ਆਸਟ੍ਰੇਲੀਆ ''ਚ ਪੰਜਾਬ ਦਾ ਨਾਮ ਰੋਸ਼ਨ ਕਰ ਰਿਹੈ ਪਿੰਡ ਜਵਾਹਰਵਾਲਾ ਦਾ ਜੁਗਨਦੀਪ ਸਿੰਘ

Friday, Sep 13, 2024 - 09:48 PM (IST)

ਲਹਿਰਾਗਾਗਾ, (ਗਰਗ)- ਕਹਿੰਦੇ ਹਨ ਕਿ ਆਤਮ ਵਿਸ਼ਵਾਸ ਨਾਲ ਭਰਿਆ, ਮਿਲਾਪੜੇ ਸੁਭਾਅ ਦਾ ਮਾਲਕ ਅਤੇ ਕੁਝ ਕਰ ਗੁਜਰਨ ਦਾ ਜ਼ਜ਼ਬਾ ਰੱਖਣ ਵਾਲਾ ਵਿਅਕਤੀ ਜ਼ਿੰਦਗੀ ਦੀ ਕੋਈ ਵੀ ਮੰਜ਼ਿਲ ਹਾਸਲ ਕਰਕੇ ਸਮਾਜ ਅਤੇ ਨੌਜਵਾਨਾਂ ਦਾ ਪ੍ਰੇਰਨਾ ਸਰੋਤ ਬਣ ਸਕਦਾ ਹੈ। ਅਜਿਹੀ ਹੀ ਇੱਕ ਮਲਕੀਅਤ ਦਾ ਸ਼ਖਸ ਲਹਿਰਾ ਹਲਕੇ ਦੇ ਪਿੰਡ ਜਵਾਹਰਵਾਲਾ ਦਾ ਨੌਜਵਾਨ ਜੁਗਨਦੀਪ ਸਿੰਘ। 

ਜਿਲਾ ਸੰਗਰੂਰ ਦੀ ਸਬ ਡਵੀਜ਼ਨ ਲਹਿਰਾਗਾਗਾ ਦੇ ਪਿੰਡ ਜਵਾਹਰਵਾਲਾ ਦੇ ਜੰਮਪਲ ਜੁਗਨਦੀਪ ਸਿੰਘ ਜਵਾਹਰਵਾਲਾ ਨੇ ਪਿਛਲੇ 10 ਕੁ ਸਾਲਾਂ ਤੋਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਰਹਿੰਦਿਆਂ ਜਿੱਥੇ ਆਪਣਾ ਸਿੱਖਿਆ ਦਾ ਕਾਰੋਬਾਰ ਸਥਾਪਿਤ ਕੀਤਾ ਉੱਥੇ ਹੀ ਆਸਟ੍ਰੇਲੀਆ ਦੀ ਲਿਬਰਲ ਪਾਰਟੀ ਨਾਲ ਜੁੜ ਕੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਵੀ ਕੀਤੀ।‌ 

ਉਨ੍ਹਾਂ ਵੱਲੋਂ ਪਾਰਟੀ ਲਈ ਕੀਤੇ ਕੰਮਾਂ ਅਤੇ ਉਸ ਦੀ ਲੋਕਪ੍ਰਿਅਤਾ ਨੂੰ ਦੇਖਦਿਆਂ 2022 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਦੇ ਆਗੂ ਸਕੌਟ ਮੌਰੀਸਨ ਦੁਆਰਾ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਭਾਵੇਂ ਕਿ ਉਹ ਪਾਰਲੀਮੈਂਟ ਚੋਣ ਜਿੱਤਣ‌ ਚ ਸਫਲ ਨਹੀਂ ਹੋ ਸਕੇ। ਹੁਣ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਵਿੱਚ ਹੋ ਰਹੀਆਂ ਲੋਕਲ ਗੌਰਮੈਂਟ ਚੋਣਾਂ ਵਿੱਚ ਲਿਬਰਲ ਪਾਰਟੀ ਨੇ ਜੁਗਨਦੀਪ ਸਿੰਘ ਜਵਾਹਰ ਵਾਲਾ ਨੂੰ ਫਿਰ ਚੋਣ ਮੈਦਾਨ ਵਿੱਚ ਉਤਾਰਿਆ ਹੈ  ਜਿੱਥੇ ਜੁਗਨਦੀਪ ਦੀ ਚੋਣ ਮੁਹਿੰਮ ਨੂੰ ਭਰਪੂਰ ਹੁੰਗਾਰਾ ਮਿਲ ਰਿਹੈ । 

ਆਸਟ੍ਰੇਲੀਆ ਵਸਦੇ ਪੰਜਾਬੀਆਂ ਜਰਨੈਲ ਸਿੰਘ ਰਾਏ, ਪਰਮਿੰਦਰ ਸਿੰਘ ਔਲਖ ,ਬਲਰਾਜ ਸਿੰਘ ਰਠੌੜ, ਸਾਹਿਬ ਸਿੰਘ, ਅਮਰਜੀਤ ਸਿੰਘ, ਅਸ਼ੋਕ ਗੁਪਤਾ ਆਦਿ ਨੇ ਜੁਗਨਦੀਪ ਜਵਾਹਰਵਾਲਾ ਦੀ ਚੋਣ ਮੁਹਿੰਮ ਦੀ ਕਮਾਂਡ ਸੰਭਾਲਦਿਆਂ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਹੈ।, ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੁਗਨਦੀਪ ਸਿੰਘ ਜਵਾਹਰਵਾਲਾ ਨੇ ਆਸਟ੍ਰੇਲੀਆ ਦੀ ਧਰਤੀ ਤੇ ਆਕੇ ਜਿੱਥੇ ਆਪਣਾ ਕਾਰੋਬਾਰ ਸਥਾਪਿਤ ਕੀਤਾ ਹੈ ਉਥੇ ਉਹ ਬਹੁਤ ਹੀ ਦ੍ਰਿੜ ਇਰਾਦੇ ਤੇ ਤਨਦੇਹੀ ਨਾਲ ਪ੍ਰਵਾਸੀਆਂ ਦੇ ਮਸਲੇ ਹੱਲ ਕਰਾਉਣ ਲਈ ਚਾਰਾਜੋਈ ਕਰਦੇ ਆ ਰਹੇ ਹਨ। 

ਉਨ੍ਹਾਂ ਦੱਸਿਆ ਕਿ ਜੁਗਨਦੀਪ ਆਸਟ੍ਰੇਲੀਆ ਵਸਦੇ ਪ੍ਰਵਾਸੀ ਭਾਰਤੀਆਂ ਦੇ ਮਾਪਿਆਂ ਦੇ ਵੀਜ਼ੇ ਸੰਬੰਧੀ, ਦਸਤਾਰਧਾਰੀਆਂ ਨੂੰ ਹੈਲਮਟ ਤੋਂ ਛੂਟ ਦੇਣ ਸਬੰਧੀ, ਆਈਲੈਟਸ ਦੀ ਮਿਆਦ ਵਧਾਉਣ ਸਬੰਧੀ ਪਾਈਆਂ ਪਟੀਸ਼ਨਾਂ, ਕੋਵਿਡ ਦੌਰਾਨ ਸੰਸਥਾ ਬਣਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੀਤੀ ਮੱਦਦ ਕਰਕੇ ਪ੍ਰਵਾਸੀ ਭਾਰਤੀਆਂ ਖਾਸਕਰ ਪੰਜਾਬੀਆਂ ਦੇ ਚਹੇਤੇ ਆਗੂ ਵਜੋਂ ਉਭਰ ਕੇ ਸਾਹਮਣੇ ਆਏ ਹਨ।


Rakesh

Content Editor

Related News