ਬਸੰਤ ਪੰਚਮੀ ਮੌਕੇ ਭੈਣੀ ਸਾਹਿਬ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸਿੰਘ ਸੈਣੀ
Friday, Jan 23, 2026 - 06:29 PM (IST)
ਲੁਧਿਆਣਾ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਨਾਮਧਾਰੀ ਦਰਬਾਰ, ਭੈਣੀ ਸਾਹਿਬ ਵਿਖੇ ਬਸੰਤ ਪੰਚਮੀ ਦੇ ਮੌਕੇ ਨਤਮਸਤਕ ਹੋਏ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਚਲਾਈ ਗਈ ਕੂਕਾ ਲਹਿਰ ਦੇ ਦੇਸ਼ ਦੀ ਆਜ਼ਾਦੀ ਵਿੱਚ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਦੌਰਾਨ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਉਸ ਸਮੇਂ ਸਮਾਜ ਨੂੰ ਦਿਸ਼ਾ ਦਿੱਤੀ ਜਦੋਂ ਭਾਰਤ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜਿਆ ਹੋਇਆ ਸੀ। ਉਨ੍ਹਾਂ ਨੇ ਵਿਸ਼ਵ ਵਿੱਚ ਪਹਿਲੀ ਵਾਰ ਸ਼ਾਂਤੀਮਈ ਢੰਗ ਨਾਲ ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਮੁੱਖ ਮੰਤਰੀ ਸੈਣੀ ਨੇ ਐਲਾਨ ਕੀਤਾ ਕਿ ਸਤਿਗੁਰੂ ਰਾਮ ਸਿੰਘ ਜੀ ਦੇ ਨਾਮ 'ਤੇ ਚੇਅਰ ਸਥਾਪਿਤ ਕਰਨ ਲਈ ਉਨ੍ਹਾਂ ਦੀ ਸਰਕਾਰ ਗੰਭੀਰਤਾ ਨਾਲ ਕੰਮ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਸਰਕਾਰ ਸੰਤਾਂ ਦੇ ਵਿਚਾਰਾਂ ਨੂੰ ਸਿੱਖਿਆ ਪ੍ਰਣਾਲੀ ਅਤੇ ਨੀਤੀਆਂ ਦਾ ਹਿੱਸਾ ਬਣਾਉਣ ਲਈ ਵਚਨਬੱਧ ਹੈ।
ਸੈਣੀ ਨੇ ਨਾਮਧਾਰੀ ਸਮਾਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮਾਜ ਨਸ਼ਿਆਂ ਤੋਂ ਮੁਕਤ ਹੈ ਅਤੇ ਗਊ ਰੱਖਿਆ ਤੇ ਮਾਨਵਤਾ ਦੀ ਸੇਵਾ ਵਿੱਚ ਮੋਹਰੀ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਆਪਣੇ ਸੰਸਕਾਰਾਂ ਅਤੇ ਮੂਲ਼ਾਂ ਨੂੰ ਕਦੇ ਨਾ ਛੱਡਣ।
