ਘਰੇਲੁ ਬਿਜਲੀ ਦੇ ਲੰਮੇ ਕੱਟ ਲੱਗਣ ਕਾਰਨ ਲੋਕ ਪ੍ਰੇਸ਼ਾਨ
Monday, Apr 13, 2020 - 04:26 PM (IST)
ਬੁਢਲਾਡਾ (ਮਨਜੀਤ) - ਕੋਰੋਨਾ ਬੀਮਾਰੀ ਦੀ ਰੋਕਥਾਮ ਲਈ ਸੂਬੇ ਭਰ ਵਿਚ ਕਰਫਿਊ ਲਗਾਇਆ ਹੋਇਆ ਹੈ, ਜਿਸ ਕਰਕੇ ਲੋਕ ਆਪਣੇ ਤੰਗ ਘਰਾਂ ਅੰਦਰ ਬੰਦ ਹਨ। ਹੁਣ ਬਿਜਲੀ ਦੇ ਲੰਬੇ ਕੱਟਾਂ ਕਾਰਨ ਲੋਕ ਪ੍ਰੇਸ਼ਾਨੀ ਦੇ ਆਲਮ ਵਿਚੋਂ ਲੰਘ ਰਹੇ ਹਨ। ਜਿਸ ਤਹਿਤ ਬਿਜਲੀ ਬੋਰਡ ਵਲੋਂ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਨੂੰ ਬਿਜਲੀ ਦੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਲੰਮੇ ਕੱਟ ਲਾ ਕੇ ਲੋਕਾਂ ਨੂੰ ਸੋਚਾਂ ਵਿਚ ਪਾ ਕੇ ਰੱਖ ਦਿੱਤਾ ਹੈ। ਸਰਪੰਚ ਗੁਰਲਾਲ ਸਿੰਘ ਗੋਬਿੰਦਪੁਰਾ ਨੇ ਮੰਗ ਕੀਤੀ ਹੈ ਕਿ ਸਰਕਾਰ ਬਿਜਲੀ ਕੱਟ ਲਗਾਉਣੇ ਤੁਰੰਤ ਬੰਦ ਕਰੇ ਅਤੇ ਨਾਲ ਖੇਤੀ ਸੈਕਟਰ ਹਰੇ-ਚਾਰੇ ਅਤੇ ਸਬਜੀਆਂ ਲਈ ਸਵੇਰੇ 4 ਤੋਂ 6 ਵਜੇ ਤੱਕ ਲਾਇਟ ਯਕੀਨੀ ਸਪਲਾਈ ਬਣਾਈ ਜਾਵੇ ਤਾਂ ਜੋ ਇਸ ਮੁਸੀਬਤ ਦੀ ਘੜੀ ਵਿਚ ਲੋਕ ਸੁੱਖ ਦਾ ਸਾਹ ਲੈ ਸਕਣ।
ਜ਼ਿਲਾ ਯੂਥ ਕਾਂਗਰਸ ਵਲੋਂ ਜ਼ਿਲੇ ਦੇ ਲੋੜਵੰਦ ਪਰਿਵਾਰ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ : ਭੂਪਾਲ
ਬੋਹਾ (ਮਨਜੀਤ) - ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲੱਗੇ ਕਰਫਿਊ ਦੌਰਾਨ ਲੋੜਵੰਦਾਂ ਨੂੰ ਘਰ ਦੇ ਘਰੇਲੂ ਸਮਾਨ ਦੀ ਦਿੱਕਤ ਨੂੰ ਦੇਖਦੇ ਹੋਏ ਹੋਏ ਅੱਜ ਬੁਢਲਾਡਾ ਹਲਕੇ ਦੇ ਪਿੰਡ ਆਂਡਿਆਵਾਲੀ ਵਿਖੇ 70 ਦੇ ਕਰੀਬ ਪਰਿਵਾਰਾਂ ਨੂੰ ਗ੍ਰਾਮ ਪੰਚਾਇਤ ਅਤੇ ਜ਼ਿਲਾ ਯੂਥ ਕਾਂਗਰਸ ਵਲੋਂ ਸੁੱਕਾ ਰਾਸ਼ਨ ਵੰਡਿਆ ਗਿਆ। ਜ਼ਿਲਾ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸਪਿੰਦਰਵੀਰ ਸਿੰਘ ਭੂਪਾਲ ਨੇ ਰਾਸ਼ਨ ਵੰਡਣ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲਾ ਯੂਥ ਕਾਂਗਰਸ ਹਰ ਲੋੜਵੰਦ ਪਰਿਵਾਰ ਨੂੰ ਜ਼ਿਲੇ ਵਿਚ ਰਾਸ਼ਨ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਅਤੇ ਆਪਣੀ ਟੀਮ ਵਲੋਂ ਜ਼ਿਲੇ ਦੇ ਹਰ ਪਿੰਡ ਵਿਚ ਲੋੜਵੰਦ ਪਰਿਵਾਰ ਨੂੰ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਹ ਸਮਾਂ ਕੁਦਰਤ ਦੀ ਕਰੋਪੀ ਦਾ ਹੈ।
ਕੁਝ ਪਰਿਵਾਰ ਅਜਿਹੇ ਹਨ, ਜੋ ਆਪਣੇ ਇਕ ਦਿਨ ਦੀ ਕਮਾਈ ਨਾਲ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਅਜਿਹੇ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਦੀ ਚਿੰਤਾ ਸਤਾ ਰਹੀ ਹੈ। ਉਹ ਅਜਿਹੇ ਪਰਿਵਾਰਾਂ ਲਈ ਆਪਣੀ ਪੂਰੀ ਟੀਮ ਨਾਲ ਮਿਲ ਕੇ ਇਕ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਨ ਕਿ ਜਿਲ੍ਹੇ ਦਾ ਕੋਈ ਵੀ ਗਰੀਬ ਪਰਿਵਾਰ ਰੋਟੀ ਤੋਂ ਭੁੱਖਾ ਨਾ ਸੋਂਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਲੋੜਵੰਦ ਪਰਿਵਾਰ ਰਾਸ਼ਨ ਤੋਂ ਵਾਂਝਾ ਰਹਿੰਦਾ ਹੈ ਤਾਂ ਉਹ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਸਕਦਾ ਹੈ।ਇਸ ਮੌਕੇ ਯੂਥ ਕਾਂਗਰਸੀ ਆਗੂ ਕਾਲਾ ਝਲਬੂਟੀ, ਸਰਪੰਚ ਸੁਖਦੇਵ ਸਿੰਘ, ਪੰਚ ਭੋਲਾ ਸਿੰਘ, ਗੁਰਚਰਨ ਸਿੰਘ, ਬੂਟਾ ਸਿੰਘ, ਸਤਨਾਮ ਸਿੰਘ, ਮੇਲਾ ਸਿੰਘ, ਬੂਟਾ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਕਈ ਮੋਹਤਬਰ ਵਿਅਕਤੀ ਮੌਜੂਦ ਸਨ।