ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਦੇ ਸਿਰ ਪੈਸੇ ਦੇ ਜ਼ੋਰ ’ਤੇ ਨੱਚਣ ਲੱਗਾ ਭੂ-ਮਾਫੀਆ

Wednesday, Jun 30, 2021 - 12:09 PM (IST)

ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਦੇ ਸਿਰ ਪੈਸੇ ਦੇ ਜ਼ੋਰ ’ਤੇ ਨੱਚਣ ਲੱਗਾ ਭੂ-ਮਾਫੀਆ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ’ਚ ਭੂ ਮਾਫੀਆ ਇੰਨੀ ਦਿਨੀਂ ਇਸ ਤਰ੍ਹਾਂ ਪੈਰ ਪਸਾਰ ਚੁੱਕਿਆ ਕਿ ਹੁਣ ਸਰਕਾਰੀ ਵਿਭਾਗ ਤੇ ਸੰਸਥਾਵਾਂ ਵੀ ਭੂ ਮਾਫੀਆ ਦੀ ਜਕੜ ਚੋਂ ਬਾਹਰ ਨਜ਼ਰ ਨਹੀਂ ਆ ਰਹੀਆ। ਇਸ ਦੀਆਂ ਬੀਤੇ ਇਕ ਦੋ ਹਫ਼ਤਿਆਂ ’ਚ ਹੀ ਕੁਝ ਉਦਾਹਰਣਾਂ ਸਾਹਮਣੇ ਆ ਚੁੱਕੀਆਂ ਹਨ। ਬੀਤੇ ਸਮੇਂ ’ਚ ਕੁਝ ਵਿਅਕਤੀਆਂ ਵੱਲੋਂ ਸਥਾਨਕ ਮਲੋਟ ਰੋਡ ਤੇ ਇਕ ਮਾਰਕਿਟ ਕਟੀ ਗਈ, ਇਸ ਮਾਰਕਿਟ ਦੀ ਸੂਚਨਾ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਮਿਲੀ ਤਾਂ ਪਤਾ ਲੱਗਾ ਕਿ ਜਿਸ ਜਗ੍ਹਾ ਮਾਰਕਿਟ ਕਟੀ ਜਾ ਰਹੀ ਉਸ ਜਗ੍ਹਾ ’ਚ ਖਸਰਾ ਨੰਬਰ 2098 ਤਹਿਤ ਜਗ੍ਹਾ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਹੈ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਜਦ ਇਸ ਸਬੰਧੀ ਪਤਾ ਲਗਾ ਕਿ ਉਨ੍ਹਾਂ ਦੀ ਜਗ੍ਹਾ ਤੇ ਇਹ ਵਿਅਕਤੀ ਕਬਜਾ ਕਰਨਾ ਚਾਹੁੰਦੇ ਤਾਂ ਜਿੱਥੇ ਇਸ ਸਬੰਧੀ ਸਿਵਲ ਕੋਰਟ 'ਚ ਕੇਸ ਲਾ ਦਿੱਤਾ।ਉਥੇ ਇਸ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਈ ਗਈ।ਨਿਸ਼ਾਨਦੇਹੀ ਵਿਚ ਇਹ ਸਾਹਮਣੇ ਆਇਆ ਕਿ ਕਥਿਤ ਤੌਰ 'ਤੇ ਭੂ ਮਾਫੀਆ ਦੇ ਨਾਲ ਸਬੰਧਿਤ ਵਿਅਕਤੀਆਂ ਵੱਲੋ ਜੋ ਦੁਕਾਨਾਂ ਕਟੀਆਂ ਗਈਆ ਹਨ, ਉਹ ਦੁਕਾਨਾਂ ਵਿਚੋਂ ਦੋ ਦੁਕਾਨਾਂ ਪੂਰੀ ਤਰਾਂ ਅਤੇ ਇਕ ਦੁਕਾਨ ਦਾ ਕੁਝ ਹਿੱਸਾ ਰੈੱਡ ਕਰਾਸ ਦੀ ਜਗ੍ਹਾ ਦਾ ਹੈ। ਇਹ ਸਭ ਨਿਸ਼ਾਨਦੇਹੀ ਵਿਚ ਸਾਹਮਣੇ ਵੀ ਆ ਗਿਆ।

ਇਹ ਵੀ ਪੜ੍ਹੋ: ਜਾਣੋ ਵਿਧਾਇਕ ਫਤਿਹਜੰਗ ਬਾਜਵਾ ਦੀ ਨਿੱਜੀ ਜ਼ਿੰਦਗੀ ਦੇ ਰੌਚਕ ਕਿੱਸੇ (ਵੀਡੀਓ)

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਇੰਨੀ ਫੁਰਤੀ ਵਿਖਾਈ ਕਿ ਇਸ ਸਬੰਧੀ ਨਗਰ ਕੌਂਸਲ ਨੂੰ ਲਿਖਤੀ ਪੱਤਰ ਤੱਕ ਕੱਢਿਆ ਗਿਆ ਕਿ ਜੇਕਰ ਇਹ ਵਿਅਕਤੀ ਇਨ੍ਹਾਂ ਥਾਵਾਂ ਦੇ ਨਕਸ਼ੇ ਪਾਸ ਕਰਵਾਉਣ ਤਾਂ ਉਹ ਨਾ ਕੀਤੇ ਜਾਣ। ਭੂ ਮਾਫੀਆ ਵਲੋਂ ਇਸ ਤਰ੍ਹਾਂ ਸੰਸਥਾ ਦੀ ਜਗ੍ਹਾ ਤੇ ਕਬਜ਼ਾ ਕਰ ਮਾਰਕੀਟ ਕੱਟਣਾ ਸ਼ਹਿਰ ’ਚ ਚਰਚਾਵਾਂ ’ਚ ਰਿਹਾ ਤੇ ਜਦ ਰੈੱਡ ਕਰਾਸ ਸੁਸਾਇਟੀ ਨੇ ਇਸ ਸਬੰਧੀ ਸਖ਼ਤ ਕਦਮ ਚੁੱਕੇ ਤਾਂ ਇਕ ਵਾਰ ਲੋਕਾਂ ਨੂੰ ਅਜਿਹਾ ਲੱਗਣ ਲਗਾ ਕਿ ਸਾਰੇ ਨਿਯਮ ਕਾਨੂੰਨ ਛਿੱਕੇ ਤੇ ਟੰਗ ਕੇ ਆਪਣੀਆਂ ਮਨਮਰਜ਼ੀਆਂ ਕਰਦੇ ਭੂ ਮਾਫੀਆ ਨਾਲ ਸਬੰਧਿਤ ਕਈ ਲੋਕਾਂ ਨੂੰ ਇਸ ਨਾਲ ਨਥ ਪਵੇਗੀ। ਪਰ ਫ਼ਿਲਹਾਲ ਅਚਾਨਕ ਰੈੱਡ ਕਰਾਸ ਵੱਲੋਂ ਇਕ ਹੋਰ ਪੱਤਰ ਨਗਰ ਕੌਂਸਲ ਦਫਤਰ ਨੂੰ ਲਿਖਿਆ ਜਾਂਦਾ ਹੈ। 15 ਜੂਨ 2021 ਦੇ ਪੱਤਰ ਨੰਬਰ 237 ਵਿਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਵਲੋਂ ਲਿਖਿਆ ਜਾਂਦਾ ਕਿ ਰੈੱਡ ਕਰਾਸ ਵੱਲੋਂ ਇਹ ਜਗ੍ਹਾ ਵੀ ਸਬੰਧਿਤ ਵਿਅਕਤੀਆਂ ਨੂੰ ਵੇਚ ਦਿੱਤੀ ਗਈ ਹੈ। ਜਗ੍ਹਾ ਉਨ੍ਹਾਂ ਵਿਅਕਤੀਆਂ ਵਿਚੋਂ ਹੀ ਇਕ ਨੂੰ ਵੇਚੀ ਗਈ ਜੋ ਰੈੱਡ ਕਰਾਸ ਸੁਸਾਇਟੀ ਦੇ ਪੱਤਰ ਨੰਬਰ 175/76 ਮਿਤੀ 15 ਜੁਲਾਈ 2020 ਦੇ ਅਨੁਸਾਰ ਰੈੱਡ ਕਰਾਸ ਦੀ ਜਗ੍ਹਾ ’ਤੇ ਨਾਜਾਇਜ਼ ਉਸਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਭੂ ਮਾਫੀਆ ਵਿਰੁੱਧ ਸਖ਼ਤ ਸਟੈਂਡ ਲੈ ਕੇ ਐਕਸ਼ਨ ’ਚ ਆਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਅਚਾਨਕ ਇਸ ਤਰ੍ਹਾਂ ਜਗ੍ਹਾ ਵੇਚਣ ਦਾ ਫੈਸਲਾ ਕਿਉਂ ਲੈ ਲਿਆ ਗਿਆ। ਇਹ ਸਵਾਲ ਜਿਉਂ ਦਾ ਤਿਉਂ ਬਣਿਆ ਹੋਇਆ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਦੇ ਰੰਗ ’ਚ ਰੰਗੇ ਪਰਿਵਾਰ ਨੇ ਨਵ ਜੰਮੇ ਬੱਚੇ ਨੂੰ ਪਹਿਨਾਈ ਕਿਸਾਨੀ ਝੰਡੇ ਦੀ ਪੁਸ਼ਾਕ

ਕੀ ਇਸ ਫੈਸਲੇ ਨਾਲ ਭੂ-ਮਾਫੀਆ ਦੇ ਹੌਂਸਲੇ ਹੋਰ ਤਾਂ ਨਹੀਂ ਵਧ ਜਾਣਗੇ ਅਤੇ ਇਹ ਲੋਕ ਹੋਰ ਥਾਵਾਂ ਤੇ ਇਸ ਤਰ੍ਹਾਂ ਦੀਆਂ ਵਧੀਕੀਆਂ ਤਾਂ ਨਹੀਂ ਕਰਨ ਲੱਗਣਗੇ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜਿਸਦਾ ਚੇਅਰਮੈਨ ਖ਼ੁਦ ਡਿਪਟੀ ਕਮਿਸ਼ਨਰ ਹੁੰਦਾ ਹੈ ਜੇਕਰ ਇਨ੍ਹਾਂ ਲੋਕਾਂ ਅੱਗੇ ਇਸ ਸੁਸਾਇਟੀ ਨੇ ਆਖਰ ਜਗ੍ਹਾ ਵੇਚਣ ਦਾ ਫ਼ੈਸਲਾ ਲਿਆ ਤਾਂ ਆਮ ਲੋਕ ਇਸ ਸਿਸਟਮ ਵਿਰੁੱਧ ਕਿਸ ਤਰ੍ਹਾਂ ਲੜਨ ਦਾ ਹੌਂਸਲਾ ਕਰਨਗੇ। ਉਧਰ ਜਦ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਪ੍ਰੋਜੈਕਟ ਅਫ਼ਸਰ ਨਛੱਤਰ ਸਿੰਘ ਨਾਲ ਇਸ ਮਾਮਲੇ ’ਚ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਜਗ੍ਹਾ 50 ਲੱਖ ਰੁਪਏ ’ਚ ਵੇਚ ਦਿੱਤੀ ਗਈ ਹੈ। ਇਸ ਸਬੰਧੀ ਰਜਿਸਟਰੀ ਕਰਵਾ ਦਿੱਤੀ ਗਈ ਹੈ। ਮਾਨਯੋਗ ਅਦਾਲਤ ’ਚ ਚਲ ਰਿਹਾ ਕੇਸ ਅਗਲੀ ਤਾਰੀਖ ਤੇ ਵਾਪਸ ਲੈ ਲਿਆ ਜਾਵੇਗਾ। ਇਕ ਹੋਰ ਘਟਨਾ ’ਚ ਭੂ ਮਾਫੀਆ ਵੱਲੋਂ ਨਵੀਂ ਕੱਟੀ ਜਾ ਰਹੀ ਕਾਲੋਨੀ ਦੇ ਨਾਲ ਲਗਦੀ ਸੜਕ ਆਪਣੀ ਕਾਲੋਨੀ ਨੂੰ ਸਿੱਧੀ ਕਰਨ ਲਈ ਰਸਤੇ ’ਚ ਅੜਿੱਕਾ ਬਣੇ ਇਕ ਦਰੱਖਤ ਨੂੰ ਬਿਨਾਂ ਕਿਸੇ ਅਗਾਊ ਮਨਜੂਰੀ ਦੇ ਕਟ ਦਿੱਤਾ ਗਿਆ। ਰੌਲਾ ਜੰਗਲਾਤ ਵਿਭਾਗ ਤਕ ਪਹੁੰਚਿਆ ਤਾਂ ਇਨ੍ਹਾਂ ਵਿਅਕਤੀਆਂ ਦੀ ਕਰੀਬ 16 ਹਜ਼ਾਰ ਰੁਪਏ ਦੀ ਜੁਰਮਾਨਾ ਪਰਚੀ ਕੱਟ ਦਿੱਤੀ ਗਈ। ਵਿਭਾਗ ਦੀ ਬਿਨਾਂ ਮਨਜੂਰੀ ਦੇ ਇਕ ਵਾਰ ਮਾਫੀਆ ਨੇ ਮਹਿਜ ਪਰਚੀ ਕਟਾ ਕਟੀ ਜਾ ਰਹੀ ਕਾਲੋਨੀ ਲਈ ਰਾਹ ਜ਼ਰੂਰ ਸਾਫ ਕਰ ਲਿਆ। ਇੱਥੇ ਹੀ ਬਸ ਨਹੀਂ ਭੂ ਮਾਫੀਆ ਵਲੋ ਕੁਝ ਸਾਲ ਪਹਿਲਾਂ ਨਗਰ ਕੌਂਸਲ ਅਧੀਨ ਆਉਂਦੀ ਇਕ ਗਲੀ ਤੇ ਕਬਜ਼ਾ ਕਰ ਲਿਆ ਗਿਆ। ਵਿਜੀਲੈਂਸ ਜਾਂਚ ਹੋਈ ਤਾਂ ਨਗਰ ਕੌਂਸਲ ਨੂੰ ਲਿਖਿਆ ਗਿਆ ਕਿ ਕਬਜ਼ਾ ਧਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਕਾਰਵਾਈ ਅਜਿਹੇ ਠੰਡੇ ਬਸਤੇ ’ਚ ਪਈ ਕਿ ਕਰੀਬ 7-8 ਸਾਲ ਬਾਅਦ ਅਜੇ ਨਗਰ ਕੌਂਸਲ ਇਨ੍ਹਾਂ ਕਬਜ਼ਾ ਧਾਰੀਆਂ ਤੇ ਮਾਣਯੋਗ ਅਦਾਲਤ ਵਿਚ ਕੇਸ ਕਰਨ ਦਾ ਸੋਚ ਵਿਚਾਰ ਕਰ ਰਹੀ ਹੈ। ਅਜਿਹੇ ਸਮੇਂ ’ਚ ਜਦ ਇਸ ਇਤਿਹਾਸਕ ਸ਼ਹਿਰ ’ਚ ਭੂ ਮਾਫੀਆ ਸਰਕਾਰੀ ਵਿਭਾਗਾਂ ’ਤੇ ਇਹਨਾਂ ਹਾਵੀ ਹੋ ਚੁੱਕਾ ਤਾਂ ਆਮ ਵਿਅਕਤੀ ਕਿਸ ਤਰ੍ਹਾਂ ਆਪਣੀ ਜ਼ਮੀਨ ਨੂੰ ਸੁਰੱਖਿਅਤ ਸਮਝ ਸਕਦਾ।

ਇਹ ਵੀ ਪੜ੍ਹੋ:  ਅੱਧੀ ਰਾਤ ਨੂੰ ਪਾਣੀ ਪੀਣ ਉੱਠੀ 12 ਸਾਲਾ ਬੱਚੀ ਨੂੰ ਲੜਿਆ ਸੱਪ, ਝਾੜ ਫੂਕ ਦੇ ਚੱਕਰਾਂ 'ਚ ਗਈ ਜਾਨ


 


author

Shyna

Content Editor

Related News