ਜਸਪਾਲ ਮਾਮਲਾ : ਜ਼ਬਰਦਸਤੀ ਧਰਨਾ ਚੁਕਵਾਇਆ ਤਾਂ ਕਰਾਂਗੇ ਤਿੱਖਾ ਸੰਘਰਸ਼
Friday, Jun 07, 2019 - 03:10 PM (IST)

ਫ਼ਰੀਦਕੋਟ (ਹਾਲੀ) - 20 ਮਈ ਤੋਂ ਐੱਸ. ਐੱਸ. ਪੀ. ਦਫਤਰ ਫਰੀਦਕੋਟ ਮੂਹਰੇ ਜਸਪਾਲ ਸਿੰਘ ਲਾਡੀ ਦੀ ਲਾਸ਼ ਲੈਣ ਪਰਿਵਾਰ ਸਣੇ ਧਰਨੇ 'ਤੇ ਬੈਠੀਆਂ ਜਥੇਬੰਦੀਆਂ ਦਾ ਧਰਨਾ ਚੁਕਵਾਉਣ ਲਈ ਪ੍ਰਸ਼ਾਸਨ ਵਲੋਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਐਕਸ਼ਨ ਕਮੇਟੀ ਦੇ ਆਗੂ ਰਜਿੰਦਰ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਐੱਸ. ਡੀ ਐੱਮ. ਫ਼ਰੀਦਕੋਟ ਅਤੇ ਹੋਰ ਅਧਿਕਾਰੀ ਦੋ ਵਾਰ ਉਨ੍ਹਾਂ ਕੋਲ ਆ ਕੇ ਇਸ ਧਰਨੇ ਨੂੰ ਚੁੱਕਣ ਲਈ ਕਹਿ ਚੁੱਕੇ ਹਨ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਪੁਲਸ ਇਸ ਧਰਨੇ ਨੂੰ ਇਥੋਂ ਜ਼ਬਰਦਸਤੀ ਚੁਕਵਾਏਗੀ। ਉਨ੍ਹਾਂ ਚਿਤਵਾਨੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਧਰਨਾ ਜ਼ਬਰਦਸਤੀ ਚੁਕਵਾਇਆ ਗਿਆ ਤਾਂ ਉਹ ਇਸ ਤੋਂ ਤਿੱਖਾ ਸੰਘਰਸ਼ ਕਰਨਗੇ।
ਜਾਣਕਾਰੀ ਦਿੰਦੇ ਹੋਏ ਪੰਜਾਬ ਸਟੂਡੈਂਟ ਯੂਨੀਅਨ ਦੇ ਜ਼ਿਲਾ ਪ੍ਰਧਾਨ ਕੇਸ਼ਵ ਆਜ਼ਾਦ ਨੇ ਦੱਸਿਆ ਕਿ ਪੁਲਸ ਅਤੇ ਸਿਆਸੀ ਆਗੂਆਂ ਦੀ ਗਿਣੀ ਮਿਥੀ ਸਾਜ਼ਿਸ਼ ਤਹਿਤ ਜਸਪਾਲ ਦਾ ਕਤਲ ਕਰਕੇ ਲਾਸ਼ ਖੁਰਦ-ਬੁਰਦ ਕਰ ਦਿੱਤੀ ਤਾਂਕਿ ਪੁਲਸ ਕੇਸ ਕਮਜ਼ੋਰ ਹੋ ਜਾਵੇ ਅਤੇ ਪੀੜਤ ਪਰਿਵਾਰ ਨੂੰ ਨਿਆਂ ਨਾ ਮਿਲ ਸਕੇ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਨੇ ਵੀ ਤਹੱਈਆ ਕੀਤਾ ਹੋਇਆ ਹੈ ਕਿ ਉਹ ਪਰਿਵਾਰ ਨੂੰ ਇਨਸਾਫ ਦਿਵਾ ਕੇ ਰਹਿਣਗੇ। ਇਸ ਸਮੇਂ ਲਵਪ੍ਰੀਤ ਫੈਰੋਕੇ, ਕੇਸ਼ਵ ਆਜ਼ਾਦ, ਗੁਰਵਿੰਦਰ ਸਿੰਘ, ਬੂਟਾ ਸਿੰਘ ਬੁਰਜ ਗਿਲ, ਹਰਦੀਪ ਕੋਟਲਾ, ਗੁਰਪਾਲ ਨੰਗਲ ਆਦਿ ਹਾਜ਼ਰ ਸਨ।