ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਸੰਗਰੂਰ ’ਚ ਸੈਂਕੜੇ ਨੌਜਵਾਨਾਂ ਨੇ ਕੱਢਿਆ ਕੈਂਡਲ ਮਾਰਚ
Thursday, Aug 25, 2022 - 09:04 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਅੱਜ ਪੰਜਾਬ ਅੰਦਰ ਕੈਂਡਲ ਮਾਰਚ ਕੱਢਣ ਦੀ ਅਪੀਲ ਨੂੰ ਲੈ ਕੇ ਸੰਗਰੂਰ ਸ਼ਹਿਰ ’ਚ ਨੌਜਵਾਨ ਆਗੂ ਵਿਨਰਜੀਤ ਸਿੰਘ ਗੋਲਡੀ ਖਡਿਆਲ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ’ਚ ਇਕੱਠੇ ਹੋਏ ਨੌਜਵਾਨਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਇਹ ਕੈਂਡਲ ਮਾਰਚ ਪੰਜਾਬ ਅੰਦਰ ਕੱਢਣ ਲਈ ਨੌਜਵਾਨ ਵਰਗ ਨੂੰ ਅਪੀਲ ਕੀਤੀ ਗਈ ਸੀ। ਸਿੱਧੂ ਮੂਸੇਵਾਲਾ ਦੇ ਪਰਮ ਮਿੱਤਰ ਵਿਨਰਜੀਤ ਸਿੰਘ ਖਡਿਆਲ ਨੇ ਦੱਸਿਆ ਕਿ ਅੱਜ ਦਾ ਇਹ ਕੈਂਡਲ ਮਾਰਚ ਕਾਲੀ ਮਾਤਾ ਮੰਦਰ ਪਟਿਆਲਾ ਗੇਟ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਵਿਚ ਦੀ ਹੁੰਦਾ ਹੋਇਆ ਬੱਸ ਸਟੈਂਡ ਵਿਖੇ ਪੁੱਜਿਆ, ਜਿਥੇ ਸੈਂਕੜਿਆਂ ਦੀ ਗਿਣਤੀ ’ਚ ਨੌਜਵਾਨਾਂ ਵੱਲੋਂ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਤੇ ਇਨਸਾਫ਼ ਦਿਵਾਉਣ ਲਈ ਲਿਖੀਆਂ ਗਈਆਂ ਤਕਰੀਰਾਂ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਵਾਸਤੇ ਪਰਿਵਾਰ ਵੱਲੋਂ ਕੱਢਿਆ ਜਾ ਰਿਹਾ ਕੈਂਡਲ ਮਾਰਚ (ਦੇਖੋ ਤਸਵੀਰਾਂ)

ਇਸ ਮੌਕੇ ਕੈਂਡਲ ਮਾਰਚ ਨੂੰ ਸੰਬੋਧਨ ਕਰਦਿਆਂ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਅਸਲੀ ਕਾਤਲਾਂ ਨੂੰ ਫੜਨ ਵਿਚ ਸਰਕਾਰਾਂ ਬੁਰੀ ਤਰ੍ਹਾਂ ਫੇਲ੍ਹ ਹੋਈਆਂ ਹਨ, ਉਨ੍ਹਾਂ ਕਿਹਾ ਕਿ ਜੋ ਵਿਅਕਤੀ ਫੜੇ ਗਏ ਹਨ, ਉਹ ਸਿਰਫ਼ ਕਿਰਾਏ ’ਤੇ ਕੰਮ ਕਰਨ ਵਾਲੇ ਲੋਕ ਹਨ, ਜਦਕਿ ਸਿੱਧੂ ਮੂਸੇਵਾਲਾ ਦੇ ਅਸਲ ਕਾਤਲ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਇਸ ਮੌਕੇ ਗੋਲਡੀ ਖਡਿਆਲ ਨੇ ਕਿਹਾ ਕਿ ਇਹ ਕੈਂਡਲ ਮਾਰਚ ਕਿਸੇ ਰਾਜਨੀਤਕ ਪਾਰਟੀ ਜਾਂ ਮੰਚ ਵੱਲੋਂ ਨਹੀਂ ਸਗੋਂ ਵੱਖ-ਵੱਖ ਜਥੇਬੰਦੀਆਂ ਦੇ ਨੌਜਵਾਨਾਂ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ ਹੈ, ਜੋ ਲੋਕ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਸਨ ਅਤੇ ਉਸ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ।
