ਪੰਜਾਬ ''ਚ ਕੈਪਟਨ ਦੀ ਸਰਕਾਰ ਨਹੀਂ, ਸਗੋਂ ਅਫਸਰਸ਼ਾਹੀ ਦਾ ਹੈ ਰਾਜ : ਚੀਮਾ

Tuesday, Dec 17, 2019 - 12:13 AM (IST)

ਪੰਜਾਬ ''ਚ ਕੈਪਟਨ ਦੀ ਸਰਕਾਰ ਨਹੀਂ, ਸਗੋਂ ਅਫਸਰਸ਼ਾਹੀ ਦਾ ਹੈ ਰਾਜ : ਚੀਮਾ

ਖੰਨਾ, (ਸੁਖਵਿੰਦਰ ਕੌਰ, ਕਮਲ)— ਇੱਥੇ ਆਮ ਆਦਮੀ ਪਾਰਟੀ ਦੇ ਵਾਲੰਟੀਅਰਜ਼ ਦੀ ਵਿਸ਼ੇਸ਼ ਮੀਟਿੰਗ ਦੌਰਾਨ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸ਼ਿਰਕਤ ਕੀਤੀ ਤੇ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪਾਰਟੀ ਵਾਲੰਟੀਅਰਜ਼ ਨੇ ਪਾਰਟੀ ਆਗੂਆਂ ਕੋਲ ਆਪਣੀ ਭੜਾਸ ਕੱਢੀ ਤੇ ਕਿਹਾ ਕਿ ਪਾਰਟੀ ਦੇ ਸਥਾਪਨਾ ਸਮੇਂ ਤੋਂ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਨਾਲ ਕਿੰਝ ਵਿਤਕਰਾ ਹੁੰਦਾ ਆਇਆ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਪਾਰਟੀ ਵਲੋਂ ਸੂਬੇ 'ਚ ਪੰਜਾਬ ਦੇ ਲੋਕਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਖਿਲਾਫ ਲੋਕ ਲਹਿਰ ਪੈਦਾ ਕਰਨ ਲਈ ਸੂਬਾ ਪ੍ਰਧਾਨ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ 'ਪੰਜਾਬ ਬੋਲਦਾ ਹੈ' ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਤਹਿਤ ਪੰਜਾਬ ਦੇ ਸਾਰੇ ਹੀ ਹਲਕਿਆਂ, ਵੱਡੇ ਕਸਬਿਆਂ 'ਚ ਖੁਦ ਭਗਵੰਤ ਮਾਨ ਪੁੱਜ ਕੇ ਲੋਕਾਂ ਨੂੰ ਪੰਜਾਬ ਦੀ ਆਰਥਿਕਤਾ ਨੂੰ ਖੋਰਾ ਲਾਉਣ ਵਾਲਿਆਂ ਬਾਰੇ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਹੀਂ, ਸਗੋਂ ਅਫ਼ਸਰਸ਼ਾਹੀ ਦਾ ਰਾਜ ਹੈ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਭਾਜਪਾ ਤੋਂ ਵੀ ਪ੍ਰੇਸ਼ਾਨ ਹਨ। ਇਸ ਮੌਕੇ ਹਰਚੰਦ ਸਿੰਘ ਬਰਸਟ, ਨਿਰਮਾਣ ਸਿੰਘ, ਧਰਮਿੰਦਰ ਸਿੰਘ ਰੂਪਰਾਏ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਪੂਰਨ ਚੰਦ, ਗੁਰਵਿੰਦਰ ਗਿੱਲ, ਬਲਜਿੰਦਰ ਸਿੰਘ ਚੌਂਦਾ, ਤਰਨਪ੍ਰੀਤ ਸਿੰਘ ਸੌਂਦ, ਰਾਜੀਵ ਸ਼ਰਮਾ, ਲਛਮਣ ਸਿੰਘ ਗਰੇਵਾਲ, ਰਾਜੂ ਜੱਸਲ, ਚਰਨਜੀਤ ਸਿੰਘ ਈਸੜੂ, ਬਾਬਾ ਜਸਵੰਤ ਸਿੰਘ ਲਲਹੇੜੀ, ਮਨਜੀਤ ਸਿੰਘ ਫੌਜੀ, ਨਿਰਮਲ ਸਿੰਘ, ਇਕਬਾਲਦੀਨ ਮਤਾਨੀਆ ਆਦਿ ਹਾਜ਼ਰ ਸਨ।

ਆਮ ਆਦਮੀ ਆਰਮੀ ਕਰੇਗੀ ਫਰੰਟ 'ਤੇ ਕੰਮ
ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਵੱਲੋਂ ਕਾਇਮ ਕੀਤੀ ਆਮ ਆਦਮੀ ਆਰਮੀ ਪਾਰਟੀ ਨੀਤੀਆਂ ਨੂੰ ਲੈ ਕੇ ਫਰੰਟ 'ਤੇ ਕੰਮ ਕਰੇਗੀ, ਜਿਸ ਦੇ ਕਮਾਂਡਰ ਨਿਯੁਕਤ ਕੀਤੇ ਜਾ ਚੁੱਕੇ ਹਨ, ਆਰਮੀ ਪੰਜਾਬ ਵਿਚ ਜੋ ਕੁੱਝ ਹੋ ਰਿਹਾ ਹੈ। ਸੂਬੇ ਦੀ ਆਰਥਿਕਤਾ ਨੂੰ ਸੱਟ ਮਾਰਨ ਵਾਲਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ, ਪੰਜਾਬ ਦੀ ਜਵਾਨੀ, ਪੰਜਾਬ ਦੀ ਕਿਸਾਨੀ ਸਮੇਤ ਹੋਰਨਾਂ ਮੁੱਦਿਆਂ ਨੂੰ ਲੈ ਕੇ ਕੰਮ ਕਰੇਗੀ।

ਹਲਕਾ ਇੰਚਾਰਜ ਬਦਲਣ ਦਾ ਦਿੱਤਾ ਸੰਕੇਤ
ਵਿਧਾਨ ਸਭਾ ਹਲਕਾ ਖੰਨਾ ਵਿਚ ਪਾਰਟੀ ਦੇ ਹਲਕਾ ਇੰਚਾਰਜ ਨੂੰ ਬਦਲਣ ਅਤੇ ਪਾਰਟੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਇਕ ਸੁਆਲ ਦੇ ਜੁਆਬ ਵਿਚ ਸੰਕੇਤ ਦਿੱਤਾ ਕਿ ਹਲਕੇ ਦੇ ਪਾਰਟੀ ਆਗੂਆਂ, ਟੀਮ ਤੇ ਵਾਲੰਟੀਅਰਜ਼ ਦੀ ਜੋ ਰਾਇ ਹੋਵੇਗੀ, ਉਸਨੂੰ ਪਾਰਟੀ ਹਾਈਕਮਾਂਡ ਕੋਲ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਹਲਕਾ ਇੰਚਾਰਜ ਸਬੰਧੀ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਸਮੂਹ ਵਾਲੰਟੀਅਰਜ਼ ਨੂੰ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕਰ ਦੇਣ ਦੀ ਅਪੀਲ ਕੀਤੀ।


author

KamalJeet Singh

Content Editor

Related News