ਗੁਰਪਿੰਦਰ ਦੀ ਮੌਤ ਵੱਡੀ ਸਾਜ਼ਿਸ਼ : ਹਰਪਾਲ ਚੀਮਾ

07/23/2019 12:14:16 AM

ਚੰਡੀਗੜ੍ਹ (ਰਮਨਜੀਤ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ 2700 ਕਰੋੜ ਦੇ ਹੈਰੋਇਨ ਸਮੱਗਲਿੰਗ ਕੇਸ 'ਚ ਗ੍ਰਿਫ਼ਤਾਰ ਲੂਣ ਦੇ ਵਪਾਰੀ ਗੁਰਪਿੰਦਰ ਸਿੰਘ ਦੀ ਸ਼ੱਕੀ ਹਾਲਾਤ 'ਚ ਹੋਈ ਹਿਰਾਸਤੀ ਮੌਤ ਨੂੰ ਵੱਡੀ ਸਾਜ਼ਿਸ਼ ਕਰਾਰ ਦਿੱਤਾ ਹੈ। ਮੰਗ ਕੀਤੀ ਹੈ ਕਿ ਇਸ ਪੂਰੇ ਘਟਨਾਕ੍ਰਮ ਦੀ ਸਮਾਂਬੱਧ ਜਾਂਚ ਮਾਣਯੋਗ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਥੱਲੇ ਨਸ਼ਾ ਸਮੱਗਲਿੰਗ ਲਈ ਗਠਿਤ ਐੱਸ. ਟੀ. ਐੱਫ. ਮੁਖੀ ਹਰਪ੍ਰੀਤ ਸਿੰਘ ਸਿੱਧੂ ਕੋਲੋਂ ਕਰਵਾਈ ਜਾਵੇ। ਚੀਮਾ ਨੇ ਕਿਹਾ ਕਿ 29 ਸਾਲ ਦੇ ਗੁਰਪਿੰਦਰ ਦੀ ਮੌਤ ਪਿੱਛੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਜੋ ਕਾਰਨ ਦੱਸੇ ਜਾ ਰਹੇ ਹਨ, ਉਹ ਕਿਸੇ ਦੇ ਵੀ ਹਜ਼ਮ ਨਹੀਂ ਹੋ ਰਹੇ। ਇਥੋਂ ਤੱਕ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਵਰਗੀਆਂ ਏਜੰਸੀਆਂ ਵੀ ਗੁਰਪਿੰਦਰ ਦੀ ਮੌਤ ਨੂੰ ਸਾਜ਼ਿਸ਼ ਵਜੋਂ ਦੇਖ ਰਹੀਆਂ ਹਨ।
ਚੀਮਾ ਨੇ ਕਿਹਾ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਗੁਰਪਿੰਦਰ ਦੀ ਹੱਤਿਆ ਕਰਾਉਣ ਦੇ ਸ਼ੰਕਿਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਾਕਿਸਤਾਨ ਤੋਂ ਲੰਘੀ 26 ਜੂਨ ਨੂੰ ਭਾਰਤ ਪੁੱਜੀ ਲੂਣ ਦੀ ਖੇਪ 'ਚੋਂ 532 ਕਿਲੋ ਹੈਰੋਇਨ ਅਤੇ 52 ਕਿਲੋ ਹੋਰ ਨਸ਼ੇ ਮਿਲਣ ਉਪਰੰਤ ਇਸ ਲੂਣ ਦੇ ਵਪਾਰੀ ਗੁਰਪਿੰਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਬੂਤ ਮਿਟਾਉਣ ਦੀ ਕੜੀ ਤਹਿਤ ਗੁਰਪਿੰਦਰ ਸਿੰਘ ਦੀ ਸਾਜ਼ਿਸ਼ ਤਹਿਤ ਹੱਤਿਆ ਹੋਈ ਹੈ ਤਾਂ ਕਿ ਬਦਨਾਮ ਸਮੱਗਲਰ ਜਗਦੀਸ਼ ਭੋਲੇ ਵਾਂਗ ਗੁਰਪਿੰਦਰ ਵੀ ਡਰੱਗ ਮਾਫ਼ੀਆ ਚਲਾ ਰਹੇ ਸਰਗਣਿਆਂ ਦਾ ਨਾਂ ਹੀ ਨਾ ਨਸ਼ਰ ਕਰ ਦੇਵੇ।


Karan Kumar

Content Editor

Related News