ਲਾਕਡਾਊਨ ਦੀ ਉਲੰਘਣਾ ਸਮੇਂ ਦੁਕਾਨਦਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ, ਵਾਹਨਾਂ ਦੇ ਕੱਟੇ ਚਲਾਨ
Saturday, May 09, 2020 - 01:28 PM (IST)
ਭਵਾਨੀਗੜ੍ਹ (ਕਾਂਸਲ) - ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਰਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਅੱਜ ਸ਼ਹਿਰ ਦੇ ਮੇਨ ਬਜ਼ਾਰ ਵਿਖੇ ਬਿਨ੍ਹਾਂ ਕਾਰਣ ਘੁੰਮਾ ਫੇਰੀ ਕਰਕੇ ਲਾਕਡਾਊਨ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਅਤੇ ਬਜਾਰ ਵਿਚ ਦੁਕਾਨਦਾਰਾਂ ਵੱਲੋਂ ਆਪਣੀਆਂ ਹੱਦਾਂ ਤੋਂ ਬਾਹਰ ਰੱਖੇ ਸਮਾਨ ਨੂੰ ਦੁਕਾਨਾਂ ਦੇ ਅੰਦਰ ਰਖਵਾਇਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਬਾਜ਼ਰ ਵਿਚ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਅੱਜ ਬਜ਼ਾਰ ਵਿਚ ਪਹਿਲਾਂ ਦੁਕਾਨਦਾਰਾਂ ਵੱਲੋਂ ਆਪਣੀਆਂ ਹੱਦਾਂ ਬਾਹਰ ਕੱਢੇ ਗਏ ਸਮਾਨ ਨੂੰ ਦੁਕਾਨਾਂ ਦੇ ਅੰਦਰ ਕਰਵਾਉਣ ਦੇ ਨਾਲ-ਨਾਲ ਦੁਕਾਨਾਂ ਦੇ ਅੱਗੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਦੁਕਾਨਾਂ ਅੱਗੇ ਬੇਤਰਤੀਬੇ ਖੜ੍ਹੇ ਵਾਹਨਾਂ ਨੂੰ ਸਾਇਡ 'ਤੇ ਕਰਵਾਇਆ ਗਿਆ ਅਤੇ ਦੁਕਾਨਦਾਰਾਂ ਨੂੰ ਸਮਾਨ ਆਪਣੀਆਂ ਦੁਕਾਨਾਂ ਦੀਆਂ ਹੱਦਾਂ ਤੋਂ ਬਾਹਰ ਨਾ ਕੱਢਣ, ਦੁਕਾਨਾਂ ਅੰਦਰ ਗ੍ਰਹਾਕਾਂ ਦੀ ਭੀੜ ਨਾ ਕਰਨ ਅਤੇ ਦੁਕਾਨਾਂ ਦੇ ਬਾਹਰ ਇਕ-ਇਕ ਮੀਟਰ ਦੀ ਦੂਰੀ ਦੇ ਪੱਕੇ ਰੰਗ ਨਾਲ ਘੇਰੇ ਬਣਾਉਣ ਦੀਆਂ ਵਿਸ਼ੇਸ਼ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਥਾਣਾ ਮੁਖੀ ਨੇ ਦੱਸਿਆ ਕਿ ਬਜ਼ਾਰ ਨੂੰ ਆਉਣ ਵਾਲੇ ਸਾਰੇ ਰਸਤਿਆਂ ਉਪਰ ਪੂਰੀ ਨਾਕਾਬੰਦੀ ਕਰਕੇ ਬਜ਼ਾਰ ਵਿਚ ਕਾਰਾਂ ਅਤੇ ਹੋਰ ਚਾਰ ਪਹੀਆਂ ਵਾਹਨਾਂ ਦੀ ਐਂਟਰੀ ਨੂੰ ਪੂਰਨ ਤੌਰ 'ਤੇ ਬੰਦ ਕੀਤਾ ਗਿਆ ਹੈ ਅਤੇ ਬਜ਼ਾਰ ਵਿਚ ਦੋ ਪਹੀਆਂ ਵਾਹਨਾਂ ਉਪਰ ਬਿਨ੍ਹਾਂ ਕਾਰਣ ਅਤੇ ਬਿਨ੍ਹਾਂ ਪਾਸ ਤੋਂ ਘੁੰਮਾਫੇਰੀ ਕਰਕੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਨਾਲ-ਨਾਲ ਬਿਨ੍ਹਾਂ ਨੰਬਰੀ ਅਤੇ ਬਿਨ੍ਹਾਂ ਦਸਤਾਵੇਜਾਂ ਵਾਲੇ ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਇਸ ਮੌਕੇ ਪੁਲਿਸ ਵੱਲੋਂ ਬਿਨ੍ਹਾਂ ਨੰਬਰੀ ਘੁੰਮ ਰਹੇ ਕਈ ਵਾਹਨਾਂ ਦੇ ਮੌਕੇ ਉਪਰ ਨੰਬਰ ਵੀ ਲਿਖਾਏ ਗਏ ਅਤੇ ਜਿਨ੍ਹਾਂ ਬਿਨ੍ਹਾਂ ਨੰਬਰੀ ਵਾਹਨ ਚਾਲਕਾਂ ਕੋਲ ਕੋਈ ਦਸਤਾਵੇਜ ਵੀ ਮੌਜੂਦ ਨਹੀਂ ਸਨ ਉਨ੍ਹਾਂ ਦੇ ਵਾਹਨ ਬਾਊਂਡ ਕੀਤੇ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਸਬ ਇੰਸਪੈਕਟਰ ਸੰਤੋਖ ਸਿੰਘ ਅਤੇ ਹੋਰ ਪੁਲਿਸ ਦੇ ਜਵਾਨ ਵੀ ਮੌਜੂਦ ਸਨ।