ਕੇਂਦਰੀ ਮੰਤਰੀ ਨੇ MP ਸਤਨਾਮ ਸਿੰਘ ਸੰਧੂ ਵਲੋਂ ਚੁੱਕੇ ਮੁੱਦੇ ਦਾ ਲਿਆ ਨੋਟਿਸ, ਸੱਦੀ ਮੀਟਿੰਗ
Saturday, Dec 21, 2024 - 05:05 PM (IST)
ਨਵੀਂ ਦਿੱਲੀ/ਚੰਡੀਗੜ੍ਹ : ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਵੱਲੋਂ ਚੁੱਕੇ ਗਏ ਘੱਗਰ ਅਤੇ ਬੁੱਢੇ ਦਰਿਆ 'ਚ ਵੱਧ ਰਹੇ ਪ੍ਰਦੂਸ਼ਣ ਦੇ ਮੁੱਦੇ ਦਾ ਨੋਟਿਸ ਲੈਂਦਿਆਂ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਨੇ ਇਸ ਦਿਸ਼ਾ 'ਚ ਚੁੱਕੇ ਜਾ ਰਹੇ ਕਦਮਾਂ ਬਾਰੇ ਵਿਚਾਰ-ਵਟਾਂਦਰਾ ਕਰਨ, ਪਹੁੰਚ ਕਰਨ ਅਤੇ ਨਿਗਰਾਨੀ ਕਰਨ ਲਈ 19 ਜਨਵਰੀ 2025 ਨੂੰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਵਫ਼ਦ ਦੀ ਮੀਟਿੰਗ ਸੱਦੀ ਹੈ। 19 ਜਨਵਰੀ ਨੂੰ ਹੋਣ ਵਾਲੀ ਇਸ ਉੱਚ ਪੱਧਰੀ ਮੀਟਿੰਗ 'ਚ ਕੇਂਦਰੀ ਵਾਤਾਵਰਣ ਮੰਤਰਾਲੇ, ਸਬੰਧਿਤ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡਾਂ ਦੇ ਸੀਨੀਅਰ ਅਧਿਕਾਰੀ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਸ਼ਾਮਲ ਹੋਣਗੇ, ਜਿਨ੍ਹਾਂ ਨੇ ਨਵੀਂ ਦਿੱਲੀ 'ਚ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਘੱਗਰ ਦਰਿਆ ਤੇ ਬੁੱਢੇ ਦਰਿਆ ਸਣੇ ਪੰਜਾਬ ਦੇ ਪ੍ਰਦੂਸ਼ਿਤ ਪਾਣੀਆਂ ਬਾਰੇ ਮੰਗ ਪੱਤਰ ਪੇਸ਼ ਕੀਤਾ। ਸਤਨਾਮ ਸਿੰਘ ਸੰਧੂ ਤੇਜ਼ੀ ਨਾਲ ਉਦਯੋਗੀਕਰਨ ਅਤੇ ਸ਼ਹਿਰੀਕਰਨ ਕਾਰਨ ਵੱਧ ਰਹੇ ਪ੍ਰਦੂਸ਼ਣ ਕਾਰਨ ਪੰਜਾਬ ਦੇ ਦਰਿਆਵਾਂ ਦੀ ਵਿਗੜ ਰਹੀ ਹਾਲਤ ਦਾ ਮੁੱਦਾ ਲਗਾਤਾਰ ਚੁੱਕਦੇ ਆ ਰਹੇ ਹਨ।
ਇਹ ਵੀ ਪੜ੍ਹੋ : ਸ਼ਹੀਦੀ ਪੰਦਰਵਾੜੇ 'ਤੇ ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
ਵੱਧਦਾ ਪ੍ਰਦੂਸ਼ਣ ਗੰਭੀਰ ਸਮੱਸਿਆਵਾਂ ਪੈਦਾ ਕਰ ਰਿਹਾ ਹੈ (ਜਿਵੇਂ ਕਿ ਕੈਂਸਰ ਅਤੇ ਹੋਰ ਜਾਨਲੇਵਾ ਬਿਮਾਰੀਆਂ ਦੇ ਵੱਧ ਰਹੇ ਕੇਸ), ਜਿਸਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸੂਬਿਆਂ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਘੱਗਰ ਅਤੇ ਬੁੱਢੇ ਦਰਿਆ 'ਚ ਪ੍ਰਦੂਸ਼ਣ ਦੇ ਵੱਧਦੇ ਪੱਧਰ ਕਾਰਨ (ਜਿਸਦੇ ਹੋਰ ਮੁੱਦੇ ਸੰਸਦ ਮੈਂਬਰ ਸੰਧੂ ਵੱਲੋਂ ਉਠਾਏ ਗਏ ਹਨ) ਵੱਖ-ਵੱਖ ਕਿਸਮਾਂ ਦੀਆਂ ਮੱਛੀਆਂ ਦਾ ਵਿਨਾਸ਼, ਜਲਗਾਹਾਂ 'ਚ ਪ੍ਰਵਾਸੀ ਪੰਛੀਆਂ ਦੀ ਘੱਟ ਰਹੀ ਗਿਣਤੀ ਅਤੇ ਦੂਸ਼ਿਤ ਪਾਣੀਆਂ ਨਾਲ ਫਸਲਾਂ ਦੀ ਕਾਸ਼ਤ ਕਾਰਨ ਉਪਜਾਊ ਜ਼ਮੀਨਾਂ ਤੇਜ਼ੀ ਨਾਲ ਬੰਜਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਘੱਗਰ ਦਰਿਆ ਉਦਯੋਗਿਕ ਗੰਦੇ ਪਾਣੀ ਦੇ ਅੰਨ੍ਹੇਵਾਹ ਨਿਕਾਸ, ਅਣਸੋਧਿਆ ਸੀਵਰੇਜ ਅਤੇ ਖੇਤੀਬਾੜੀ ਦੇ ਵਹਾਅ ਕਾਰਨ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਿਆ ਹੈ। ਇਨ੍ਹਾਂ ਗਤੀਵਿਧੀਆਂ ਨੇ ਪਾਣੀ ਦੀ ਗੁਣਵੱਤਾ ਨੂੰ ਮਹੱਤਵਪੂਰਨ ਤੌਰ 'ਤੇ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਖ਼ਤਰਨਾਕ ਪ੍ਰਦੂਸ਼ਣ ਪੱਧਰ ਵਧਦਾ ਹੈ ਅਤੇ ਮਨੁੱਖੀ ਸਿਹਤ ਅਤੇ ਵਾਤਾਵਰਣ ਦੋਵਾਂ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਸੰਧੂ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸੂਬਿਆਂ ਦਰਮਿਆਨ ਤਾਲਮੇਲ ਵਾਲੇ ਯਤਨਾਂ ਦੀ ਘਾਟ ਕਾਰਨ ਪ੍ਰਦੂਸ਼ਣ ਦੀ ਸਥਿਤੀ ਹੋਰ ਵਿਗੜ ਰਹੀ ਹੈ, ਜਿਨ੍ਹਾਂ 'ਚੋਂ ਹਰੇਕ ਨੇ ਪ੍ਰਦੂਸ਼ਣ 'ਚ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਕੜਾਕੇ ਦੀ ਠੰਡ ਦੌਰਾਨ ਵੋਟਾਂ ਪੈਣੀਆਂ ਸ਼ੁਰੂ, ਪੋਲਿੰਗ ਬੂਥਾਂ 'ਤੇ ਪੁੱਜੇ ਲੋਕ (ਵੀਡੀਓ)
ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਡੇਰਾਬੱਸੀ ਅਤੇ ਪਟਿਆਲਾ ਸ਼ਹਿਰਾਂ ਦੇ ਨਾਲ-ਨਾਲ ਹਰਿਆਣਾ, ਮਾਨਸਾ ਅਤੇ ਚੰਡੀਗੜ੍ਹ ਵਰਗੇ ਖੇਤਰਾਂ 'ਚ ਉਦਯੋਗਾਂ, ਖ਼ਾਸ ਕਰਕੇ ਸਾਬਣ ਫੈਕਟਰੀਆਂ ਤੋਂ ਨਿਕਲਣ ਵਾਲੇ ਗੰਦੇ ਪਾਣੀ ਅਤੇ ਮਿਊਂਸੀਪਲ ਰਹਿੰਦ-ਖੂੰਹਦ ਕਾਰਨ ਦਰਿਆ 'ਚ ਗੰਭੀਰ ਗੰਦਗੀ ਦੇਖੀ ਗਈ ਹੈ। ਕੇਂਦਰੀ ਮੰਤਰੀ ਨਾਲ ਲੁਧਿਆਣਾ ਦੇ ਬੁੱਢੇ ਦਰਿਆ ਦੇ ਗੰਭੀਰ ਪ੍ਰਦੂਸ਼ਣ ਮੁੱਦਿਆਂ 'ਤੇ ਚਰਚਾ ਕਰਦਿਆਂ ਰਾਜ ਸਭਾ ਮੈਂਬਰ ਨੇ ਕਿਹਾ ਕਿ ਸਤਲੁਜ ਦਰਿਆ ਦੀ ਸਹਾਇਕ ਨਦੀ ਪੰਜਾਬ ਦੇ ਇਸ ਜਲਘਰ 'ਚ ਵੱਧ ਰਹੇ ਪ੍ਰਦੂਸ਼ਣ ਦੇ ਪੱਧਰ ਕਾਰਨ ਨਾ ਸਿਰਫ਼ ਸਿਹਤ ਲਈ ਕਈ ਖ਼ਤਰੇ ਪੈਦਾ ਹੋ ਰਹੇ ਹਨ (ਜਿਵੇਂ ਕਿ ਕੈਂਸਰ, ਚਮੜੀ ਦੇ ਰੋਗ, ਗੈਸਟਰੋਐਂਟਰਾਇਟਿਸ, ਬਦਹਜ਼ਮੀ ਅਤੇ ਅੱਖਾਂ ਦੀ ਰੋਸ਼ਨੀ ਦਾ ਨੁਕਸਾਨ ਹੋਰਾਂ ਦੇ ਨਾਲ-ਨਾਲ ਪਾਣੀ ਨੂੰ ਸਿੰਚਾਈ ਲਈ ਅਯੋਗ (ਜ਼ਹਿਰੀਲਾ) ਬਣਨਾ), ਸਗੋਂ ਜਲ-ਜੀਵਨ 'ਤੇ ਮਾੜਾ ਅਸਰ ਪਾ ਰਿਹਾ ਹੈ। ਸੰਧੂ ਨੇ ਕਿਹਾ ਕਿ ਬੁੱਢੇ ਦਰਿਆ ਜੋ ਕਿ ਸਤਲੁਜ ਦੀ ਸਹਾਇਕ ਨਦੀ ਹੈ, 'ਚ ਪ੍ਰਦੂਸ਼ਣ ਦਾ ਇੱਕ ਮੁੱਖ ਕਾਰਨ ਪਾਣੀ ਦੇ ਸਰੋਤਾਂ 'ਚ ਅਣਸੋਧਿਆ ਜ਼ਹਿਰੀਲਾ ਉਦਯੋਗਿਕ ਗੰਦਾ (ਵੱਧ ਮਾਤਰਾ) ਛੱਡਣਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਰਿਪੋਰਟ ਅਨੁਸਾਰ ਸਤਲੁਜ, ਲੁਧਿਆਣਾ ਦੇ ਬੁੱਢੇ ਦਰਿਆ ਦੇ ਸੰਗਮ ਤੋਂ ਪਹਿਲਾਂ ਸ਼੍ਰੇਣੀ ਬੀ ਦਾ ਪਾਣੀ (ਦਰਮਿਆਨੀ ਜਲ ਪ੍ਰਦੂਸ਼ਣ) ਲੈ ਕੇ ਚਲਦਾ ਹੈ, ਪਰ ਸੰਗਮ ਤੋਂ ਬਾਅਦ ਕਲਾਸ ਈ ਦੇ ਪਾਣੀ (ਉੱਚ ਪੱਧਰ ਦਾ ਪ੍ਰਦੂਸ਼ਣ ਇਸ ਨੂੰ ਕਿਸੇ ਵੀ ਮਨੁੱਖੀ ਜਾਂ ਸਿੰਚਾਈ ਦੀ ਵਰਤੋਂ ਲਈ ਅਯੋਗ ਬਣਾਉਂਦਾ ਹੈ) ਵੱਲ ਮੁੜ ਜਾਂਦਾ ਹੈ। ਸੰਧੂ ਨੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਦਾ ਉਨ੍ਹਾਂ ਵੱਲੋਂ ਉਠਾਏ ਮੁੱਦਿਆਂ 'ਤੇ ਤੁਰੰਤ ਕਾਰਵਾਈ ਕਰਨ ਅਤੇ ਇਸ ਮਾਮਲੇ 'ਤੇ 19 ਜਨਵਰੀ ਨੂੰ ਉੱਚ ਪੱਧਰੀ ਮੀਟਿੰਗ ਬੁਲਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਉੱਚ-ਪੱਧਰੀ ਮੀਟਿੰਗ ਘੱਗਰ ਨਦੀ, ਬੁੱਢੇ ਦਰਿਆ ਅਤੇ ਪੰਜਾਬ ਦੇ ਹੋਰ ਜਲ ਸਰੋਤਾਂ 'ਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਹੱਲ ਕਰਨ 'ਚ ਮਦਦ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8