ਮਾਮਲਾ ਫਰਸ਼ ''ਤੇ ਜਨਮੇ ਨਵਜਾਤ ਦਾ, ਸਿਹਤ ਮੰਤਰੀ ਦੇ ਹੁਕਮਾਂ ''ਤੇ 4 ਮੈਂਬਰੀ ਜਾਂਚ ਕਮੇਟੀ ਗਠਿਤ
Saturday, Jan 11, 2020 - 10:47 AM (IST)

ਮੋਗਾ (ਸੰਦੀਪ): ਵੀਰਵਾਰ ਦੀ ਤੜਕਸਾਰ ਜ਼ਿਲਾ ਪੱਧਰੀ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਲੇਬਰ ਰੂਮ ਦੇ ਬਾਹਰ ਹੀ ਫਰਸ਼ 'ਤੇ ਜਨਮੇ ਬੱਚੇ ਦਾ ਮਾਮਲਾ ਚੰਡੀਗੜ੍ਹ ਸਿਹਤ ਮੰਤਰੀ ਤੱਕ ਪਹੁੰਚਣ ਦੇ ਨਾਲ-ਨਾਲ ਕੌਮੀ ਮਹਿਲਾ ਕਮਿਸ਼ਨ ਦੀ ਮੈਂਬਰ ਰਾਜੁਬਿਨ ਦੇਸਾਈ ਕੋਲ ਵੀ ਪਹੁੰਚ ਗਿਆ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਿਵਲ ਸਰਜਨ ਮੋਗਾ ਦੀ ਕਲਾਸ ਲਾਉਂਦਿਆਂ ਤੁਰੰਤ ਉਨ੍ਹਾਂ ਨੂੰ ਜਾਂਚ ਕਮੇਟੀ ਦਾ ਗਠਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਇਹੀ ਨਹੀਂ ਉਨ੍ਹਾਂ ਸਿਵਲ ਸਰਜਨ ਨੂੰ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਹ ਉਨ੍ਹਾਂ ਨੂੰ ਸਸਪੈਂਡ ਤੱਕ ਵੀ ਕਰ ਸਕਦੇ ਹਨ। ਇਸ ਮਾਮਲੇ ਸਬੰਧੀ ਐੱਸ. ਐੱਮ. ਓ. ਤੋਂ ਵੀ ਜਵਾਬ ਮੰਗਿਆਂ ਗਿਆ ਹੈ। ਸਿਵਲ ਸਰਜਨ ਮੋਗਾ ਡਾ. ਹਰਿੰਦਰ ਪਾਲ ਸਿੰਘ ਵੱਲੋਂ ਸਿਹਤ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਤੁਰੰਤ 4 ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਕਮੇਟੀ 'ਚ ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ, ਜ਼ਿਲਾ ਪਰਿਵਾਰ ਯੋਜਨਾ ਅਫਸਰ ਡਾ. ਰੁਪਿੰਦਰ ਕੌਰ, ਜ਼ਿਲਾ ਟੀਕਾਕਰਨ ਅਫਸਰ ਡਾ. ਹਰਿੰਦਰ ਸ਼ਰਮਾ ਅਤੇ ਔਰਤਾਂ ਦੇ ਰੋਗਾਂ ਦੇ ਮਾਹਰ ਡਾ. ਨੀਰਜ ਭਗਤ ਨੂੰ ਰੱਖਿਆ ਗਿਆ ਹੈ। ਅੱਜ ਜਿੱਥੇ ਜਾਂਚ ਕਮੇਟੀ ਵੱਲੋਂ ਜੱਚਾ-ਬੱਚਾ ਵਾਰਡ 'ਚ ਦਾਖਲ ਪੀੜਤਾ ਅਮਨਦੀਪ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ, ਉੱਥੇ ਹੀ ਡਿਊਟੀ ਸਟਾਫ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਪਰ ਇਹ ਜਾਂਚ ਦੀ ਸ਼ੁਰੂਆਤ ਹੀ ਦੱਸੀ ਜਾ ਰਹੀ ਹੈ।
ਦੂਸਰੇ ਪਾਸੇ ਸਟਾਫ ਨਰਸ ਯੂਨੀਅਨ ਵੱਲੋਂ ਜੱਚਾ-ਬੱਚਾ ਵਾਰਡ 'ਚ ਲੋੜ ਮੁਤਾਬਕ ਨਰਸਿੰਗ ਸਟਾਫ ਦੀ ਤਾਇਨਾਤੀ ਨਾ ਹੋਣ ਕਰ ਕੇ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਨ ਦੀ ਗੱਲ ਕਹੀ ਗਈ ਸੀ ਅਤੇ ਇਸ ਘਟਨਾ ਤੋਂ ਬਾਅਦ ਤੁਰੰਤ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਨੂੰ ਵਾਰਡ ਦੇ ਵਰਕ ਲੋਡ ਨੂੰ ਵੇਖਦਿਆਂ ਮੰਗ-ਪੱਤਰ ਰਾਹੀਂ ਲੋੜ ਮੁਤਾਬਕ ਨਰਸਿੰਗ ਸਟਾਫ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਸੀ।
ਬੱਚੇ ਨੂੰ ਪੇਸ਼ ਆ ਰਹੀ ਸਾਹ ਲੈਣ ਦੀ ਸਮੱਸਿਆ, ਫਰੀਦਕੋਟ ਰੈਫਰ
ਪੀੜਤਾ ਅਮਨਦੀਪ ਕੌਰ ਪਹਿਲਾਂ ਹੀ 2 ਲੜਕੀਆਂ ਦੀ ਮਾਂ ਹੈ ਅਤੇ ਤੀਸਰੀ ਡਲਿਵਰੀ ਲਈ ਉਹ ਹਸਪਤਾਲ ਆਈ ਸੀ, ਜਿੱਥੇ ਉਸ ਨੇ ਲੇਬਰ ਰੂਮ ਦੇ ਬਾਹਰ ਹੀ ਲੜਕੇ ਨੂੰ ਜਨਮ ਦਿੱਤਾ। ਬੱਚੇ ਨੂੰ ਸਾਹ ਲੈਣ 'ਚ ਪੇਸ਼ ਆ ਰਹੀ ਸਮੱਸਿਆ ਨੂੰ ਵੇਖਦੇ ਹੋਏ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕਰਨ ਦੀ ਵੀ ਪੁਸ਼ਟੀ ਹੋਈ ਹੈ।
ਮਾਮਲੇ ਦੀ ਕਰਵਾਈ ਜਾਵੇਗੀ ਜਾਂਚ : ਸਿਵਲ ਸਰਜਨ
ਸਿਵਲ ਸਰਜਨ ਮੋਗਾ ਡਾ. ਹਰਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਇਸ ਦੀ ਰਿਪੋਰਟ ਬਣਾ ਕੇ ਵਿਭਾਗ ਨੂੰ ਭੇਜਣ ਦੇ ਹੁਕਮ ਵੀ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਨਰਸਿੰਗ ਸਟਾਫ ਦੀ ਘਾਟ ਨੂੰ ਵੇਖਦਿਆਂ ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ 'ਤੇ ਜ਼ਿਲੇ ਦੇ ਇਕ ਬਲਾਕ ਤੋਂ ਸਟਾਫ ਨਰਸ ਦੀ ਤਾਇਨਾਤੀ ਜੱਚਾ-ਬੱਚਾ ਵਾਰਡ 'ਚ ਕਰਵਾ ਦਿੱਤੀ ਗਈ ਹੈ ਅਤੇ ਜੇ ਲੋੜ ਪਈ ਤਾਂ ਇਸ ਵਾਰਡ ਲਈ ਹੋਰ ਨਰਸਿੰਗ ਸਟਾਫ ਦੀ ਤਾਇਨਾਤੀ ਦੇ ਪ੍ਰਬੰਧ ਵੀ ਕੀਤੇ ਜਾਣਗੇ।