ਕੇਂਦਰੀ ਜੇਲ ’ਚ ਹਵਾਲਾਤੀ ਨੇ ਕੈਦੀ ਦਾ ਪਾੜਿਆ ਸਿਰ

02/10/2020 11:48:54 PM

ਬਠਿੰਡਾ, (ਵਰਮਾ)- ਕੇਂਦਰੀ ਜੇਲ ਬਠਿੰਡਾ ’ਚ ਕੈਦੀ ਧਿਰਾਂ ’ਚ ਲਡ਼ਾਈ ਦਾ ਸਿਲਸਿਲਾ ਜਾਰੀ ਹੈ, ਐਤਵਾਰ ਨੂੰ ਦਰਜਨ ਤੋਂ ਵਧ ਕੈਦੀ ਆਪਸ ’ਚ ਭਿਡ਼ੇ ਪਰ ਦੇਰ ਰਾਤ ਇਕ ਵਾਰ ਫਿਰ ਜੇਲ ’ਚ ਹੋਈ ਝਡ਼ਪ ’ਚ ਹਵਾਲਾਤੀ ਨੇ ਕੈਦੀ ਦਾ ਸਿਰ ਪਾਡ਼ ਦਿੱਤਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜੇਲ ਪ੍ਰਸ਼ਾਸਨ ਵੱਲੋਂ ਇਸ ਦੀ ਸੂਚਨਾ ਥਾਣਾ ਕੈਂਟ ਨੂੰ ਦਿੱਤੀ ਗਈ। ਪੁਲਸ ਨੇ ਕਾਰਵਾਈ ਲਈ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਨਸ਼ਾ ਸਮੱਗਲਿੰਗ ਦੇ ਦੋਸ਼ ’ਚ ਬੰਦ ਕੈਦੀ ਰਮੇਸ਼ ਜੇਲ ’ਚ ਖਾਣਾ ਖਾ ਰਿਹਾ ਸੀ, ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਸ ਦਾ ਹਵਾਲਾਤੀ ਗਜਨੀ ਨਾਲ ਝਗਡ਼ਾ ਹੋ ਗਿਆ। ਗੱਲ ਇਥੋਂ ਤੱਕ ਵਧ ਗਈ ਕਿ ਗਜਨੀ ਨੇ ਕਿਸੇ ਚੀਜ਼ ਨਾਲ ਕੈਦੀ ਦਾ ਸਿਰ ਪਾਡ਼ ਦਿੱਤਾ। ਖੂਨ ਨਾਲ ਲਥਪਥ ਕੈਦੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਪੁਲਸ ਨੂੰ ਵੀ ਕੋਈ ਬਿਆਨ ਨਹੀਂ ਦਿੱਤਾ, ਜਦਕਿ ਥਾਣਾ ਕੈਂਟ ਦੇ ਪ੍ਰਮੁੱਖ ਨਰਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਹਵਾਲਾਤੀ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

3 ਦਿਨਾਂ ’ਚ ਤੀਜੀ ਘਟਨਾ, ਕੈਦੀਆਂ ਦੀ ਸੁਰੱਖਿਆ ’ਤੇ ਉੱਠੇ ਸਵਾਲ

ਇਸ ਤੋਂ ਪਹਿਲਾਂ ਵੀ ਜੇਲ ’ਚ ਅੱਧਾ ਦਰਜਨ ਤੋਂ ਵਧ ਮਾਮਲੇ ਆ ਚੁੱਕੇ ਹਨ, ਜਿਸ ’ਚ ਕੈਦੀ ਆਪਸ ’ਚ ਭਿਡ਼ਦੇ ਰਹੇ। ਤਿੰਨ ਦਿਨਾਂ ’ਚ ਤਿੰਨ ਵੱਡੀਆਂ ਘਟਨਾਵਾਂ ਕੇਂਦਰੀ ਜੇਲ ’ਚ ਹੋਈਆਂ, ਜਿਸ ’ਚ ਪਤਨੀ ਦੇ ਕਤਲ ਦੇ ਮਾਮਲੇ ’ਚ ਇਕ ਕੈਦੀ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ ਸੀ। ਦੂਜੀ ਘਟਨਾ ਦਰਜਨ ਤੋਂ ਵਧ ਕੈਦੀ 2 ਧਿਰਾਂ ਬਣਾ ਕੇ ਉਲਝ ਗਏ ਅਤੇ ਖੂਬ ਕੁੱਟ-ਮਾਰ ਹੋਈ। ਇਸ ਦੌਰਾਨ 6 ਕੈਦੀ ਜ਼ਖਮੀ ਵੀ ਹੋਏ ਸਨ ਪਰ ਤੀਜੀ ਘਟਨਾ ਨੇ ਤਾਂ ਇਕ ਵਾਰ ਸਾਰਿਆਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਕਿ ਬੇਖੌਫ ਕੈਦੀ ਕਿਵੇਂ ਇਕ-ਦੂਜੇ ਨੂੰ ਮਾਰ ਰਹੇ ਹਨ। ਅਜਿਹੇ ’ਚ ਕੈਦੀਆਂ ਦੀ ਸੁਰੱਖਿਆ ’ਤੇ ਵੀ ਸਵਾਲ ਉੱਠਣ ਲੱਗੇ ਕਿ ਸਰਕਾਰ ਵੱਲੋਂ ਦਿੱਤੇ ਗਏ ਜੇਲ ਪੁਲਸ ਮੁਲਾਜ਼ਮ ਹਾਲਾਤ ’ਤੇ ਕਾਬੂ ਪਾਉਣ ’ਚ ਕਿਵੇਂ ਨਾਕਾਮ ਹੋ ਰਹੇ ਹਨ।


Bharat Thapa

Content Editor

Related News