ਜ਼ਿਲ੍ਹਾ ਫਿਰੋਜ਼ਪੁਰ ’ਚ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ, 4 ਗ੍ਰਿਫ਼ਤਾਰ, 2 ਫਰਾਰ
Sunday, Jan 23, 2022 - 03:30 PM (IST)

ਫਿਰੋਜ਼ਪੁਰ/ਗੁਰੂਹਰਸਹਾਏ/ਜੀਰਾ (ਕੁਮਾਰ,ਸੁਨੀਲ ਵਿੱਕੀ, ਗੁਰਮੇਲ ਸੇਖਵਾਂ) : ਫਿਰੋਜ਼ਪੁਰ ਦੇ ਥਾਣਾ ਸਦਰ, ਸਿਟੀ, ਕੈਂਟ, ਸਦਰ ਜ਼ੀਰਾ ਅਤੇ ਗੁਰੂਹਰਸਹਾਏ ਦੀ ਪੁਲਸ ਨੇ ਲਾਹਨ ਅਤੇ ਨਜਾਇਜ਼ ਸ਼ਰਾਬ ਬਰਾਮਦ ਕਰਦੇ ਹੋਏ ਵੱਖ-ਵੱਖ ਥਾਣਿਆਂ ’ਚ ਐਕਸਾਈਜ਼ ਐਕਟ ਤਹਿਤ 6 ਵਿਅਕਤੀਆਂ ਖ਼ਿਲਾਫ਼ ਤਹਿਤ ਕੇਸ ਦਰਜ ਕਰਦੇ ਹੋਏ, 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ 2 ਅਜੇ ਵੀ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਚ.ਸੀ ਪਰਮਜੀਤ ਸਿੰਘ, ਐੱਚ.ਸੀ ਰਮੇਸ਼ ਕੁਮਾਰ, ਏ.ਐੱਸ.ਆਈ ਸ਼ਵਿੰਦਰ ਸਿੰਘ, ਏ.ਐੱਸ.ਆਈ ਹਰਬੰਸ ਸਿੰਘ, ਸਬ ਇੰਸਪੈਕਟਰ ਕੁਲਵਿੰਦਰ ਕੌਰ ਅਤੇ ਏ.ਐੱਸ.ਆਈ ਬਲਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਬਰਾਮਦਗੀ ਨੂੰ ਲੈ ਕੇ ਵੱਖ-ਵੱਖ ਥਾਣਿਆਂ ਵਿੱਚ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤੇ ਹਨ।
ਇਹ ਵੀ ਪੜ੍ਹੋ : 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਦੋਸ਼ੀ ਫਰਾਰ
ਥਾਣਾ ਸਦਰ ਦੇ ਐੱਚ.ਸੀ. ਪਰਮਜੀਤ ਸਿੰਘ ਨੇ ਦੱਸਿਆ ਕਿ ਸਰਹੱਦੀ ਪਿੰਡ ਅਲੀਕੇ ਦੇ ਇਲਾਕੇ ’ਚ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਦਿਆਂ 96 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਪੁਲਸ ਨੂੰ ਦੇਖ ਕੇ ਮੰਗਲ ਸਿੰਘ ਨਾਮੀ ਵਿਅਕਤੀ ਫ਼ਰਾਰ ਹੋ ਗਿਆ। ਦੂਜੇ ਪਾਸੇ ਏ.ਐੱਸ.ਆਈ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਬਸਤੀ ਬੋਰੀਆ ਬਾਲੀ ਦੇ ਇਲਾਕੇ ’ਚ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਪੁਲਸ ਪਾਰਟੀ ਨੇ ਸੂਰਜ ਨਾਮਕ ਵਿਅਕਤੀ ਨੂੰ 20 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਐੱਚ.ਸੀ. ਰਮੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਅਲੀਕੇ ਦੇ ਇਲਾਕੇ ’ਚ ਪੁਲਸ ਨੇ ਗੁਰਮੇਜ਼ ਸਿੰਘ ਨੂੰ ਸਵਾ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ, ਜਿਸਨੂੰ ਬਾਅਦ ’ਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : 5 ਹਥਿਆਰਬੰਦ ਲੁਟੇਰਿਆਂ ਵੱਲੋਂ ਘਰ ’ਚ ਦਾਖ਼ਲ ਹੋ ਕੇ ਲੱਖਾਂ ਦੀ ਲੁੱਟ ਨੂੰ ਦਿੱਤਾ ਅੰਜਾਮ
ਦੂਜੇ ਪਾਸੇ ਥਾਣਾ ਛਾਉਣੀ ਦੇ ਏ.ਐੱਸ.ਆਈ ਹਰਬੰਸ ਸਿੰਘ ਨੇ ਦੱਸਿਆ ਕਿ ਥਾਣਾ ਪੁਰਾਣੇ ਬੁੱਚੜ ਖਾਨਾ ਏਰੀਆ ’ਚ ਪੁਲਸ ਨੇ ਸ਼ਾਮ ਲਾਲ ਨੂੰ ਸਵਾ 9 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਸੀ, ਜਿਸਨੂੰ ਬਾਅਦ ’ਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਸਬ-ਇੰਸਪੈਕਟਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਪਿੰਡ ਮਹੀਆਂ ਵਾਲਾ ਕਲਾਂ ਕੋਲ ਮੋਟਰਸਾਈਕਲ ’ਤੇ ਆ ਰਹੇ ਦਰਸ਼ਨ ਸਿੰਘ ਨੂੰ 20 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਥਾਣਾ ਗੁਰੂਹਰਸਹਾਏ ਦੇ ਏ.ਐੱਸ.ਆਈ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਬੀੜ ਹਰਬੰਸਪੁਰਾ ਦੇ ਏਰੀਏ ’ਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਦਿਆਂ 90 ਲੀਟਰ ਲਾਹਣ ਬਰਾਮਦ ਕੀਤੀ, ਜਦਕਿ ਕੇਵਲ ਸਿੰਘ ਨਾਮੀ ਵਿਅਕਤੀ ਪੁਲਸ ਨੂੰ ਦੇਖ ਕੇ ਫ਼ਰਾਰ ਹੋ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ