਉਹ ਚਾਕੂ ਵੀ ਬਰਾਮਦ ਕਰ ਲਿਆ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News