ਗਲੀਆਂ ''ਚ ਖੜ੍ਹੈ ਸੀਵਰੇਜ ਦਾ ਪਾਣੀ ; ਭੜਕੇ ਲੋਕਾਂ ਕੀਤੀ ਨਾਅਰੇਬਾਜ਼ੀ

02/27/2017 10:31:05 AM

ਸੰਗਰੂਰ (ਵਿਵੇਕ ਸਿੰਧਵਾਨੀ,ਯਾਦਵਿੰਦਰ) — ਸ਼ਹਿਰ ਦਾ ਸੀਵਰੇਜ ਸਿਸਟਮ ਫੇਲ ਹੋਣ ਕਾਰਨ ਪਾਣੀ ਗਲੀਆਂ ਦਾ ਸ਼ਿੰਗਾਰ ਬਣ ਰਿਹਾ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਕਈ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ''ਚ ਸੀਵਰੇਜ ਲਾਈਨਾਂ ਬੰਦ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ''ਚ ਦਾਖਲ ਹੋਣ ਨੂੰ ਤਿਆਰ ਹੈ ਜਦੋਂਕਿ ਨਗਰ ਕੌਂਸਲ ਅੱਖਾਂ ਮੀਚੀ ਚੁੱਪ ਚਾਪ ਬੈਠੀ ਹੈ। ਅੱਜ ਖਲੀਫਾ ਬਾਗ ਕਾਲੋਨੀ ਦੇ ਸੀਵਰੇਜ ਸਿਸਟਮ ਤੋਂ ਤੰਗ ਆਏ ਲੋਕਾਂ, ਜਿਨ੍ਹਾਂ ''ਚ  ਸ਼ਾਮ ਲਾਲ, ਪ੍ਰਦੀਪ ਗੋਇਲ, ਨਿਰਮਲ ਸਿੰਘ ਫੌਜੀ, ਬਲਜੀਤ ਸਿੰਘ, ਪਾਲ ਸਿੰਘ ਪਾਲ ਸਾਬਕਾ ਐੱਮ. ਸੀ., ਰਾਹੁਲ ਗੋਇਲ, ਰਿੰਪੀ ਗਰਗ, ਨਰੇਸ਼ ਸ਼ਰਮਾ, ਦੀਪਕ, ਰਾਜ ਕੁਮਾਰ, ਸ਼ੀਲਾ ਦੇਵੀ, ਰਿੱਤੂ ਗੋਇਲ, ਅਮਨ ਦੇਵੀ, ਸੁਖਵੀਰ ਸਿੰਘ, ਸ਼ੰਮੀ ਤੇ ਪਾਲੀ ਆਦਿ ਸ਼ਾਮਲ ਹਨ, ਨੇ ਦੁਖੀ ਹੋ ਕੇ ਨਗਰ ਕੌਂਸਲ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਗੰਦੇ ਪਾਣੀ ਦੀ ਸਮੱਸਿਆ ਨੂੰ ਜਲਦ ਤੋਂ ਜਲਦ ਦੂਰ ਕਰਨ ਦੀ ਮੰਗ ਕੀਤੀ। 

ਜ਼ਿਕਰਯੋਗ ਹੈ ਕਿ ਨਗਰ ਕੌਂਸਲ ਵੱਲੋਂ ਸ਼ਹਿਰ ''ਚ ਸੀਵਰੇਜ ਸਿਸਟਮ ਲਈ ਲਾਏ ਜਾ ਰਹੇ ਸੀਵਰੇਜ ਟਰੀਟਮੈਂਟ ਪਲਾਂਟ ਲਈ 110 ਕਰੋੜ ਦੀ ਯੋਜਨਾ ਬਣਾਈ ਗਈ ਹੈ ਤੇ ਇਸ ਦਾ ਇਕ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। 

ਇਸੇ ਕੰਪਨੀ ਨੂੰ ਸ਼ਹਿਰ ਦੇ ਪੁਰਾਣੇ ਸੀਵਰੇਜ ਸਿਸਟਮ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਪਰ ਉਕਤ ਕੰਪਨੀ ਵੱਲੋਂ ਸੀਵਰੇਜ ਸਿਸਟਮ ਦਾ ਚੰਗੀ ਤਰ੍ਹਾਂ ਖਿਆਲ ਨਹੀਂ ਰੱਖਿਆ ਜਾਂਦਾ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਉਕਤ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ।


Related News