ਕਿਸਾਨ ਵੱਲੋਂ ਦਰੱਖਤਾਂ ਦੀ ਕਰਵਾਈ ਜਾ ਰਹੀ ਕਟਾਈ ਰੁਕਵਾਈ

02/22/2018 4:10:00 PM


ਸ੍ਰੀ ਮੁਕਤਸਰ ਸਾਹਿਬ (ਪਵਨ) - ਸ਼ਹਿਰ ਦੇ ਬੂੜਾ ਗੁੱਜਰ ਰੋਡ ਦੀ ਮੁੱਖ ਸੜਕ ਦੇ ਨਾਲ ਲੱਗਦੀ ਜ਼ਮੀਨ 'ਤੇ ਲੱਗੇ ਦਰੱਖਤਾਂ ਨੂੰ ਜ਼ਮੀਨ ਦੇ ਮਾਲਕ ਨੇ ਕਟਵਾਉਣਾ ਸ਼ੁਰੂ ਕਰ ਦਿੱਤਾ ਪਰ ਇਸ ਗੱਲ ਦਾ ਪਤਾ ਲੱਗਦੇ ਵਣ ਵਿਭਾਗ ਨੇ ਥਾਣਾ ਸਦਰ ਪੁਲਸ ਨੂੰ ਸ਼ਿਕਾਇਤ ਦੇ ਕੇ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ ਹੈ। ਹਾਲਾਂਕਿ ਜ਼ਮੀਨ ਦੇ ਮਾਲਕ ਦਾ ਤਰਕ ਹੈ ਕਿ ਉਸ ਦੇ ਕੋਲ ਕੋਰਟ ਦੇ ਆਰਡਰ ਹਨ, ਜਦਕਿ ਬੀਤੇ ਸਾਲ 2012 ਵਿਚ ਅਦਾਲਤ ਨੇ ਫੈਸਲੇ ਦੌਰਾਨ ਦਰੱਖਤਾਂ ਦੀ ਕਟਾਈ 'ਤੇ ਰੋਕ ਲਾਈ ਸੀ। ਫਿਲਹਾਲ ਪੁਲਸ ਦੀ ਦਖਲ-ਅੰਦਾਜ਼ੀ ਤੋਂ ਬਾਅਦ ਇਕ ਵਾਰ ਦਰੱਖਤਾਂ ਦੀ ਕਟਾਈ ਰੋਕ ਦਿੱਤੀ ਹੈ। 
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਬੂੜਾ ਗੁੱਜਰ ਰੋਡ 'ਤੇ ਕਿਸਾਨ ਬੇਅੰਤ ਸਿੰਘ ਦੀ ਜ਼ਮੀਨ ਮੁੱਖ ਸੜਕ ਨਾਲ ਲੱਗਦੀ ਹੈ। ਜ਼ਮੀਨ 'ਤੇ ਸੜਕ ਦੇ ਨਾਲ ਕਈ ਦਰੱਖਤ ਲੱਗੇ ਹੋਏ ਹਨ। ਬੀਤੇ ਸਾਲ ਸੀ. ਜੇ. ਐੱਮ. ਰਾਕੇਸ਼ ਕੁਮਾਰ ਦੀ ਅਦਾਲਤ ਨੇ ਇਸ ਮਾਮਲੇ 'ਚ ਦਰੱਖਤਾਂ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਨ੍ਹਾਂ ਦਰੱਖਤਾਂ ਦੀ ਕਟਾਈ 'ਤੇ ਹੀ ਰੋਕ ਲਾ ਦਿੱਤੀ ਸੀ ਪਰ ਬੀਤੇ ਮੰਗਲਵਾਰ ਦੀ ਦੇਰ ਸ਼ਾਮ ਕਿਸਾਨ ਨੇ ਉਕਤ ਦਰੱਖਤਾਂ ਨੂੰ ਕਟਵਾਉਣ ਲਈ ਲੇਬਰ ਲਾ ਦਿੱਤੀ। ਬਲਕਿ ਕਟਾਈ ਦਾ ਕੰਮ ਬੁੱਧਵਾਰ ਨੂੰ ਵੀ ਜਾਰੀ ਰਿਹਾ। 
ਉੱਧਰ, ਇਸ ਗੱਲ ਦਾ ਪਤਾ ਲੱਗਦੇ ਵਣ ਵਿਭਾਗ ਦੇ ਅਧਿਕਾਰੀਆਂ ਨੇ ਅਦਾਲਤ ਦੇ ਹੁਕਮ ਦਾ ਹਵਾਲਾ ਦਿੰਦਿਆਂ ਪੁਲਸ ਨੂੰ ਬਣਦੀ ਕਾਰਵਾਈ ਕਰਨ ਸਬੰਧੀ ਸ਼ਿਕਾਇਤ ਦਰਜ ਕਰਵਾਈ।  ਇਸ ਸਬੰਧੀ ਕਿਸਾਨ ਬੇਅੰਤ ਸਿੰਘ ਨੇ ਕਿਹਾ ਕਿ ਅਦਾਲਤ ਨੇ ਤਾਂ ਵਣ ਵਿਭਾਗ ਨੂੰ ਦਰੱਖਤ ਨਾ ਕੱਟੇ ਜਾਣ ਦੇ ਹੁਕਮ ਦਿੱਤੇ ਸਨ। ਫੈਸਲਾ ਸਾਡੇ ਹੱਕ ਵਿਚ ਹੋਇਆ ਸੀ, ਜੇਕਰ ਦਰੱਖਤ ਉਨ੍ਹਾਂ ਦੇ ਖੇਤਾਂ 'ਚ ਡਿੱਗਣਗੇ ਤਾਂ ਅਸੀਂ ਤਾਂ ਉਨ੍ਹਾਂ ਨੂੰ ਕੱਟਾਂਗੇ। ਥਾਣਾ ਸਦਰ ਮੁਖੀ ਪੈਰੀਵਿੰਕਲ ਗਰੇਵਾਲ ਦਾ ਕਹਿਣਾ ਹੈ ਕਿ ਕਿਸਾਨ ਤੋਂ ਅਦਾਲਤ ਦੇ ਕਾਗਜ਼ਾਤ ਮੰਗਵਾਏ, ਜੇਕਰ ਕਾਗਜ਼ਾਤ ਸਹੀ ਨਾ ਹੋਏ ਤਾਂ ਕਾਰਵਾਈ ਕੀਤੀ ਜਾਵੇਗੀ।


Related News