2 ਘਰਾਂ ’ਚੋਂ ਗਹਿਣੇ ਤੇ ਨਕਦੀ ਚੋਰੀ

Monday, Nov 05, 2018 - 12:36 AM (IST)

2 ਘਰਾਂ ’ਚੋਂ ਗਹਿਣੇ ਤੇ ਨਕਦੀ ਚੋਰੀ

ਸੰਗਰੂਰ, (ਸਿੰਧਵਾਨੀ, ਰਵੀ)- ਦੋ ਘਰਾਂ ’ਚੋਂ ਗਹਿਣੇ ਤੇ ਨਕਦੀ ਚੋਰੀ ਕਰਨ ’ਤੇ ਅਣਪਛਾਤੇ ਵਿਅਕਤੀ/ਵਿਅਕਤੀਆਂ ਵਿਰੁੱਧ ਥਾਣਾ ਸਦਰ ਅਹਿਮਦਗਡ਼੍ਹ ’ਚ ਕੇਸ ਦਰਜ ਕੀਤਾ ਗਿਆ ਹੈ। ਹੌਲਦਾਰ ਪਿੰਜੌਰ ਸਿੰਘ ਨੇ ਦੱਸਿਆ ਕਿ ਮੁਦੱਈ ਹਰਜੀਤ ਸਿੰਘ ਵਾਸੀ ਭੁਰਥਲਾ ਮੰਡੇਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਬੀਤੇ 24 ਅਕਤੂਬਰ ਨੂੰ ਉਸ ਦੇ ਪਿਤਾ ਨੂੰ ਅਚਾਨਕ ਅਟੈਕ ਆਉਣ ਕਾਰਨ ਉਹ ਪਟਿਆਲਾ ਦੇ ਹਸਪਤਾਲ ’ਚ ਆਏ ਹੋਏ ਸਨ ਅਤੇ 30 ਅਕਤੂਬਰ ਨੂੰ ਸਵੇਰੇ 10 ਵਜੇ ਮੁਦੱਈ ਨੂੰ ਉਸ ਦੇ ਗੁਆਂਢੀ ਜਸਵੀਰ ਸਿੰਘ ਨੇ ਦੱਸਿਆ ਕਿ ਤੁਹਾਡੇ ਘਰ ਦੇ ਜਿੰਦੇ ਟੁੱਟੇ ਪਏ ਹਨ ਅਤੇ ਮੈਨੂੰ ਸ਼ੱਕ ਹੈ ਕਿ ਚੋਰੀ ਹੋ ਗਈ ਹੈ। ਜਦੋਂ ਉਸ ਨੇ ਆਪਣੇ ਘਰ ਆ ਕੇ ਦੇਖਿਆ ਤਾਂ ਉਸ ਦੀ ਅਲਮਾਰੀ ’ਚੋਂ ਨਕਦੀ ਅਤੇ ਗਹਿਣੇ ਚੋਰੀ ਹੋ ਚੁੱਕੇ ਸਨ। ਜਦੋਂ ਮੁਦੱਈ ਇਸ ਸਬੰਧੀ ਸੂਚਨਾ ਦੇਣ ਲਈ ਪੁਲਸ ਚੌਕੀ ਜੌਡ਼ੇ ਪੁਲ ਜਾ ਰਿਹਾ ਸੀ ਤਾਂ ਰਸਤੇ ’ਚ ਉਸ ਨੂੰ ਪੁਸ਼ਪਿੰਦਰ ਕੁਮਾਰ ਵਾਸੀ ਮਾਲੇਰਕੋਟਲਾ ਮਿਲਿਅਾ, ਜਿਸ ਨੇ ਉਸ ਨੂੰ ਦੱਸਿਆ ਕਿ ਬਹਾਦਰ ਸਿੰਘ ਜੋ ਪਰਿਵਾਰ ਸਮੇਤ ਨਿਊਜ਼ੀਲੈਂਡ ਰਹਿੰਦਾ ਹੈ, 29-30 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਉਸ ਦੇ ਘਰ ਵੀ ਚੋਰੀ ਹੋ ਗਈ ਹੈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਬਹਾਦਰ ਸਿੰਘ ਦੇ ਘਰੋਂ ਵੀ ਗਹਿਣੇ ਅਤੇ ਨਕਦੀ ਚੋਰੀ ਹੋਈ ਹੈ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਅਣਪਛਾਤੇ ਵਿਅਕਤੀ/ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News