ਇਕਾਂਤਵਾਸ ਕੇਂਦਰ ''ਚੋਂ ਵਿਅਕਤੀਆਂ ਨੂੰ ਛੁੱਟੀ ਦੇ ਕੇ ਘਰਾਂ ''ਚ ਕੀਤਾ ਆਈਸੋਲੇਟ

Friday, May 08, 2020 - 07:54 PM (IST)

ਇਕਾਂਤਵਾਸ ਕੇਂਦਰ ''ਚੋਂ ਵਿਅਕਤੀਆਂ ਨੂੰ ਛੁੱਟੀ ਦੇ ਕੇ ਘਰਾਂ ''ਚ ਕੀਤਾ ਆਈਸੋਲੇਟ

ਮੋਗਾ, (ਸੰਦੀਪ ਸ਼ਰਮਾ)— ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਦੇ ਹੁਕਮਾਂ 'ਤੇ ਲਾਲਾ ਲਾਜਪਤ ਰਾਏ ਕਾਲਜ ਘੱਲ ਕਲਾਂ ਵਿਖੇ ਬਣਾਏ ਗਏ ਕੋਵਿਡ ਕੇਅਰ-ਕਮ-ਇਕਾਂਤਵਾਸ ਕੇਂਦਰ 'ਚ ਰੱਖੇ ਗਏ 184 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਪਰ ਉਹ 14 ਦਿਨਾਂ ਲਈ ਘਰ 'ਚ ਇਕਾਂਤਵਾਸ 'ਚ ਰਹਿਣਗੇ। ਸਿਹਤ ਵਿਭਾਗ ਦੇ ਬਲਾਕ ਡਰੋਲੀ ਭਾਈ ਦੇ ਮਾਸ ਮੀਡੀਆ ਵਿੰਗ ਦੇ ਇੰਚਾਰਜ ਤੇ ਬੀ. ਈ. ਈ. ਰਛਪਾਲ ਸਿੰਘ ਸੋਸਣ ਵੱਲੋਂ ਐੱਸ. ਐੱਮ. ਓ. ਡਰੋਲੀ ਭਾਈ ਬਲਾਕ ਡਾ. ਇੰਦਰਵੀਰ ਸਿੰਘ ਗਿੱਲ ਤੇ ਐੱਸ. ਐੱਮ. ਓ. ਬੱਧਨੀ ਕਲਾਂ (ਬਲਾਕ ਢੁੱਡੀਕੇ) ਡਾ. ਗਗਨਦੀਪ ਸਿੰਘ ਦੀ ਅਗਵਾਈ 'ਚ ਤੇ ਇਕਾਂਤਵਾਸ ਕੇਂਦਰ ਦੇ ਇੰਚਾਰਜ ਕੁਲਵਿੰਦਰ ਸ਼ਰਮਾ ਤੇ ਐੱਸ. ਐੱਚ. ਓ. ਥਾਣਾ ਸਦਰ ਮੋਗਾ ਕਰਮਜੀਤ ਸਿੰਘ ਦੀ ਦੇਖ-ਰੇਖ ਹੇਠ 76 ਵਿਅਕਤੀਆਂ ਨੂੰ ਕੱਲ੍ਹ ਦੇਰ ਸ਼ਾਮ ਘਰ ਭੇਜਿਆ ਗਿਆ, ਜਦਕਿ 108 ਵਿਅਕਤੀਆਂ ਨੂੰ ਅੱਜ ਆਪੋ-ਆਪਣੇ ਘਰ ਭੇਜਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਸਾਰੇ ਵਿਅਕਤੀ ਬਾਹਰਲੇ ਸੂਬਿਆਂ ਤੋਂ ਆਏ ਸਨ, ਜਿਨ੍ਹਾਂ 'ਚ ਬਹੁਗਿਣਤੀ ਕੰਬਾਈਨ ਡਰਾਈਵਰਾਂ/ਮਜ਼ਦੂਰਾਂ ਤੇ ਵਿਦਿਆਰਥੀਆਂ ਦੀ ਸੀ। ਪੰਜਾਬ ਸਰਕਾਰ ਵੱਲੋਂ ਸੂਬੇ ਤੋਂ ਬਾਹਰੋਂ ਆਏ ਹਰੇਕ ਵਿਅਕਤੀ ਨੂੰ ਅਲੱਗ ਰੱਖ ਕੇ ਉਨ੍ਹਾਂ ਦੇ ਕੋਵਿਡ-19 ਦੇ ਟੈਸਟ ਕਰਨ ਦੇ ਹੁਕਮ ਕੀਤੇ ਗਏ ਸਨ। ਡਾ. ਗਿੱਲ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੇ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੂੰ ਘਰਾਂ 'ਚ ਹੀ ਇਕਾਂਤਵਾਸ ਕਰਨ ਦੇ ਹੁਕਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਨਵੇਂ ਵਿਅਕਤੀ ਬਾਹਰਲੇ ਸੂਬਿਆਂ ਤੋਂ ਆ ਰਹੇ ਹਨ, ਉਨ੍ਹਾਂ ਲਈ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਇਕਾਂਤਵਾਸ ਕੇਂਦਰ ਬਣਾਏ ਗਏ ਹਨ ਤੇ ਉਨ੍ਹਾਂ ਨੂੰ ਆਪਣੇ ਪਿੰਡ ਦੇ ਹੀ ਸਕੂਲ 'ਚ ਬਣੇ ਇਕਾਂਤਵਾਸ ਕੇਂਦਰ 'ਚ ਰੱਖਿਆ ਜਾਵੇਗਾ।


author

KamalJeet Singh

Content Editor

Related News