ਘਰ ’ਚ ਲੱਗੀ ਅੱਗ, 2 ਲੱਖ ਦਾ ਨੁਕਸਾਨ
Saturday, Dec 01, 2018 - 01:32 AM (IST)

ਸ਼ੇਰਪੁਰ, (ਸਿੰਗਲਾ)- ਪਿੰਡ ਕਾਲਾਬੂਲਾ ਵਿਖੇ ਇਕ ਘਰ ’ਚ ਅੱਗ ਲੱਗਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਸਮਾਜ ਭਲਾਈ ਮੰਚ ਦੇ ਪ੍ਰਧਾਨ ਰਜਿੰਦਰਜੀਤ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਰਾਮ ਸਿੰਘ ਪੁੱਤਰ ਸੁਖਚਰਨ ਸਿੰਘ ਵਾਸੀ ਕਾਲਾਬੂਲਾ ਦੇ ਘਰ ’ਚ ਲੰਘੀ ਰਾਤ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਰਕੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਰਾਤ ਨੂੰ 1.30 ਵਜੇ ਦੇ ਕਰੀਬ ਲੱਗਿਆ, ਜਿਸ ’ਤੇ ਪਿੰਡ ਵਾਸੀਆਂ ਨੇ ਤੁਰੰਤ ਅੱਗ ’ਤੇ ਕਾਬੂ ਪਾਉਣ ਲਈ ਉਪਰਾਲਾ ਕੀਤਾ। ਇਸ ਹਾਦਸੇ ’ਚ ਘਰ ਦਾ ਸਾਮਾਨ ਜਿਵੇਂ ਬੈੱਡ, ਮੰਜੇ, ਫਰਿੱਜ, ਟੀ.ਵੀ., ਕੱਪਡ਼ਾ, ਗਹਿਣੇ, ਪੇਟੀ ਆਦਿ ਸਡ਼ ਕੇ ਸੁਆਹ ਹੋ ਗਿਆ। ਇਸ ਘਟਨਾ ਵਿਚ ਪੀਡ਼ਤ ਰਾਮ ਸਿੰਘ ਦਾ ਲਗਭਗ 2 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਰਾਮ ਸਿੰਘ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਭੱਠਾ ਮਜ਼ਦੂਰੀ ਕਰ ਕੇ ਕਰਦਾ ਹੈ। ਸਮਾਜ ਭਲਾਈ ਮੰਚ ਦੇ ਪ੍ਰਧਾਨ ਰਜਿੰਦਰਜੀਤ ਸਿੰਘ ਕਾਲਾਬੂਲਾ, ਰਣਜੀਤ ਸਿੰਘ ਕਾਲਾਬੂਲਾ, ਸਮਾਜ ਸੇਵੀ ਗੁਰਦਿਆਲ ਸਿੰਘ ਸੀਤਲ, ਦਰਸ਼ਨ ਸਿੰਘ ਬਾਜਵਾ, ਹਰਵਿੰਦਰ ਸਿੰਘ ਕੁੱਕੂ, ਯਾਦਵਿੰਦਰ ਸਿੰਘ ਮਾਹੀ, ਨਰਿੰਦਰ ਸਿੰਘ ਅੱਤਰੀ ਆਦਿ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੇ ਪੀਡ਼ਤ ਰਾਮ ਸਿੰਘ ਦੀ ਆਰਥਕ ਮਦਦ ਕੀਤੀ ਜਾਵੇ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਇਸ ਪਰਿਵਾਰ ਦੀ ਮਦਦ ਕਰਨ ਲਈ ਅੱਗੇ ਆਉਣ।