ਪਿਛਲੇ 33 ਸਾਲਾਂ ’ਚ ਸਿਵਲ ਹਸਪਤਾਲ ਦੇ ਬੈੱਡਾਂ ਦੀ ਗਿਣਤੀ ਸਿਰਫ 100, ਆਬਾਦੀ ਵਧੀ 6 ਗੁਣਾ
Monday, Nov 05, 2018 - 12:44 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਸਿਵਲ ਹਸਪਤਾਲ ਵੈਸੇ ਤਾਂ ਜ਼ਿਲੇ ਦਾ ਹਸਪਤਾਲ ਹੈ, ਜ਼ਿਲੇ ਦੀ ਆਬਾਦੀ ਲਗਭਗ 7 ਲੱਖ ਦੇ ਕਰੀਬ ਹੈ। ਇਸ ਤੋਂ ਇਲਾਵਾ ਆਸੇ-ਪਾਸੇ ਦੇ ਹੋਰ ਜ਼ਿਲਿਅਾਂ ਦੇ ਲੋਕ ਵੀ ਆਪਣਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਬਰਨਾਲਾ ’ਚ ਆਉਂਦੇ ਹਨ। ਪਿਛਲੇ 33 ਵਰ੍ਹਿਆਂ ਤੋਂ ਸਿਵਲ ਹਸਪਤਾਲ ਕੋਲ ਸਿਰਫ 100 ਬੈੱਡ ਹੀ ਹਨ। ਜਦੋਂ ਕਿ ਆਬਾਦੀ 6 ਗੁਣਾ ਵੱਧ ਗਈ ਹੈ। ਫਿਰ ਵੀ ਸਿਵਲ ਹਸਪਤਾਲ ਦੇ ਬੈੱਡਾਂ ਦੀ ਗਿਣਤੀ ਨਹੀਂ ਵਧਾਈ ਗਈ ਹੈ। ਇਸ ਸਮੇਂ ਡੇਂਗੂ ਦੀ ਬੀਮਾਰੀ ਨੇ ਜ਼ੋਰ ਫਡ਼ਿਆ ਹੋਇਆ ਹੈ। ਸਿਵਲ ਹਸਪਤਾਲ ’ਚ ਕੁੱਲ 440 ਮਰੀਜ਼ ਸ਼ੱਕੀ ਡੇਂਗੂ ਦੇ ਆ ਚੁੱਕੇ ਹਨ, ਜਿਸ ’ਚੋਂ 141 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਮਰੀਜ਼ ਕਿਰਾਏ ਦੇ ਮੰਜੇ ਲਿਆ ਕੇ ਆਪਣਾ ਇਲਾਜ ਕਰਵਾਉਣ ਲਈ ਮਜਬੂਰ ਹਨ।
500 ਰੁਪਏ ਸਕਿਓਰਿਟੀ ਭਰ ਕੇ ਕਿਰਾਏ ’ਤੇ ਮੰਜਾ ਲੈ ਕੇ ਆਏ ਹਾਂ
®ਸਿਵਲ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਣ ਆਏ ਬਿਮਲ ਕੁਮਾਰ ਜੋ ਕਿ ਡੇਂਗੂ ਦੀ ਬੀਮਾਰੀ ਤੋਂ ਪੀਡ਼ਤ ਹਨ, ਨੇ ਦੱਸਿਆ ਕਿ ਡੇਂਗੂ ਦੀ ਬੀਮਾਰੀ ਦੇ ਕਾਰਨ ਮੈਨੂੰ ਸਿਵਲ ਹਸਪਤਾਲ ਵਿਚ ਭਰਤੀ ਹੋਣਾ ਪਿਆ ਪਰ ਇਥੇ ਮੈਨੂੰ ਬੈੱਡ ਨਹੀਂ ਮਿਲਿਆ ਤਾਂ ਮੇਰੇ ਪਿਤਾ ਬਾਹਰ ਤੋਂ 500 ਰੁਪਏ ਦੀ ਸਕਿਓਰਿਟੀ ਭਰ ਕੇ ਮੰਜਾ ਲੈ ਕੇ ਆਏ ਹਨ। ਮਜਬੂਰੀਵਸ਼ ਤਾਂ ਅਸੀਂ ਆਪਣਾ ਇਲਾਜ ਸਿਵਲ ਹਸਪਤਾਲ ਵਿਚ ਕਰਵਾਉਂਦੇ ਹਾਂ ਪਰ ਇਥੇ ਵੀ ਸਾਨੂੰ ਕਿਰਾਏ ਦੇ ਮੰਜੇ ਲੈ ਕੇ ਆਪਣਾ ਇਲਾਜ ਕਰਵਾਉਣਾ ਪੈਂਦਾ ਹੈ।
ਵਾਰਡ ’ਚ ਨਹੀਂ ਮਿਲੀ ਜਗ੍ਹਾ, ਇਸ ਲਈ ਪਈ ਹਾਂ ਸਿਵਲ ਹਸਪਤਾਲ ਦੇ ਵਿਹਡ਼ੇ ’ਚ
®ਇਸੇ ਤਰ੍ਹਾਂ ਇਕ ਅੌਰਤ ਕਿਰਾਏ ਦੇ ਮੰਜੇ ’ਤੇ ਸਿਵਲ ਹਸਪਤਾਲ ਦੇ ਵਿਹਡ਼ੇ ਵਿਚ ਪਈ ਸੀ। ਜਦੋਂ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਹਸਪਤਾਲ ਵਿਚ ਕਿਸੇ ਵੀ ਵਾਰਡ ਵਿਚ ਮੰਜੇ ਰੱਖਣ ਦੀ ਥਾਂ ਨਹੀਂ ਸੀ। ਇਲਾਜ ਤਾਂ ਮੈਂ ਕਰਵਾਉਣਾ ਹੀ ਸੀ, ਇਸ ਲਈ ਸਿਵਲ ਹਸਪਤਾਲ ਦੇ ਵਿਹਡ਼ੇ ਵਿਚ ਲੇਟੀ ਹੋਈ ਹਾਂ। ਬੈੱਡ ਵੀ ਕੋਈ ਖਾਲੀ ਨਹੀਂ ਸੀ। ਇਸ ਲਈ ਮੈਂ ਮਜਬੂਰੀ ’ਚ ਕਿਰਾਏ ’ਤੇ ਮੰਜਾ ਲਿਆਈ ਹਾਂ।
ਬੈੱਡਾਂ ਦੀ ਗਿਣਤੀ ਵਧਾ ਕੇ ਕੀਤੀ ਜਾਵੇ 200
®ਰੈਡੀਮੇਡ ਐਸੋ. ਦੇ ਪ੍ਰਧਾਨ ਸੁਸ਼ੀਲ ਭਾਰਤੀ ਨੇ ਕਿਹਾ ਕਿ ਸਿਵਲ ਹਸਪਤਾਲ ਨੂੰ 100 ਬੈੱਡਾਂ ਦਾ ਬਣਿਆਂ 33 ਸਾਲ ਬੀਤ ਚੁੱਕੇ ਹਨ। 33 ਸਾਲਾਂ ’ਚ ਬਰਨਾਲਾ ਦੀ ਗਿਣਤੀ ਤਾਂ 6 ਗੁਣਾ ਵਧ ਗਈ ਹੈ ਪਰ ਸਿਵਲ ਹਸਪਤਾਲ ਦੇ ਬੈੱਡਾਂ ਦੀ ਗਿਣਤੀ ਓਨੀ ਹੀ ਹੈ। ਪੰਜਾਬ ਸਰਕਾਰ ਨੂੰ ਆਬਾਦੀ ਦੇ ਹਿਸਾਬ ਨਾਲ ਹਸਪਤਾਲ ਵਿਚ ਬੈੱਡਾਂ ਦੀ ਗਿਣਤੀ ਵਧਾ ਕੇ 200 ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਕਿਸੇ ਪ੍ਰਕਾਰ ਦੀ ਮੁਸ਼ਕਲ ਪੇਸ਼ ਨਾ ਆਵੇ।
ਹੈਲਥ ਡਾਇਰੈਕਟਰ ਨੂੰ 200 ਕਮਰਿਅਾਂ ਦਾ ਨਕਸ਼ਾ ਬਣਾ ਕੇ ਭੇਜਿਆ ਹੈ : ਐੱਸ. ਐੱਮ. ਓ.
ਜਦੋਂ ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਜਸਵੀਰ ਅੌਲਖ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਨੂੰ ਮਲਟੀਪਲੈਕਸ ਹਸਪਤਾਲ ਬਣਾਉਣ ਲਈ ਇਸ ਦੀ ਇਮਾਰਤ ਦਾ 200 ਬੈੱਡਾਂ ਦਾ ਇਕ ਨਕਸ਼ਾ ਬਣਾ ਕੇ ਹੈਲਥ ਵਿਭਾਗ ਦੇ ਡਾਇਰੈਕਟਰ ਨੂੰ ਭੇਜਿਆ ਹੋਇਆ ਹੈ। ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਬੈੱਡ ਬਹੁਤ ਘੱਟ ਹਨ। -ਡਾ. ਜਸਵੀਰ ਸਿੰਘ ਅੌਲਖ।
ਡਾਕਟਰਾਂ ਦੇ ਕਮਰਿਆਂ ਦੇ ਬਾਹਰ ਲੱਗਦੀਆਂ ਨੇ ਲੰਬੀਆਂ ਲਾਈਨਾਂ
ਆਸਥਾ ਇਨਕਲੇਵ ਦੇ ਐੱਮ. ਡੀ. ਦੀਪਕ ਸੋਨੀ ਨੇ ਕਿਹਾ ਕਿ ਸਿਵਲ ਹਸਪਤਾਲ 100 ਬੈੱਡਾਂ ਦਾ ਹੋਣ ਕਾਰਨ ਇਥੇ ਡਾਕਟਰਾਂ ਦੀ ਗਿਣਤੀ ਵੀ ਘੱਟ ਹੈ ਜਦੋਂ ਕਿ ਸਿਵਲ ਹਸਪਤਾਲ ਵਿਚ ਰੋਜ਼ਾਨਾ 900 ਦੇ ਲਗਭਗ ਓ. ਪੀ. ਡੀ. ਹੁੰਦੀ ਹੈ। ਡਾਕਟਰਾਂ ਦੀ ਗਿਣਤੀ ਘੱਟ ਹੋਣ ਕਾਰਨ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ। ਇਕ ਮਰੀਜ਼ ਨੂੰ ਆਪਣਾ ਚੈੱਕਅਪ ਕਰਵਾਉਣ ਲਈ ਤਿੰਨ ਘੰਟੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਕ ਤਾਂ ਪਹਿਲਾਂ ਹੀ ਮਰੀਜ਼ ਬੀਮਾਰ ਹੁੰਦੇ ਹਨ ਦੂਸਰਾ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਰ ਬੀਮਾਰ ਪੈ ਜਾਂਦੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਿਵਲ ਹਸਪਤਾਲ ਦੇ ਬੈੱਡਾਂ ਦੀ ਗਿਣਤੀ 200 ਕੀਤੀ ਜਾਵੇ।