ਜਿੰਨਾਂ ਦੀ ਝੋਲੀ ''ਚ ਚਾਰ ਦਾਣੇ ਆ ਉਨ੍ਹਾਂ ਨੂੰ ਪਾਰਟੀ ''ਚ ਕਰੋ ਸ਼ਾਮਿਲ : ਅਮਨ ਅਰੋੜਾ
Monday, Jun 15, 2020 - 09:23 PM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ ਢਿੱਲੋਂ/ਪਵਨ ਤਨੇਜਾ)- 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਵਲੋਂ ਹੁਣੇ ਤੋਂ ਹੀ ਮੀਟਿੰਗਾਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇਸੇ ਸਬੰਧ ਵਿਚ ਅੱਜ ਪਾਰਟੀ ਦੇ ਹਲਕਾ ਇੰਚਾਰਜ ਜਸ਼ਨ ਬਰਾੜ ਲੱਖੇਵਾਲੀ ਦੇ ਘਰ ਇਕ ਭਰਵੀਂ ਪਾਰਟੀ ਮੀਟਿੰਗ ਕੀਤੀ ਗਈ। ਜਿਸ ਦੌਰਾਨ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਬੋਲਦਿਆਂ ਉਹਨਾਂ ਨੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਾਰਟੀ ਆਗੂਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਤੇ ਮੁੜ ਗੱਡੀ ਲੀਹ 'ਤੇ ਲਿਆਉਣ ਲਈ ਉਹਨਾਂ ਲੋਕਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਜਾਵੇ ਜਿੰਨਾਂ ਦੀ ਝੋਲੀ ਵਿਚ ਚਾਰ ਦਾਣੇ ਆ। ਕਿਉਕਿ ਫੇਰ ਹੀ ਵੋਟਾਂ ਮਿਲ ਸਕਣਗੀਆਂ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮਾੜੇ ਅਨਸਰਾਂ ਨੂੰ ਪਾਰਟੀ ਵਿਚ ਸ਼ਾਮਿਲ ਨਾ ਕਰੋ। ਜਿੰਨਾਂ ਲੋਕਾਂ ਨੇ ਥਾਣਿਆਂ ਤੇ ਕਚਹਿਰੀਆਂ ਵਿਚ ਹੋਰਨਾਂ 'ਤੇ ਪਰਚੇ ਦਰਜ ਕਰਵਾਏ ਹਨ ਜਾਂ ਨਸ਼ਿਆਂ ਦੇ ਸੌਦਾਗਰਾਂ ਨਾਲ ਸਬੰਧ ਹੈ, ਇਹੋ ਜਿਹੇ ਲੋਕਾਂ ਨੂੰ ਨੇੜੇ ਨਾ ਲੱਗਣ ਦਿਓ। ਸਗੋ ਚੰਗੇ ਕਿਰਦਾਰ ਵਾਲੇ ਵਿਅਕਤੀਆਂ ਨੂੰ ਅੱਗੇ ਲਿਆਓ। ਉਹਨਾਂ ਮੰਨਿਆ ਕਿ ਪਹਿਲਾਂ ਨਾਲੋਂ ਪਾਰਟੀ ਦਾ ਵੋਟ ਬੈਂਕ ਕੁਝ ਘਟਿਆ ਹੈ, ਜਿਸ ਕਰਕੇ ਸਾਰਿਆਂ ਨੂੰ ਤਕੜੇ ਹੋ ਕੇ ਹੰਭਲਾ ਮਾਰਨਾ ਪੈਣਾ ਹੈ। ਅਕਾਲੀਆਂ ਅਤੇ ਕਾਂਗਰਸੀਆਂ ਦੀ ਗੱਲ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਹ ਦੋਵੇਂ ਇਕੋ ਥਾਲੀ ਦੇ ਚੱਟੇ-ਵੱਟੇ ਹਨ ਤੇ ਲੋਕਾਂ ਨੂੰ ਇਹਨਾਂ ਪਾਰਟੀਆਂ ਨੇ ਰੋਲ ਕੇ ਰੱਖ ਦਿੱਤਾ ਹੈ। ਇਸ ਮੌਕੇ ਪਹਿਲੀ ਵਾਰ ਇਸ ਖੇਤਰ ਵਿਚ ਪੁੱਜਣ 'ਤੇ ਅਮਨ ਅਰੋੜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪਾਰਟੀ ਦੇ ਜਿਲਾ ਪ੍ਰਧਾਨ ਜਗਦੇਵ ਸਿੰਘ ਬਾਂਮ, ਜਗਦੀਪ ਸਿੰਘ ਕਾਕਾ ਬਰਾੜ, ਨੀਲ ਗਰਗ, ਸਾਬਕਾ ਨਾਇਬ ਤਹਿਸੀਲਦਾਰ ਜਗਮੇਲ ਸਿੰਘ, ਸਾਬਕਾ ਇੰਸਪੈਕਟਰ ਕ੍ਰਿਸ਼ਨ ਲਾਲ, ਸੁਖਜਿੰਦਰ ਸਿੰਘ ਕਾਉਣੀ, ਸਿਮਰਜੀਤ ਸਿੰਘ ਬਰਾੜ ਲੱਖੇਵਾਲੀ ਪ੍ਰਧਾਨ ਹਲਕਾ ਮਲੋਟ, ਦਿਲਬਾਗ ਸਿੰਘ ਬਰਾੜ, ਦੀਪ ਕੰਬੋਜ, ਕੁਲਵਿੰਦਰ ਸਿੰਘ ਬਰਾੜ, ਰਾਜੀਵ ਉਪਲ ਤੇ ਅਰੁਨ ਵਧਵਾ ਆਦਿ ਆਗੂ ਮੌਜ਼ੂਦ ਸਨ।