ਅਧਿਆਪਕਾਂ ਦਾ ਧਰਨਾ ਚੁਕਾਉਣ ਅਾਏ ਓ. ਐੱਸ. ਡੀ. ਹੱਥ ਮੋੜੀ ਮੁੱਖ ਮੰਤਰੀ ਦੀ ਲੋਹੜੀ
Monday, Jan 14, 2019 - 04:26 AM (IST)

ਪਟਿਆਲਾ, (ਜੋਸਨ, ਬਲਜਿੰਦਰ)- ਸੀ. ਐੱਮ. ਦੇ ਮੋਤੀ ਮਹਿਲ ਬਾਹਰ ਦੇਰ ਰਾਤ ਤੱਕ ਡਟੇ ਅਧਿਆਪਕਾਂ ਨੂੰ ਦੇਖ ਕੇ ਆਖਰ ਮੁੱਖ ਮੰਤਰੀ ਦੇ ਓ. ਐੱਸ. ਡੀ ਖੁਦ ਅਧਿਆਪਕਾਂ ਦੇ ਧਰਨੇ ਵਿਚ ਆਏ। ਕੱਲ ਦੁਪਹਿਰ ਤੱਕ ਮੁੱਖ ਮੰਤਰੀ ਨੂੰ ਉਨ੍ਹਾਂ ਦੀਆਂ ਸਮੁੱਚੀਆਂ ਮੰਗਾਂ ਬਾਰੇ ਜਾਣੂ ਕਰਵਾਉਣ ਦਾ ਭਰੋਸਾ ਦੇ ਕੇ ਇਹ ਧਰਨਾ ਚੁਕਵਾ ਦਿੱਤਾ। ਇਸ ਮੌਕੇ ਮੁੱਖ ਮੰਤਰੀ ਦੇ ਓ. ਐੱਸ. ਡੀ. ਨੇ ਅਧਿਆਪਕਾਂ ਨੂੰ ਮੁੱਖ ਮੰਤਰੀ ਵੱਲੋਂ ਲੋਹੜੀ ਭੇਟ ਕੀਤੀ ਪਰ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਲੋਹੜੀ ਲੈਣ ਤੋਂ ਜਵਾਬ ਦਿੰਦਿਆਂ ਆਖਿਆ ਕਿ ਉਨ੍ਹਾਂ ਨੂੰ ਪੂਰੀਆਂ ਤਨਖਾਹਾਂ ਦੇ ਦੇਵੋ, ਇਹ ਹੀ ਉਨ੍ਹਾਂ ਦੀ ਅਸਲ ਲੋਹੜੀ ਹੈ।
®ਇਸ ਤੋਂ ਪਹਿਲਾਂ ਅਧਿਆਪਕ ਨੇਤਾਵਾਂ ਨੇ ਮੋਤੀ ਮਹਿਲ ਵਿਖੇ ਕਾਫੀ ਲੰਬਾ ਸਮਾਂ ਮੁੱਖ ਮੰਤਰੀ ਦੇ ਓ. ਐੱਸ. ਡੀ. ਨਾਲ ਮੀਟਿੰਗ ਵੀ ਕੀਤੀ। ਅਧਿਆਪਕਾਂ ਨੇ ਮੁੱਖ ਮੰਤਰੀ ਕੋਲ ਰੋਸ ਜ਼ਾਹਰ ਕੀਤਾ ਕਿ ਉਹ ਤਾਂ ਖਾਲੀ ਥਾਲ ਲੈ ਕੇ ਮੁੱਖ ਮੰਤਰੀ ਤੋਂ ਲੋਹੜੀ ਵਜੋਂ ਤਨਖਾਹਾਂ ਮੰਗਣ ਆਏ ਸਨ ਪਰ ਇੱਥੇ ਪੁਲਸ ਪ੍ਰਸ਼ਾਸਨ ਨੇ ਮਹਿਲਾ ਅਧਿਆਪਕਾਂ ਦੇ ਵਾਲ ਪੁੱਟੇ। ਲਾਠੀਚਾਰਜ ਕੀਤਾ। ਇਹ ਬਹੁਤ ਹੀ ਨਿੰਦਣਯੋਗ ਹੈ। ਇਸ ਮੌਕੇ ਹਰਦੀਪ ਟੋਡਰਪੁਰ ਤੇ ਹੋਰ ਨੇਤਾਵਾਂ ਨੇ ਐਲਾਨ ਕੀਤਾ ਜੇਕਰ ਕੱਲ ਤੱਕ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਇਹ ਸੰਘਰਸ਼ ਹੋਰ ਤੇਜ਼ ਹੋਵੇਗਾ। 3 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਵਿਚ ਹੋਰ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕਰ ਕੇ ਪਟਿਆਲਾ ਦਾ ਘਿਰਾਓ ਕੀਤਾ ਜਾਵੇਗਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ ਟੋਡਰਪੁਰ, ਜ਼ਿਲਾ ਆਗੂਆਂ ਭਰਤ ਕੁਮਾਰ, ਹਰਵਿੰਦਰ ਰੱਖੜਾ, ਅੰਮ੍ਰਿਤਪਾਲ ਸਿੰਘ ਤੇ ਨਿਰਭੈਅ ਸਿੰਘ ਆਦਿ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਪਿਛਲੇ 10 ਸਾਲਾਂ ਦੀਆਂ ਸੇਵਾਵਾਂ ਖੂਹ-ਖਾਤੇ ’ਚ ਪਾ ਕੇ ਅਧਿਆਪਕਾਂ ਨੂੰ ਵਿਭਾਗ ਵਿਚ ਰੈਗੂਲਰ ਕਰਨ ਦੀ ਆੜ ਹੇਠ ਮੌਜੂਦਾ ਤਨਖਾਹਾਂ ਉੱਪਰ 75 ਫੀਸਦੀ ਕੱਟ ਲਾ ਕੇ 15300 ਤਨਖਾਹ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਤਨਖਾਹ ਕਟੌਤੀ ਨੂੰ ਜਬਰੀ ਲਾਗੂ ਕਰਨ ਲਈ ਅਧਿਆਪਕਾਂ ਦੀਆਂ ਜਿੱਥੇ ਵੱਡੇ ਪੱਧਰ ’ਤੇ ਵਿਕਟੇਮਾਈਜ਼ੇਸ਼ਨਜ਼ ਕੀਤੀਆਂ ਹਨ। ਪਿਛਲੇ 7 ਮਹੀਨਿਆਂ ਤੋਂ ਤਨਖਾਹਾਂ ਵੀ ਜਾਰੀ ਨਹੀਂ ਕੀਤੀਆਂ ਗਈਆਂ। ਐੱਸ. ਐੱਸ. ਏ., ਰਮਸਾ ਅਧਿਆਪਕਾਂ ਦੇ ਜਿੱਥੇ ਪਹਿਲਾ ਦੁਸਹਿਰਾ, ਦੀਵਾਲੀ ਤੇ ਨਵਾਂ ਸਾਲ ਸੁੱਕੇ ਲੰਘੇ ਹਨ, ਉੱਥੇ ਹੀ ਲੋਹੜੀ ਤੇ ਮਾਘੀ ਦੇ ਤਿਉਹਾਰ ’ਤੇ ਵੀ ਅਧਿਆਪਕਾਂ ਦੇ ਖੀਸੇ ਖਾਲੀ ਹਨ। ਰੋਸ ਵਜੋਂ ਐੱਸ. ਐੱਸ. ਏ./ਰਮਸਾ ਅਧਿਆਪਕਾਂ ਨੇ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੋਹੜੀ ਵਜੋਂ ਆਪਣੀਆਂ ਰੁਕੀਆਂ ਤਨਖਾਹਾਂ ਦੀ ਮੰਗ ਕੀਤੀ।
ਅਧਿਆਪਕ ਆਗੂਆਂ ਨੇ ਕਿਹਾ ਕਿ 56 ਦਿਨ ਚੱਲੇ ਸਾਂਝੇ ਅਧਿਆਪਕ ਮੋਰਚੇ ਦੇ ‘ਪੱਕੇ ਧਰਨੇ’ ਵਿਚ ਆ ਕੇ ਅਧਿਆਪਕਾਂ ਦੀਆਂ ਕੀਤੀਆਂ ਵਿਕਟੇਮਾਈਜ਼ੇਸ਼ਨਜ਼ ਤੁਰੰਤ ਰੱਦ ਕਰਨ, 5178 ਅਧਿਆਪਕਾਂ ਨੂੰ 1 ਜਨਵਰੀ 2019 ਤੋਂ ਪੂਰੀ ਤਨਖਾਹ ’ਤੇ ਰੈਗੂਲਰ ਕਰਨ ਅਤੇ 8886 ਐੱਸ. ਐੱਸ. ਏ./ਰਮਸਾ ਅਧਿਆਪਕ ਅਾਦਰਸ਼ ਤੇ ਮਾਡਲ ਸਕੂਲਾਂ ’ਚ ਕੰਮ ਕਰਦੇ ਅਧਿਆਪਕਾਂ ਦੀਆਂ ਤਨਖਾਹਾਂ ’ਚ ਕੀਤੀ ਕਟੌਤੀ ਦਾ ਮਾਮਲਾ ਮੁੜ ਵਿਚਾਰਨ ਲਈ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾ ਕੇ ਹੱਲ ਕਰਵਾਉਣ ਦਾ ਭਰਵੇਂ ਇਕੱਠ ਅਤੇ ਮੀਡੀਆ ਸਾਹਮਣੇ ਕੀਤੇ ਸਿੱਖਿਆ ਮੰਤਰੀ ਦੇ ਐਲਾਨ ਅਜੇ ਤੱਕ ਵਫ਼ਾ ਨਹੀਂ ਹੋਏ। ਉਲਟਾ ਸਰਕਾਰ ਤਨਖਾਹ ਕਟੌਤੀ ਦਾ ਫੈਸਲਾ ਠੋਸਣ ਲਈ ਵਾਰ-ਵਾਰ ਕਲਿੱਕ ਦੀ ਆਪਸ਼ਨ ਖੋਲ੍ਹ ਕੇ ਆਪਣੇ ਸਿੱਖਿਆ ਤੇ ਅਧਿਆਪਕ-ਮਾਰੂ ਮਨਸੂਬੇ ਨੂੰ ਪੂਰਾ ਕਰਨ ’ਤੇ ਲੱਗੀ ਹੋਈ ਹੈ। ਇਸ ਸਬੰਧੀ ਅਧਿਆਪਕਾਂ ਵੱਲੋਂ ਮੁੜ ਸੰਘਰਸ਼ ਦੀ ਸ਼ੁਰੂਆਤ ਕਰਦਿਆਂ ਜਿੱਥੇ ਬੀਤੇ ਕੱਲ ਸਿੱਖਿਆ ਮੰਤਰੀ ਦੀ ਅਰਥੀ ਫੂਕੀ ਗਈ, ਉਥੇ ਅੱਜ ਲੋਹੜੀ ਦੇ ਤਿਉਹਾਰ ’ਤੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਪਿਛਲੇ 7 ਮਹੀਨਿਆਂ ਦੀਆਂ ਤਨਖਾਹਾਂ ਦੀ ਲੋਹੜੀ ਮੰਗੀ ਗਈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮਸਲਿਆਂ ਦਾ ਵਾਜਬ ਹੱਲ ਨਾ ਹੋਣ ’ਤੇ 3 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕਰ ਕੇ ਕਾਂਗਰਸ ਸਰਕਾਰ ਨੂੰ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਮਜਬੂਰ ਕੀਤਾ ਜਾਵੇਗਾ। ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਨੂੰ ਹੋਰ ਭਖਾਇਆ ਜਾਵੇਗਾ। ਅਗਾਮੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਸਰਕਾਰ ਦੀਆਂ ਸਿੱਖਿਆ ਤੇ ਅਧਿਆਪਕ-ਮਾਰੂ ਨੀਤੀਆਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਅਤਿੰਦਰਪਾਲ ਘੱਗਾ, ਸੱਤਪਾਲ ਸਮਾਣਵੀ, ਪ੍ਰਵੀਨ ਸ਼ਰਮਾ, ਦਵਿੰਦਰ ਪਾਤੜਾਂ, ਜਸਪਾਲ ਚੌਧਰੀ, ਦਵਿੰਦਰ ਸਿੰਘ, ਚਮਕੌਰ ਸਿੰਘ, ਗਗਨ ਕਾਠਮੱਠੀ, ਲਖਵਿੰਦਰ ਸਿੰਘ, ਮਨੋਜ ਕੁਮਾਰ, ਜਤਿੰਦਰ ਸਿੰਘ, ਵਿਕਰਮ ਰਾਜਪੁਰਾ, ਡੇਜ਼ੀ ਮੌਦਗਿਲ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਬਲਜਿੰਦਰ ਕੌਰ, ਗੁਰਸ਼ਰਨ ਕੌਰ, ਰੰਜਨਾ ਰਾਣੀ ਤੇ ਹਰਜੀਤ ਕੌਰ ਆਦਿ ਹਾਜ਼ਰ ਸਨ।