ਮੰਤਰੀ ਹਰਭਜਨ ਸਿੰਘ ਨੇ ਮੋਗਾ ’ਚ 76 ਕਿੱਲੋਮੀਟਰ ਤੋਂ ਵਧੇਰੇ ਲੰਬਾਈ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਨੀਂਹ ਪੱਥਰ ਰੱਖਿਆ

Tuesday, Feb 27, 2024 - 05:36 PM (IST)

ਮੰਤਰੀ ਹਰਭਜਨ ਸਿੰਘ ਨੇ ਮੋਗਾ ’ਚ 76 ਕਿੱਲੋਮੀਟਰ ਤੋਂ ਵਧੇਰੇ ਲੰਬਾਈ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਨੀਂਹ ਪੱਥਰ ਰੱਖਿਆ

ਬਾਘਾਪੁਰਾਣਾ (ਸਮਾਧ ਭਾਈ) (ਅਜੇ ਅਗਰਵਾਲ) : ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਦੇ ਵਿਕਾਸ ਨੂੰ ਹੋਰ ਹੁਲਾਰਾ ਦਿੰਦਿਆਂ 76 ਕਿੱਲੋਮੀਟਰ ਤੋਂ ਵਧੇਰੇ ਲੰਬਾਈ ਵਾਲੀਆਂ ਚਾਰ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਕਰੀਬ 45 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਨੀਂਹ ਪੱਥਰ ਅੱਜ ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਰੱਖਿਆ। ਇਸ ਸਬੰਧੀ ਜ਼ਿਲ੍ਹਾ ਮੋਗਾ ਦੇ ਸਬਡਵੀਜ਼ਨ ਬਾਘਾਪੁਰਾਣਾ ਦੇ ਨੇੜਲੇ ਪਿੰਡ ਸਮਾਧ ਭਾਈ, ਜਲਾਲਾਬਾਦ, ਧਰਮਕੋਟ ਅਤੇ ਮੋਗਾ ਵਿਖੇ ਰੱਖੇ ਗਏ ਸੰਖੇਪ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਹਰਭਜਨ ਸਿੰਘ ਨੇ ਕਿਹਾ ਕਿ ਅੱਜ ਮੋਗਾ ਤੋਂ ਸਮਾਧ ਭਾਈ ਬਾਈਪਾਸ, ਕੋਟ ਈਸੇ ਖਾਂ ਤੋਂ ਗ਼ਾਲਿਬ ਕਲਾਂ, ਧਰਮਕੋਟ ਤੋਂ ਜੋਗੇਵਾਲਾ ਸੜਕ, ਮੋਗਾ ਬਾਈਪਾਸ ਤੋਂ ਮੋਗਾ ਹਰੀਕੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਜੋ ਕਿ ਤਿੰਨ ਮਹੀਨੇ ਵਿਚ ਪੂਰੇ ਕੀਤੇ ਜਾਣਗੇ। 

ਇਨ੍ਹਾਂ ਸੜਕਾਂ ਦੀ ਕੁੱਲ ਲੰਬਾਈ 76.24 ਕਿੱਲੋਮੀਟਰ ਬਣਦੀ ਹੈ, ਜਿਸ ’ਤੇ 44.52 ਕਰੋੜ ਰੁਪਏ ਦੀ ਲਾਗਤ ਲੱਗਣੀ ਹੈ। ਇਨ੍ਹਾਂ ਸੜਕਾਂ ਨਾਲ ਤਕਰੀਬਨ 60 ਪਿੰਡਾਂ ਦੇ ਲੋਕਾਂ ਨੂੰ ਸਿੱਧੇ ਰੂਪ ਵਿਚ ਅਤੇ 100 ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਅਸਿੱਧੇ ਤੌਰ ’ਤੇ ਫਾਇਦਾ ਹੋਵੇਗਾ। ਨਿਯਮਾਂ ਮੁਤਾਬਿਕ ਇਹ ਸੜਕਾਂ 5 ਸਾਲ ਪਹਿਲਾਂ ਬਣ ਜਾਣੀਆਂ ਚਾਹੀਦੀਆਂ ਸਨ ਪਰ ਪਿਛਲੀਆਂ ਸਰਕਾਰਾਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਹੁਣ ਇਹ ਸੜਕਾਂ ਬਣਨ ਨਾਲ ਲੋਕਾਂ ਦੀ ਲੰਮੀ ਮੰਗ ਪੂਰੀ ਹੋ ਗਈ ਹੈ। ਸੂਬੇ ਵਿਚ ਬਿਜਲੀ ਦੀ ਸਥਿਤੀ ਬਾਰੇ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨਿਰੰਤਰ ਕੋਸ਼ਿਸ਼ਾਂ ਦੇ ਸਦਕਾ ਬਿਜਲੀ ਬੋਰਡ ਅੱਜ ਮੁਨਾਫ਼ੇ ਵਿਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜਦੋਂ ਸੱਤਾ ਸੰਭਾਲੀ ਸੀ ਤਾਂ ਉਦੋਂ ਬਿਜਲੀ ਬੋਰਡ 1880 ਕਰੋੜ ਰੁਪਏ ਦੇ ਘਾਟੇ ਵਿਚ ਸੀ, ਜਿਸ ਨੂੰ ਇਸ ਘਾਟੇ ਵਿਚੋਂ ਕੱਢ ਕੇ 564 ਕਰੋੜ ਰੁਪਏ ਦੇ ਲਾਭ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਝਾਰਖੰਡ ਵਿਚ ਪਿਛਲੇ 9 ਸਾਲ ਤੋਂ ਕੋਲੇ ਦੀ ਖਾਣ ਬੰਦ ਪਈ ਸੀ, ਜਿਸ ਨੂੰ ਆਪ ਸਰਕਾਰ ਨੇ ਮੁੜ ਸ਼ੁਰੂ ਕੀਤਾ ਹੈ। ਇਸ ਨਾਲ ਬਿਜਲੀ ਬੋਰਡ ਨੂੰ 1200 ਕਰੋੜ ਰੁਪਏ ਦਾ ਲਾਭ ਹੋਇਆ ਹੈ। ਇਸ ਖਾਣ ਦੇ ਚੱਲਣ ਨਾਲ ਸੂਬੇ ਕੋਲ 40 ਦਿਨ ਦਾ ਕੋਲਾ ਹਮੇਸ਼ਾਂ ਵਾਧੂ ਸਟਾਕ ਹੁੰਦਾ ਹੈ। ਪੰਜਾਬ ਸਰਕਾਰ ਵੱਲੋਂ ਨਵੇਂ ਸਿਰੇ ਤੋਂ ਸੋਲਰ ਸਮਝੌਤੇ ਕੀਤੇ ਜਾ ਰਹੇ ਹਨ। ਜਿਸ ਨਾਲ ਜਲਦ ਹੀ ਪੰਜਾਬ ਪਾਵਰ ਸਰਪਲਸ ਸੂਬਾ ਬਣ ਜਾਵੇਗਾ। ਹੁਣ ਪੰਜਾਬ ਦੂਜੇ ਸੂਬਿਆਂ ਨੂੰ ਬਿਜਲੀ ਵੇਚਿਆ ਕਰੇਗਾ। ਪਿਛਲੀਆਂ ਸਰਕਾਰਾਂ ਨੇ ਨਿੱਜੀ ਖੇਤਰ ਤੋਂ 18 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦੀ ਸੀ ਪਰ ਆਪ ਸਰਕਾਰ ਨੇ 2.33 ਰੁਪੈ ਨਾਲ ਬਿਜਲੀ ਖਰੀਦੀ ਹੈ।

ਇਸ ਤੋਂ ਇਲਾਵਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸਨੇ ਨਿੱਜੀ ਖੇਤਰ ਦਾ ਥਰਮਲ ਖਰੀਦਿਆ ਹੈ। ਇਸ ਮੌਕੇ ਡਾਕਟਰ ਅਮਨਦੀਪ ਕੌਰ ਅਰੋੜਾ, ਮਨਜੀਤ ਸਿੰਘ ਬਿਲਾਸਪੁਰ, ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਵੀ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਆਪਣੇ ਹਲਕਿਆਂ ਦੀਆਂ ਲੋੜਾਂ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਹਰਮਨਦੀਪ ਸਿੰਘ ਬਰਾੜ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਦੀਪਕ ਅਰੋੜਾ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ, ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ ਮੋਗਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ, ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਤੇ ਹੋਰ ਵੀ ਹਾਜ਼ਰ ਸਨ।


author

Gurminder Singh

Content Editor

Related News