ਘਰ ਵਾਲਿਅਾਂ ਨੂੰ ਬੰਧਕ ਬਣਾ ਕੇ ਸੋਨੇ ਦੀਆਂ ਵਾਲੀਆਂ ਤੇ 8 ਹਜ਼ਾਰ ਦੀ ਨਕਦੀ ਲੁੱਟੀ
Thursday, Dec 06, 2018 - 05:41 AM (IST)

ਲੁਧਿਆਣਾ, (ਰਾਮ)- ਥਾਣਾ ਜਮਾਲਪੁਰ ਅਧੀਨ ਆਉਂਦੀ ਚੌਕੀ ਮੂੰਡੀਆਂ ਕਲਾਂ ਦੇ ਇਲਾਕੇ ਪਿੰਡ ਜੰਡਿਆਲੀ ਵਿਖੇ ਬੀਤੀ ਰਾਤ ਲੁਟੇਰਿਆਂ ਨੇ ਸ਼ੱਕੀ ਹਾਲਾਤ ’ਚ ਇਕ ਉਸਾਰੀ ਅਧੀਨ ਘਰ ’ਚ ਦਾਖਲ ਹੋ ਕੇ ਘਰ ਦੇ ਮਰਦਾਂ ਨੂੰ ਕਮਰਿਆਂ ’ਚ ਬੰਦ ਕਰ ਕੇ ਉਥੇ ਮੌਜੂਦ 3 ਅੌਰਤਾਂ ਸਮੇਤ 4 ਲੋਕਾਂ ਨੂੰ ਗੰਭੀਰ ਜ਼ਖਮੀ ਕਰ ਕੇ ਸੋਨੇ ਦੀਅਾਂ ਵਾਲੀਅਾਂ ਅਤੇ ਨਕਦੀ ਲੁੱਟ ਲਈ। ਸੂਚਨਾ ਮਿਲਦਿਅਾਂ ਹੀ ਏ. ਡੀ. ਸੀ. ਪੀ.-4 ਰਾਜਵੀਰ ਸਿੰਘ, ਏ. ਡੀ. ਸੀ. ਪੀ. ਕ੍ਰਾਈਮ ਰਤਨ ਸਿੰਘ ਬਰਾਡ਼, ਏ. ਸੀ. ਪੀ. ਸਾਹਨੇਵਾਲ ਹਰਜਿੰਦਰ ਸਿੰਘ ਸਮੇਤ ਚੌਕੀ ਅਤੇ ਥਾਣਾ ਜਮਾਲਪੁਰ ਦੀਆਂ ਪੁਲਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਜਾਂਚ ਸ਼ੁਰੂ ਕੀਤੀ।
ਜਾਣਕਾਰੀ ਅਨੁਸਾਰ ਘਰ ਦੇ ਮਾਲਕ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਘਰ ਦਾ ਕੰਮ ਲਾਇਆ ਹੋਇਆ ਹੈ। ਬੀਤੇ ਮੰਗਲਵਾਰ ਦੀ ਦੇਰ ਰਾਤ ਕਰੀਬ ਡੇਢ ਵਜੇ ਲਗਭਗ 8 ਤੋਂ 10 ਅਣਪਛਾਤੇ ਲੁਟੇਰੇ ਜਿਨ੍ਹਾਂ ਦੇ ਹੱਥਾਂ ’ਚ ਡਾਂਗਾਂ, ਸੋਟੀਆਂ ਅਤੇ ਕਥਿਤ ਤੇਜ਼ਧਾਰ ਹਥਿਆਰ ਸਨ, ਪਿਛਲੀ ਕੰਧ ਤੋਂ ਅੰਦਰ ਦਾਖਲ ਹੋ ਗਏ। ਜਿਨ੍ਹਾਂ ਨੇ ਘਰ ਦੇ ਸਾਰੇ ਮਰਦਾਂ ਨੂੰ ਕਮਰਿਆਂ ਅੰਦਰ ਬੰਦ ਕਰ ਦਿੱਤਾ। ਜਦੋਂ ਘਰ ਦੀਆਂ 3 ਅੌਰਤਾਂ ਉਸਦੀ ਮਾਂ, ਪਤਨੀ ਅਮਰਜੀਤ ਕੌਰ ਅਤੇ ਨੂੰਹ ਰਾਜਦੀਪ ਕੌਰ ਬਚਾਅ ਲਈ ਆਈਆਂ ਤਾਂ ਲੁਟੇਰਿਆਂ ਨੇ ਬੇਰਹਿਮੀ ਨਾਲ ਉਨ੍ਹਾਂ ਨੂੰ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਜਦਕਿ ਬਚਾਅ ਲਈ ਆਏ ਉਨ੍ਹਾਂ ਦੇ ਕਿਰਾਏਦਾਰ ਬਲਵੀਰ ਸਿੰਘ ਦੀ ਦਰਦਿੰਗੀ ਨਾਲ ਕੁੱਟਮਾਰ ਕਰਦੇ ਹੋਏ ਉਸਦੇ ਸਿਰ ’ਚ ਸੱਟ ਮਾਰਦੇ ਹੋਏ ਬਾਂਹ ਤੋਡ਼ ਦਿੱਤੀ, ਜਿਨ੍ਹਾਂ ਨੇ ਉਨ੍ਹਾਂ ਦੇ ਘਰ ਦੀ ਅਲਮਾਰੀ ’ਚੋਂ ਕਰੀਬ 7-8 ਹਜ਼ਾਰ ਦੀ ਨਕਦੀ ਸਮੇਤ ਉਸਦੇ ਮਾਤਾ ਦੀਆਂ ਕੰਨਾਂ ਦੀਆਂ ਵਾਲੀਆਂ ਲੁੱਟ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।
ਘਰ ਦੇ ਹਾਲਾਤ ਬਾਰੇ ਸੀ ਪੂਰੀ ਜਾਣਕਾਰੀ
ਮੁੱਢਲੀ ਜਾਂਚ ’ਚ ਜਾਪਦਾ ਹੈ ਕਿ ਲੁੱਟ ਦੀ ਵਾਰਦਾਤ ਕਰਨ ਆਏ ਲੁਟੇਰਿਆਂ ਨੂੰ ਘਰ ਦੇ ਹਾਲਾਤਾਂ ਬਾਰੇ ਪੂਰੀ ਜਾਣਕਾਰੀ ਸੀ। ਜੋ ਜਾਣਦੇ ਸਨ ਕਿ ਘਰ ’ਚ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਸਾਰਾ ਕੀਮਤੀ ਸਾਮਾਨ, ਸੋਨਾ ਅਤੇ ਨਕਦੀ ਆਦਿ ਇੰਝ ਹੀ ਪਈ ਹੋਵੇਗੀ।
ਸੀ. ਸੀ. ਟੀ. ਵੀ. ਕੈਮਰਿਅਾਂ ਬਾਰੇ ਵੀ ਪਤਾ ਸੀ ਲੁਟੇਰਿਆਂ ਨੂੰ
ਪਰਿਵਾਰ ਦੀ ਮੰਨੀਏ ਤਾਂ ਘਰ ’ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ ਪਰ ਲੁਟੇਰੇ ਇਸ ਗੱਲ ਤੋਂ ਭਲੀਭਾਂਤ ਜਾਣੂ ਸਨ, ਜਿਸ ਕਾਰਨ ਉਹ ਘਰ ਦੀ ਪਿਛਲੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਬਚਦੇ ਹੋਏ ਉਨ੍ਹਾਂ ਵਾਰਦਾਤ ਕੀਤੀ । ਫਿਲਹਾਲ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਸ਼ੁਰੂਆਤੀ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਬਾਅਦ ਜਲਦ ਹੀ ਲੁਟੇਰੇ ਪੁਲਸ ਦੀ ਹਿਰਾਸਤ ’ਚ ਹੋਣਗੇ।