ਸਰਕਾਰੀ ਮਦਦ ਲਈ ਭਟਕ ਰਿਹੈ ਇਹ ਪਰਿਵਾਰ, ਕੋਰੋਨਾ ਪੀਡ਼ਤ ਮਰੀਜ਼ਾਂ ਨੂੰ ਬਚਾਉਂਦੇ ਗੁਆਈ ਸੀ ਆਪਣੀ ਜਾਨ
Sunday, Feb 07, 2021 - 12:19 PM (IST)
ਫ਼ਿਰੋਜ਼ਪੁਰ (ਕੁਮਾਰ): ਕੋਵਿਡ-19 ਦੌਰਾਨ ਕੋਰੋਨਾ ਪੀਡ਼ਤ ਮਰੀਜ਼ਾਂ ਦੀ ਜਾਨ ਬਚਾਉਂਦੇ ਹੋਏ ਆਪਣੀ ਜਾਨ ਗੁਆ ਦੇਣ ਵਾਲੀ ਫ਼ਿਰੋਜ਼ਪੁਰ (ਬਾਰੇ ਕੇ) ਦੀ ਏ.ਐੱਨ.ਐੱਮ. ਕਰਮਚਾਰੀ ਅੰਜੂ ਸੇਤੀਆ ਪਤਨੀ ਨਵਨੀਤ ਸੇਤੀਆ ਵਾਸੀ ਜੈ ਮਾਂ ਲਕਸ਼ਮੀ ਇਨਕਲੇਵ ਫਿਰੋਜ਼ਪੁਰ ਦਾ ਪਰਿਵਾਰ ਸਰਕਾਰ ਵੱਲੋਂ ਐਲਾਨੇ 50 ਲੱਖ ਰੁਪਏ ਦੀ ਮਦਦ ਲੈਣ ਲਈ ਦਰ-ਦਰ ਭਟਕ ਰਿਹਾ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਏ.ਐੱਨ.ਐੱਮ. ਕਰਮਚਾਰੀ ਅੰਜੂ ਸੇਤੀਆ ਦੀ ਮੌਤ 18 ਅਕਤੂਬਰ 2020 ਨੂੰ ਕੋਰੋਨਾ ਨਾਲ ਹੋਈ ਸੀ ਅਤੇ ਉਸ ਸਮੇਂ ਸਰਕਾਰ ਵੱਲੋਂ ਪਰਿਵਾਰ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੇ 50 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਸਾਢੇ 3 ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਉਸ ਦੀ ਫਾਈਲ ਫਿਰੋਜ਼ਪੁਰ ਦੇ ਸਿਵਲ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਟੇਬਲ ’ਤੇ ਪਈ ਹੈ।
ਇਹ ਵੀ ਪੜ੍ਹੋ: ਟਿਕਰੀ ਬਾਰਡਰ ’ਤੇ ਸੰਗਰੂਰ ਦੇ ਕਿਸਾਨ ਲੱਖਾ ਸਿੰਘ ਦੀ ਹਾਰਟ ਅਟੈਕ ਨਾਲ ਮੌਤ
ਉਸ ਦੀ ਫਾਈਲ ਨੂੰ ਕਲੀਅਰ ਹੋਣ ਲਈ ਆਏ ਦਿਨ ਪਰਿਵਾਰ ਨੂੰ ਕਮੀਆਂ ਗਿਣਾ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਦੇ ਕਾਗਜ਼ ਪੂਰੇ ਕਰਨ ਲਈ ਕਿਹਾ ਜਾਂਦਾ ਹੈ। ਸਵ. ਅੰਜੂ ਸੇਤੀਆ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਵਾਰ-ਵਾਰ ਸਿਹਤ ਵਿਭਾਗ ਦੇ ਦਫਤਰਾਂ ਦੇ ਚੱਕਰ ਕੱਢ ਕੇ ਥੱਕ ਗਏ ਹਨ ਪਰ ਹੁਣ ਤੱਕ ਉਨ੍ਹਾਂ ਦੀ ਫਾਈਲ ਪੇਪਰ ਵਿਚ ਹੀ ਪਈ ਹੈ।
ਇਹ ਵੀ ਪੜ੍ਹੋ: ਪੁਲਸ ਪੰਜਾਬ ਸਰਕਾਰ ਦੀ ਸ਼ਹਿ 'ਤੇ ਨਗਰ-ਨਿਗਮ ਚੋਣਾਂ ’ਚ ਕਰ ਰਹੀ ਹੈ ਗੁੰਡਾਗਰਦੀ: ਸੁਖਬੀਰ ਬਾਦਲ
ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਜਲਦ ਪੰਜਾਬ ਸਰਕਾਰ ਵੱਲੋਂ ਪੰਜਾਹ ਲੱਖ ਰੁਪਏ ਦੀ ਐਲਾਨੀ ਰਕਮ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਜਦ ਲੋਕ ਆਪਣੀ ਜਾਨ ਬਚਾਉਣ ਵਿਚ ਲੱਗੇ ਹੋਏ ਸਨ ਤਾਂ ਅੰਜੂ ਸੇਤੀਆ ਨੇ ਸਖ਼ਤ ਮਿਹਨਤ ਕੀਤੀ ਅਤੇ ਕੋਰੋਨਾ ਤੋਂ ਪੀੜਤ ਕਈ ਮਰੀਜ਼ਾਂ ਦੀ ਜਾਨ ਬਚਾਉਣ ’ਚ ਮਦਦ ਕੀਤੀ।
ਇਹ ਵੀ ਪੜ੍ਹੋ: ਜੇ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਸੁਖਬੀਰ ਬਾਦਲ ਜੇਲ੍ਹ ’ਚ ਹੋਣਾ ਸੀ: ਰਾਜਾ ਵੜਿੰਗ
ਫਾਈਲ ਅੱਜ ਹੀ ਚੰਡੀਗਡ਼੍ਹ ਭੇਜ ਦਿੱਤੀ ਜਾਵੇਗੀ : ਸਿਵਲ ਸਰਜਨ: ਦੂਜੇ ਪਾਸੇ ਸੰਪਰਕ ਕਰਨ ’ਤੇ ਸਿਵਲ ਸਰਜਨ ਫਿਰੋਜ਼ਪੁਰ ਡਾ. ਰਜਿੰਦਰ ਰਾਜ ਨੇ ਦੱਸਿਆ ਕਿ ਸਵ. ਅੰਜੂ ਸੇਤੀਆ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਲਈ ਫਾਈਲ ਅੱਜ ਹੀ ਚੰਡੀਗੜ੍ਹ ਭੇਜ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਗੇ ਦੀ ਕਾਰਵਾਈ ਚੰਡੀਗੜ੍ਹ ਹੈੱਡ ਆਫ਼ਿਸ ਵੱਲੋਂ ਕੀਤੀ ਜਾਵੇਗੀ।