ਪਤਨੀ ਦੀ ਇੰਗਲੈਂਡ ਜਾਣ ਦੀ ਸ਼ਰਤ ਨੇ ਉਜਾੜਿਆ ਪਰਿਵਾਰ, ਦੁਖ਼ੀ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ

03/22/2023 1:06:04 PM

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ): ਫਿਰੋਜ਼ਪੁਰ 'ਚ ਪਤਨੀ ਤੋਂ ਪ੍ਰੇਸ਼ਾਨ ਵਿਅਕਤੀ ਵੱਲੋਂ ਆਪਣੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਬੇਦੀ ਕਾਲੋਨੀ ਦਾ ਹੈ। ਥਾਣਾ ਸਿਟੀ ਪੁਲਸ ਨੇ ਮ੍ਰਿਤਕ ਤਰਸੇਮ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਗੋਰਾ ਪਿੰਡ ਵਰਿਆਮਵਾਲਾ ਦੇ ਬਿਆਨਾਂ ਦੇ ਆਧਾਰ ’ਤੇ ਉਸਦੀ ਪਤਨੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਏ. ਐੱਸ. ਆਈ. ਆਯੂਬ ਮਸੀਹ ਦੇ ਅਨੁਸਾਰ ਗੁਰਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਭਰਾ ਤਰਸੇਮ ਸਿੰਘ ਜੁਝਾਰ ਬੱਸ ਸਰਵਿਸ ’ਚ ਕੰਡਕਟਰ ਲੱਗਾ ਹੋਇਆ ਹੈ। ਉਹ ਪਿਛਲੇ ਕਰੀਬ ਦੋ ਸਾਲ ਤੋਂ ਆਪਣੀ ਪਤਨੀ ਨਵਜੋਤ ਕੌਰ ਦੇ ਨਾਲ ਬੇਦੀ ਕਾਲੋਨੀ ਫੇਜ਼ 3 ’ਚ ਰਹਿ ਰਿਹਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਨਵਜੋਤ ਕੌਰ ਘਰ ਰਹਿਣ ਦੀ ਬਜਾਏ ਜ਼ਿਆਦਾਤਰ ਬਾਹਰ ਘੁੰਮਦੀ ਰਹਿੰਦੀ ਹੈ, ਜਿਸ ਕਾਰਨ ਦੋਵਾਂ ਪਤੀ-ਪਤਨੀ ’ਚ ਝਗੜਾ ਰਹਿੰਦਾ ਸੀ। ਇਨ੍ਹਾਂ ਦੋਵਾਂ ਵਿਚਾਲੇ ਕਈ ਵਾਰ ਪੰਚਾਇਤੀ ਰਾਜੀਨਾਮਾ ਹੋ ਚੁੱਕਾ ਹੈ।

ਇਹ ਵੀ ਪੜ੍ਹੋ- ਕੋਟਕਪੂਰਾ ਗੋਲੀਕਾਂਡ : ਸਾਬਕਾ DGP ਸੁਮੇਧ ਸੈਣੀ ਸਮੇਤ 3 ਪੁਲਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ

ਉਸ ਨੇ ਦੋਸ਼ ਲਗਾਏ ਕਿ ਕਰੀਬ 15 ਦਿਨ ਪਹਿਲਾਂ ਨਵਜੋਤ ਕੌਰ ਬਿਨਾਂ ਦੱਸੇ ਆਪਣੇ ਪੇਕੇ ਘਰ ਚਲੀ ਗਈ ਅਤੇ ਘਰ ਦੀ ਰਜਿਸਟਰੀ ਤੇ ਹੋਰ ਕਾਗਜਾਤ ਆਪਣੇ ਨਾਲ ਲੈ ਗਈ। ਉੱਥੇ ਜਾ ਕੇ ਤਰਸੇਮ ਸਿੰਘ ’ਤੇ ਦਬਾਓ ਬਣਾਉਣ ਲੱਗੀ ਕਿ ਮਕਾਨ ਵੇਚ ਕੇ ਉਸ ਨੂੰ ਇੰਗਲੈਂਡ ਭੇਜਣ ਦਾ ਪ੍ਰਬੰਧ ਕਰੇ ਜਦਕਿ ਤਰਸੇਮ ਸਿੰਘ ਮਕਾਨ ਵੇਚਣ ਦੇ ਲਈ ਤਿਆਰ ਨਹੀਂ ਹੈ। ਇਸੇ ਦੌਰਾਨ ਨਵਜੋਤ ਕੌਰ ਨੇ ਤਰਸੇਮ ਸਿੰਘ ਦੇ ਨਾਲ ਸਾਂਝੇ ਬੈਂਕ ਖਾਤੇ ’ਚੋਂ ਸਾਰੇ ਪੈਸੇ ਕਢਵਾ ਲਏ। ਇਸੇ ਗੱਲੋਂ ਪ੍ਰੇਸ਼ਾਨ ਤਰਸੇਮ ਨੇ ਘਰ ’ਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਏ. ਐੱਸ. ਆਈ. ਨੇ ਦੱਸਿਆ ਕਿ ਨਵਜੋਤ ਕੌਰ ਦੇ ਖ਼ਿਲਾਫ਼ ਧਾਰਾ 306 ਦਾ ਪਰਚਾ ਦਰਜ ਕਰਨ ਤੋਂ ਬਾਅਦ ਉਸਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਕਰਜ਼ੇ ਨੇ ਪੁਆਏ ਘਰ 'ਚ ਵੈਣ, ਬਠਿੰਡਾ ਵਿਖੇ 40 ਸਾਲਾ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News