ਗਰੀਸ ’ਚ ਫਸੇ ਪਿੰਡ ਢਿੱਲਵਾਂ ਦੇ ਨੌਜਵਾਨ ਦੀ ਵਿਧਾਇਕ ਕੁਲਤਾਰ ਸੰਧਵਾਂ ਦੇ ਯਤਨਾਂ ਸਦਕਾ ਹੋਈ ਘਰ ਵਾਪਸੀ
Tuesday, Feb 16, 2021 - 12:41 PM (IST)
ਕੋਟਕਪੂਰਾ (ਨਰਿੰਦਰ): ਰੋਜ਼ਗਾਰ ਲਈ ਵਿਦੇਸ਼ ਗਏ ਨੇੜਲੇ ਪਿੰਡ ਢਿੱਲਵਾਂ ਕਲਾਂ ਦੇ ਵਸਨੀਕ ਨੌਜਵਾਨ ਬਲਵੀਰ ਸਿੰਘ ਪੁੱਤਰ ਗੁਰਸੇਵਕ ਸਿੰਘ ਢਿੱਲੋਂ ਜੋ ਕਿ 6-7 ਮਹੀਨੇ ਤੋਂ ਉੱਥੇ ਫਸਿਆ ਹੋਇਆ ਸੀ, ਦੀ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾਂ ਘਰ ਵਾਪਸੀ ਸੰਭਵ ਹੋ ਸਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ ਕਲਾਂ ਨੇ ਦੱਸਿਆ ਕਿ ਬਲਵੀਰ ਸਿੰਘ ਜੋ ਗਲਤ ਏਜੰਟਾ ਦੇ ਹੱਥੇ ਚੜ੍ਹ ਕੇ ਰੁਜ਼ਗਾਰ ਲਈ ਗਰੀਸ ਗਿਆ ਸੀ ਪਰ ਹੋਰ ਨੌਜਵਾਨਾਂ ਨਾਲ ਉੱਥੇ ਫਸ ਗਿਆ ਅਤੇ 6-7 ਮਹੀਨੇ ਉੱਥੇ ਜੇਲ੍ਹ ਵਿੱਚ ਬੰਦ ਰਿਹਾ।
ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ’ਤੇ ਉਨ੍ਹਾਂ ਵੱਲੋਂ ਪਾਰਟੀ ਪ੍ਰਧਾਨ ਨਾਲ ਮਿਲ ਕੇ ਕੀਤੇ ਯਤਨਾਂ ਕਾਰਨ ਇਹ ਅੱਜ ਘਰ ਵਾਪਸ ਪਹੁੰਚਣ ਵਿੱਚ ਕਾਮਯਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਰਕਾਰੀ ਪ੍ਰਬੰਧ ਸਹੀ ਤਰੀਕੇ ਨਾਲ ਨਾ ਚਲਾਏ ਜਾਣ ਕਾਰਨ ਬੇਰੁਜ਼ਗਾਰ ਨੌਜਵਾਨ ਵਿਦੇਸ਼ ਜਾਣ ਦੀ ਦੌੜ ਵਿੱਚ ਗਲਤ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਹਨ, ਜਿਸ ਦਾ ਖਾਮਿਆਜ਼ਾ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਮਾਪਿਆਂ ਨੂੰ ਵੀ ਭੁਗਤਨਾ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਜਾਂ ਕੋਈ ਦੋਸਤ-ਮਿੱਤਰ ਇਸ ਤਰ੍ਹਾਂ ਬਾਹਰ ਵਿਦੇਸ਼ ਵਿੱਚ ਫਸਿਆ ਹੋਇਆ ਹੈ ਉਹ ਇਸ ਸਬੰਧੀ ਉਨ੍ਹਾਂ ਨਾਲ ਸੰਪਰਕ ਕਰਨ ਅਤੇ ਪਾਰਟੀ ਉਨ੍ਹਾਂ ਨੂੰ ਦੇਸ਼ ਵਾਪਸ ਲਿਆਉਣ ਲਈ ਹਰ ਸੰਭਵ ਮਦਦ ਕਰੇਗੀ। ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ ਵੀ ਹਾਜ਼ਰ ਸੀ।