ਲੋਕਾਂ ਦਾ ਸਾਹਮਣਾ ਕਰਨ ਤੋਂ ਡਰਦੈ ਮਨਪ੍ਰੀਤ ਬਾਦਲ : ਹਰਸਿਮਰਤ ਬਾਦਲ
Thursday, Apr 04, 2019 - 01:40 AM (IST)
ਬਠਿੰਡਾ,(ਵਰਮਾ) : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਬੁੱਧਵਾਰ ਕਿਹਾ ਕਿ ਕਾਂਗਰਸੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਪਾਰਲੀਮਾਨੀ ਹਲਕੇ ਤੋਂ ਇਸ ਲਈ ਚੋਣ ਲੜਨ ਤੋਂ ਝਿਜਕ ਰਿਹਾ ਹੈ, ਕਿਉਂਕਿ ਉਹ ਥਰਮਲ ਪਲਾਂਟ ਬੰਦ ਕਰਨ, ਗੁੰਡਾ ਟੈਕਸ ਨੂੰ ਖੁੱਲ੍ਹੀ ਛੁੱਟੀ ਦੇਣ ਅਤੇ ਏਮਜ਼ ਬਠਿੰਡਾ ਦੀ ਉਸਾਰੀ ਦੇ ਰਾਹ 'ਚ ਅੜਿੱਕੇ ਪਾਉਣ ਵਰਗੇ ਲੋਕ ਵਿਰੋਧੀ ਕਦਮਾਂ ਕਰਕੇ ਹੁਣ ਵੋਟਰਾਂ ਦਾ ਸਾਹਮਣਾ ਨਹੀਂ ਕਰ ਸਕਦਾ।
ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਨੇ ਖੁਦ ਨੂੰ ਇਸ ਦੌੜ 'ਚੋਂ ਬਾਹਰ ਕਰ ਲਿਆ ਹੈ, ਕਿਉਂਕਿ ਉਹ ਜਾਣਦਾ ਸੀ ਕਿ ਉਸ ਨੇ ਸਮਾਜ ਦੇ ਕਿਸੇ ਵੀ ਵਰਗ ਨੂੰ ਵਾਅਦੇ ਮੁਤਾਬਕ ਲਾਭ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਉਹ ਜਾਣਦਾ ਹੈ ਕਿ ਹੁਣ ਸਾਰੇ ਉਸ ਵਿਰੁੱਧ ਇਕਜੁੱਟ ਹੋ ਜਾਣਗੇ, ਇਸੇ ਕਰਕੇ ਉਸ ਨੇ ਕਾਂਗਰਸ ਹਾਈਕਮਾਂਡ ਨੂੰ ਕਹਿ ਦਿੱਤਾ ਹੈ ਕਿ ਉਹ ਆ ਰਹੀਆਂ ਲੋਕ ਸਭਾ ਚੋਣਾਂ ਲੜਨ ਦਾ ਇਛੁੱਕ ਨਹੀਂ ਹੈ। ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਦੱਸਿਆ ਕਿ ਵਿੱਤ ਮੰਤਰੀ ਨੇ ਇਹ ਦਾਅਵਾ ਕਰਕੇ ਬਠਿੰਡਾ ਦੇ ਲੋਕਾਂ ਦੀ ਨਰਾਜ਼ਗੀ ਸਹੇੜ ਲਈ ਸੀ ਕਿ 2014 ਵਿਚ ਉਹ ਥੋੜ੍ਹੇ ਫਰਕ ਨਾਲ ਇਸ ਲਈ ਹਾਰ ਗਿਆ ਸੀ, ਕਿਉਂਕਿ ਅਕਾਲੀ-ਭਾਜਪਾ ਸਰਕਾਰ ਵੇਲੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਉਸ ਨੂੰ ਹਰਾਉਣ ਲਈ ਹਰ ਹੀਲਾ ਵਰਤਿਆ ਸੀ। ਉਨ੍ਹਾਂ ਕਿਹਾ ਕਿ ਹੁਣ ਸਮੁੱਚਾ ਪ੍ਰਸ਼ਾਸਨ ਉਸ ਦੇ ਨਾਲ ਹੈ। ਇਸ ਦੇ ਬਾਵਜੂਦ ਉਹ ਚੋਣ ਨਹੀਂ ਲੜ ਰਿਹਾ ਹੈ।
ਬੀਬੀ ਬਾਦਲ ਨੇ ਕਿਹਾ ਕਿ ਸਿਰਫ ਇਹੀ ਨਹੀਂ ਹੈ। ਮਨਪ੍ਰੀਤ ਬਾਦਲ ਬਠਿੰਡਾ ਥਰਮਲ ਪਲਾਂਟ ਨੂੰ ਚਾਲੂ ਰੱਖਣ ਦੇ ਵਾਅਦੇ ਤੋਂ ਵੀ ਮੁੱਕਰ ਗਿਆ ਅਤੇ ਇਸ ਨੂੰ ਤੁਰੰਤ ਬੰਦ ਕਰ ਦਿੱਤਾ, ਜਿਸ ਨਾਲ ਇੱਥੇ ਕੰਮ ਕਰਦੇ ਕਰਮਚਾਰੀਆਂ ਨੂੰ ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ। ਇਹ ਟਿੱਪਣੀ ਕਰਦਿਆਂ ਕਿ ਵਿੱਤ ਮੰਤਰੀ ਦੇ ਲੋਕ ਵਿਰੋਧੀ ਅਤੇ ਦਲਿਤ ਵਿਰੋਧੀ ਵਤੀਰੇ ਦਾ ਖਮਿਆਜ਼ਾ ਸਮਾਜ ਦੇ ਹਰ ਵਰਗ ਨੂੰ ਭੁਗਤਣਾ ਪਿਆ ਹੈ। ਉੁਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਸਰਕਾਰੀ ਕਰਮਚਾਰੀਆਂ ਨੂੰ ਡੀ.ਏ. ਦੀਆਂ ਚਾਰ ਕਿਸ਼ਤਾਂ ਨਹੀਂ ਦਿੱਤੀਆਂ। ਵਿੱਤ ਮੰਤਰੀ ਨੇ ਠੇਕੇ 'ਤੇ ਰੱਖੇ ਅਧਿਆਪਕਾਂ ਦੀ ਤਨਖਾਹ 45000 ਰੁਪਏ ਤੋਂ ਘਟਾ ਕੇ 15 ਹਜ਼ਾਰ ਰੁਪਏ ਕਰ ਦਿੱਤੀ। ਉਹ 27 ਹਜ਼ਾਰ ਕਰਮਚਾਰੀਆਂ ਨੂੰ ਪੱਕੇ ਕਰਨ ਤੋਂ ਵੀ ਇਨਕਾਰ ਕਰ ਰਿਹਾ ਹੈ ਜਦਕਿ ਅਕਾਲੀ-ਭਾਜਪਾ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਲਈ ਇਕ ਐਕਟ ਪਾਸ ਕਰ ਗਈ ਸੀ।
