ਜ਼ਿਲ੍ਹਾ ਫਿਰੋਜ਼ਪੁਰ ’ਚ ਪੁਲਸ ਨੇ ਨਸ਼ੇ ਖ਼ਿਲਾਫ਼ ਤੇਜ਼ ਕੀਤੀ ਮੁਹਿੰਮ, ਹੈਰੋਇਨ ਸਮੇਤ 4 ਨੂੰ ਕੀਤਾ ਕਾਬੂ
Tuesday, Apr 05, 2022 - 05:22 PM (IST)

ਫਿਰੋਜ਼ਪੁਰ (ਕੁਮਾਰ) : ਐੱਸ.ਐੱਸ.ਪੀ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਸ ਨੇ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਵੱਖ-ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਹੈਰੋਇਨ ਨਸ਼ੀਲੀਆਂ ਗੋਲੀਆਂ, ਨਸ਼ੀਲਾ ਪਾਊਡਰ, ਡੋਡੇ ਅਤੇ ਡਰੱਗ ਮਨੀ ਆਦਿ ਬਰਾਮਦ ਕੀਤੇ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਛਾਉਣੀ ਦੇ ਇੰਚਾਰਜ ਇੰਸਪੈਕਟਰ ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਚੌਕੀ ਨੰਬਰ 7 ਫਿਰੋਜ਼ਪੁਰ ਛਾਉਣੀ ਦੇ ਇਲਾਕੇ ’ਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਪੁਲਸ ਪਾਰਟੀ ਨੂੰ ਮੋਗਾ ਵਾਲੀ ਸਾਈਡ ਤੋਂ ਇਕ ਫਾਰਚੂਨਰ ਗੱਡੀ ਆਉਂਦੀ ਦਿਖਾਈ ਦਿੱਤੀ, ਜਿਸਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਡਰਾਈਵਰ ਨੇ ਗੱਡੀ ਪਿੱਛੇ ਵੱਲ ਭੱਜਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਗੱਡੀ ਦਾ ਪਿੱਛਾ ਕਰਕੇ ਵਿੱਚ ਸਵਾਰ ਬਲਕਰਨ ਸਿੰਘ ਉਰਫ ਕਰਨ ਅਤੇ ਰਮਨਦੀਪ ਸਿੰਘ ਉਰਫ ਰਮਨਾ ਵਾਸੀ ਜ਼ਿਲ੍ਹਾ ਬਠਿੰਡਾ ਦੀ ਤਲਾਸ਼ੀ ਲੈਣ ’ਤੇ ਬਲਕਰਨ ਸਿੰਘ ਤੋਂ 60 ਗ੍ਰਾਮ ਨਸ਼ੀਲਾ ਪਾਊਡਰ ਅਤੇ 30 ਹਜ਼ਾਰ ਦੀ ਨਸ਼ੀਲੀ ਦਵਾਈ ਅਤੇ ਰਮਨਦੀਪ ਸਿੰਘ ਕੋਲੋਂ 50 ਗ੍ਰਾਮ ਨਸ਼ੀਲਾ ਪਾਊਡਰ ਅਤੇ 20 ਹਜ਼ਾਰ ਦੀ ਨਕਦੀ ਬਰਾਮਦ ਹੋਈ।
ਇਹ ਵੀ ਪੜ੍ਹੋ : ਨਕੋਦਰ ਥਾਣੇ 'ਚ ਪਿੰਡ ਬਜੂਹਾ ਕਲਾਂ ਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ ਨੇ ਪੁਲਸ 'ਤੇ ਗੰਭੀਰ ਇਲਜ਼ਾਮ
ਦੂਜੇ ਪਾਸੇ ਨਾਰਕੋਟਿਕ ਕੰਟਰੋਲ ਸੈੱਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪੀਰ ਬਿਲਾਵਰ ਦਰਗਾਹ ਖਿਲਚੀਆਂ ਜਦੀਦ ਦੇ ਇਲਾਕੇ ’ਚ ਛਾਪੇਮਾਰੀ ਕਰਦੇ ਹੋਏ ਰਜਿੰਦਰ ਪੁੱਤਰ ਮਹਿੰਦਰ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 10 ਗ੍ਰਾਮ ਹੈਰੋਇਨ, ਇੱਕ ਮੋਬਾਈਲ ਫ਼ੋਨ ਸੈਮਸੰਗ ਕੀਪੈਡ ਅਤੇ 45 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜਿੰਦਰ ਨਾਂ ਦਾ ਇਹ ਵਿਅਕਤੀ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਇਸ ਸਮੇਂ ਹੈਰੋਇਨ ਵੇਚਣ ਲਈ ਪੀਰ ਬਿੱਲਾਵਰ ਦਰਗਾਹ ਨੇੜੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ ਤਾਂ ਪੁਲਸ ਪਾਰਟੀ ਨੇ ਤੁਰੰਤ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਦਿੱਤੀ ਇੱਕ ਹੋਰ ਵੱਡੀ ਰਾਹਤ
ਥਾਣਾ ਮੱਲਾਂ ਵਾਲਾ ਦੇ ਏ.ਐੱਸ.ਆਈ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਗਸ਼ਤ ’ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਦੇਸ ਰਾਜ ਉਰਫ਼ ਦੇਸਾ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 900 ਨਸ਼ੀਲੀਆਂ ਗੋਲੀਆਂ ਅਤੇ 1 ਗ੍ਰਾਮ ਹੈਰੋਇਨ ਬਰਾਮਦ ਹੋਈ। ਉਥੇ ਹੀ ਥਾਣਾ ਮਮਦੋਟ ਦੇ ਏ.ਐੱਸ.ਆਈ ਲੇਖਰਾਜ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੀਰਾ ਪੁੱਤਰ ਮਹਿੰਦਰ ਨਾਮ ਦਾ ਵਿਅਕਤੀ ਆਪਣੇ ਘਰ ਦੇ ਨਾਲ ਲੱਗਦੇ ਖੇਤਾਂ ਵਿੱਚ ਪਿਆਜ਼ ਦੀ ਫ਼ਸਲ ਵਿੱਚ ਪੋਸਤ ਦੇ ਬੂਟੇ ਬੀਜ ਕੇ ਪੋਸਤ ਦੀ ਪੈਦਾਵਾਰ ਕਰਦਾ ਹੈ ਅਤੇ ਹੁਣ ਵੀ ਉਸਨੇ ਜ਼ਮੀਨ ’ਚ ਪੋਸਤ ਬੀਜਿਆ ਹੋਇਆ ਹੈ ਅਤੇ ਇਸ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਛਾਪਾ ਮਾਰ ਕੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ’ਚੋਂ 740 ਗ੍ਰਾਮ ਡੋਡੇ ਬਰਾਮਦ ਕੀਤੇ। ਫੜੇ ਗਏ ਵਿਅਕਤੀਆਂ ਖ਼ਿਲਾਫ਼ ਥਾਣਾ ਕੈਂਟ, ਸਦਰ, ਮੱਲਾਂਵਾਲਾ ਅਤੇ ਮਮਦੋਟ ਥਾਣੇ ਵਿੱਚ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ