IELTS ਕਰਵਾ ਕੈਨੇਡਾ ਭੇਜੀ ਪਤਨੀ ਦੀ ਬਦਲੀ ਨਿਅਤ, ਪਤੀ ਨੇ ਕੀਤੀ ਖੁਦਕੁਸ਼ੀ

Tuesday, Feb 11, 2020 - 09:36 PM (IST)

IELTS ਕਰਵਾ ਕੈਨੇਡਾ ਭੇਜੀ ਪਤਨੀ ਦੀ ਬਦਲੀ ਨਿਅਤ, ਪਤੀ ਨੇ ਕੀਤੀ ਖੁਦਕੁਸ਼ੀ

ਅੱਪਰਾ, (ਅਜਮੇਰ)- ਪਿੰਡ ਮਸਾਣੀ ਵਿਖੇ ਇਕ ਨੌਜਵਾਨ ਮਨਦੀਪ ਸਿੰਘ ਢੀਂਡਸਾ (32) ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੇ ਜੀਵਨ ਦਾ ਅੰਤ ਕਰ ਲਿਆ। ਉਸ ਦੀ ਮੌਤ ਨਾਲ ਪੂਰਾ ਪਰਿਵਾਰ ਸਦਮੇ 'ਚ ਹੈ ਅਤੇ ਮ੍ਰਿਤਕ ਦੇ ਪਿਤਾ ਗੁਰਦਾਵਰ ਸਿੰਘ ਢੀਂਡਸਾ ਨੇ ਲੜਕੇ ਦੀ ਮੌਤ ਦਾ ਦੋਸ਼ ਉਸ ਦੀ ਪਤਨੀ ਅਤੇ ਸਹੁਰਾ ਪਰਿਵਾਰ 'ਤੇ ਮੜ੍ਹਦਿਆਂ ਮੰਗ ਕੀਤੀ ਕਿ ਸਾਰਿਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਗੁਰਦਾਵਰ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੇ ਲੜਕੇ ਮਨਦੀਪ ਸਿੰਘ ਦਾ ਵਿਆਹ ਗੁਰਾਇਆ ਲਾਗੇ ਪੈਂਦੇ ਪਿੰਡ ਘੁੜਕਾ ਦੇ ਗੁਰਦੇਵ ਸਿੰਘ ਦੀ ਲੜਕੀ ਅਮਨਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਲੜਕੀ ਦੀ ਇੱਛਾ ਸੀ ਕਿ ਵਿਆਹ ਤੋਂ ਪਹਿਲਾਂ ਕੀਤੇ ਆਈਲੈਟਸ 'ਚ ਉਸ ਦੇ ਬੈਂਡ ਘੱਟ ਆਏ ਹਨ, ਜੇਕਰ ਤੁਸੀਂ ਮੈਨੂੰ ਦੁਬਾਰਾ ਆਈਲੈਟਸ ਕਰਨ ਦਾ ਮੌਕਾ ਦਿਓ ਤਾਂ ਮੈਂ ਵੱਧ ਬੈਂਡ ਲੈ ਸਕਦੀ ਹਾਂ ਅਤੇ ਅਸੀਂ ਦੋਵੇਂ ਪਤੀ-ਪਤਨੀ ਕੈਨੇਡਾ ਜਾ ਸਕਦੇ ਹਾਂ।

ਮੇਰਾ ਲੜਕਾ ਮਨਦੀਪ ਸਿੰਘ ਆਪਣੀ ਪਤਨੀ ਨੂੰ ਆਈਲੈਟਸ ਕਰਵਾਉਣ ਲਈ ਰਾਜ਼ੀ ਹੋ ਗਿਆ ਅਤੇ ਰੋਜ਼ਾਨਾ ਹੀ ਉਸ ਨੂੰ ਗੁਰਾਇਆ ਆਈਲੈਟਸ ਸੈਂਟਰ ਲੈ ਕੇ ਜਾਣ ਅਤੇ ਲਿਆਉਣ ਲੱਗ ਪਿਆ। ਵਿਆਹ ਤੋਂ 9 ਮਹੀਨੇ ਬਾਅਦ ਲੜਕੀ ਨੇ ਜ਼ਰੂਰੀ ਬੈਂਡ ਲੈ ਲਏ ਅਤੇ ਅਸੀਂ ਸਾਰਾ ਪੈਸਾ ਖਰਚ ਕਰ ਕੇ ਉਸ ਨੂੰ ਕੈਨੇਡਾ ਭੇਜ ਦਿੱਤਾ ਪਰ ਕੈਨੇਡਾ ਪਹੁੰਚਣ ਤੋਂ ਬਾਅਦ ਉਸ ਦੀ ਨੀਅਤ ਬਦਲ ਗਈ ਅਤੇ ਉਸ ਨੇ ਮਨਦੀਪ ਨੂੰ ਫੋਨ ਕਰਨਾ ਵੀ ਬੰਦ ਕਰ ਦਿੱਤਾ। ਇਸ ਕਾਰਣ ਮਨਦੀਪ ਡਿਪਰੈਸ਼ਨ 'ਚ ਰਹਿਣ ਲੱਗ ਪਿਆ। ਉਸ ਨੇ ਬਹੁਤ ਵਾਰ ਉਸ ਦੀ ਮਿੰਨਤ ਕੀਤੀ ਕਿ ਉਹ ਤੇਰੇ ਬਿਨਾਂ ਨਹੀਂ ਰਹਿ ਸਕਦਾ, ਜੇ ਤੂੰ ਮੈਨੂੰ ਸੱਦ ਨਹੀਂ ਸਕਦੀ ਤਾਂ ਵਾਪਸ ਆ ਜਾ ਪਰ ਅਮਨਦੀਪ ਕੌਰ ਨੇ ਕੋਈ ਗੱਲ ਨਹੀਂ ਗੌਲੀ, ਜਿਸ ਕਾਰਣ ਮਨਦੀਪ ਨੇ ਇਹ ਦਰਦ ਨਾ ਸਹਾਰਦੇ ਹੋਏ ਆਪਣੀ ਜੀਵਨ ਲੀਲਾ ਖਤਮ ਕਰ ਲਈ। ਗੁਰਦਾਵਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਦੇ ਸਹੁਰਾ ਪਰਿਵਾਰ ਨਾਲ ਉਸ ਨੇ ਵੀ ਕਈ ਵਾਰ ਗੱਲ ਕੀਤੀ ਪਰ ਉਨ੍ਹਾਂ ਹਰ ਵਾਰ ਸਾਡੇ ਪੱਲੇ ਨਿਰਾਸ਼ਾ ਹੀ ਪਾਈ ਅਤੇ ਇਨ੍ਹਾਂ ਸਾਰਿਆਂ ਨੇ ਸਾਜ਼ਿਸ਼ ਤਹਿਤ ਮੇਰੇ ਪੁੱਤਰ ਦੀ ਜਾਨ ਲੈ ਲਈ ਅਤੇ ਮੇਰਾ ਇਕੋ-ਇਕ ਪੁੱਤਰ ਸੀ ਅਤੇ ਮੈਂ ਹੁਣ ਬੇਜਾਨ ਹੋ ਕੇ ਰਹਿ ਗਿਆ ਹਾਂ।
ਮ੍ਰਿਤਕ ਮਨਦੀਪ ਸਿੰਘ ਦੇ ਪਿਤਾ ਗੁਰਦਾਵਰ ਸਿੰਘ ਢੀਂਡਸਾ ਦੇ ਬਿਆਨਾਂ 'ਤੇ ਲੜਕੇ ਦੇ ਸਹੁਰਾ ਪਰਿਵਾਰ 'ਚੋਂ ਉਸ ਦੀ ਪਤਨੀ ਅਮਨਦੀਪ ਕੌਰ, ਸਹੁਰਾ ਗੁਰਦੇਵ ਸਿੰਘ, ਸੱਸ ਰਣਜੀਤ ਕੌਰ, ਪਤਨੀ ਦੇ ਭਰਾ ਸਿਬਲਜੀਤ ਸਿੰਘ 'ਤੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News