ਕੰਵਰਵੀਰ ਸਿੰਘ ਟੌਹੜਾ ਨੇ ਵੰਦੇ ਭਾਰਤ ਰੇਲ ਨੂੰ ਸਰਹਿੰਦ ਵਿਖੇ ਰੁਕਵਾਉਣ ਸੰਬੰਧੀ ਰੇਲਵੇ ਰਾਜ ਮੰਤਰੀ ਨੂੰ ਲਿਖਿਆ ਪੱਤਰ
Friday, Dec 20, 2024 - 08:10 PM (IST)
ਅਮਲੋਹ- ਪੰਜਾਬ ਭਾਜਪਾ ਦੇ ਸੂਬਾ ਸਕੱਤਰ ਇੰਜੀਨੀਅਰ ਕੰਵਰਵੀਰ ਸਿੰਘ ਟੌਹੜਾ ਨੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਸਰਹਿੰਦ ਵਿਖੇ ਸਟੌਪੇਜ ਦੇਣ ਲਈ ਇਕ ਪੱਤਰ ਲਿਖਿਆ ਹੈ।
ਪੰਜਾਬ ਦਾ ਇਤਿਹਾਸਿਕ ਸ਼ਹਿਰ ਸਰਹਿੰਦ ਸਾਹਿਬਜ਼ਾਦਿਆਂ ਦਾ ਸ਼ਹਿਦੀ ਸਥਾਨ ਹੈ। ਜਿਸ ਦਾ ਸਿੱਖ ਇਤਿਹਾਸ 'ਚ ਬਹੁਤ ਵੱਡਾ ਸਥਾਨ ਹੈ ਅਤੇ ਇਸ ਅਸਥਾਨ 'ਤੇ ਸਥਾਪਤ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜਦੇ ਹਨ। ਇਸ ਦੇ ਨਾਲ ਹੀ ਦੱਸਣਯੋਗ ਹੈ ਕਿ ਦਸੰਬਰ ਮਹੀਨੇ ਦੌਰਾਨ ਹਰ ਸਾਲ ਸਰਹਿੰਦ ਵਿਖੇ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹਿਦੀ ਜੋੜ ਮੇਲਾ ਲੱਗਦਾ ਹੈ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਵੱਡੀ ਗਿਣਤੀ ਵਿੱਚ ਦੇਸ਼ ਦੇ ਕੋਨੇ-ਕੋਨੇ 'ਚੋਂ ਸ਼ਰਧਾਲੂ ਪਹੁੰਚਦੇ ਹਨ।
ਜ਼ਿਕਰਯੋਗ ਹੈ ਕਿ ਇਹ ਰੇਲ ਗੱਡੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਬਿਆਸ, ਜਲੰਧਰ ਕੈਂਟ, ਫਗਵਾੜਾ, ਲੁਧਿਆਣਾ ਅਤੇ ਅੰਬਾਲਾ ਰੁਕਦੀ ਹੈ ਪਰ ਇਹ ਸਰਹਿੰਦ ਰੇਲਵੇ ਸਟੇਸ਼ਨ 'ਤੇ ਨਹੀਂ ਰੁਕਦੀ। ਇਸੇ ਨੂੰ ਲੈ ਕੇ ਕੰਵਰਵੀਰ ਸਿੰਘ ਟੌਹੜਾ ਨੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਇਹ ਪੱਤਰ ਲਿਖਿਆ ਹੈ।