ਗਮਾਡਾ ਦੇ ''ਪੰਜੇ'' ਨੇ ਬੱਸ ਸਟੈਂਡ ਕੀਤਾ ਮਲੀਆਮੇਟ

04/15/2018 10:34:50 AM

ਮੋਹਾਲੀ, (ਕੁਲਦੀਪ)—ਗਮਾਡਾ ਵਲੋਂ ਮੋਹਾਲੀ ਦੇ ਫੇਜ਼-8 ਵਿਚ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਬੱਸ ਸਟੈਂਡ ਨੂੰ ਅੱਜ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਤੋੜ ਦਿੱਤਾ ਗਿਆ ਤੇ ਇਥੇ ਬੱਸਾਂ ਦੇ ਖੜ੍ਹੇ ਹੋਣਾ ਮੁਕੰਮਲ ਬੰਦ ਕਰ ਦਿੱਤਾ ਗਿਆ ਹੈ । ਗਮਾਡਾ ਨੇ ਬੱਸ ਸਟੈਂਡ ਵਾਲੀ ਜ਼ਮੀਨ ਨੂੰ ਕੰਡਿਆਲੀ ਤਾਰ ਲਾ ਕੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ । ਗਮਾਡਾ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਜ਼ਮੀਨ ਗਮਾਡਾ ਦੀ ਹੈ । ਸਰਕਾਰ ਵਲੋਂ ਜੋ ਅਤਿ-ਆਧੁਨਿਕ ਬੱਸ ਸਟੈਂਡ ਬਣਾਇਆ ਗਿਆ ਹੈ, ਉਸ ਬੱਸ ਸਟੈਂਡ ਤੋਂ ਹੀ ਬੱਸਾਂ ਚਲਾਈਆਂ ਜਾਣਗੀਆਂ । 
ਦੱਸਣਯੋਗ ਹੈ ਕਿ ਇਸ ਪੁਰਾਣੇ ਬੱਸ ਸਟੈਂਡ ਨੂੰ ਤੋੜਨਾ ਗਮਾਡਾ ਲਈ ਕਾਫੀ ਮੁਸ਼ਕਲ ਕੰਮ ਸੀ ਕਿਉਂਕਿ ਪ੍ਰਾਈਵੇਟ ਬੱਸ ਆਪ੍ਰੇਟਰ ਇਸ ਸਟੈਂਡ ਨੂੰ ਤੋੜਨ ਵਿਚ ਸਹਿਮਤ ਨਹੀਂ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਇਸ ਅੱਡੇ ਤੋਂ ਬੱਸਾਂ ਨੂੰ ਜ਼ਿਆਦਾ ਸਵਾਰੀਆਂ ਮਿਲਦੀਆਂ ਹਨ ਤੇ ਸਵਾਰੀਆਂ ਲਈ ਵੀ ਇਹੀ ਅੱਡਾ ਸਹੂਲਤਾਂ ਭਰਪੂਰ ਸੀ ।
ਬੱਸ ਆਪ੍ਰੇਟਰਾਂ ਦੇ ਵਿਰੋਧ ਕਾਰਨ ਅੱਜ ਸ਼ਨੀਵਾਰ ਨੂੰ ਐਕਸੀਅਨ ਨਵੀਨ ਕੁਮਾਰ ਕੰਬੋਜ ਦੀ ਅਗਵਾਈ ਵਿਚ ਗਮਾਡਾ ਦੇ ਅਧਿਕਾਰੀਆਂ ਦੀ ਟੀਮ ਭਾਰੀ ਪੁਲਸ ਫੋਰਸ ਤੇ ਜੇ. ਸੀ. ਬੀ. ਮਸ਼ੀਨਾਂ ਸਮੇਤ ਬੱਸ ਸਟੈਂਡ 'ਤੇ ਪਹੁੰਚੀ ਤੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਬੱਸ ਸਟੈਂਡ ਦੇ ਐਂਟਰੀ ਪੁਆਇੰਟਾਂ 'ਤੇ ਜੇ. ਸੀ. ਬੀ. ਮਸ਼ੀਨ ਨਾਲ ਡੂੰਘੇ ਟੋਏ ਪੁੱਟ ਦਿੱਤੇ, ਤਾਂ ਕਿ ਕੋਈ ਵੀ ਬੱਸ ਅੰਦਰ ਨਾ ਆ-ਜਾ ਸਕੇ । ਉਸ ਤੋਂ ਬਾਅਦ ਬੱਸ ਸਟੈਂਡ ਵਿਚ ਨਾਜਾਇਜ਼ ਤੌਰ 'ਤੇ ਕਬਜ਼ਾ ਕਰਕੇ ਬੈਠੇ ਹੋਏ ਦੁਕਾਨਦਾਰਾਂ ਨੂੰ ਬਾਹਰ ਕੱਢਿਆ ਗਿਆ ਤੇ ਬੱਸ ਸਟੈਂਡ ਦਾ ਸ਼ੈੱਡ ਵੀ ਤੋੜ ਦਿੱਤਾ ਗਿਆ । ਪੂਰੀ ਤਰ੍ਹਾਂ ਤੋੜਨ ਤੋਂ ਬਾਅਦ ਗਮਾਡਾ ਨੇ ਚਾਰੇ ਪਾਸੇ ਕੰਡਿਆਲੀ ਤਾਰ ਲਾ ਦਿੱਤੀ ਤੇ ਇਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ । 
ਬੱਸ ਆਪ੍ਰੇਟਰਾਂ ਦਾ ਅੱਜ ਨਹੀਂ ਚੱਲ ਸਕਿਆ ਜ਼ੋਰ
ਇਸ ਪੁਰਾਣੇ ਬੱਸ ਸਟੈਂਡ ਵਿਚ ਖੜ੍ਹੀਆਂ ਇਕ-ਦੋ ਬੱਸਾਂ ਦੇ ਚਾਲਕਾਂ ਵਲੋਂ ਭਾਵੇਂ ਹੀ ਗਮਾਡਾ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਪਰ ਅੱਜ ਉਨ੍ਹਾਂ ਦਾ ਵਿਰੋਧ ਅਧਿਕਾਰੀਆਂ ਦੇ ਸਾਹਮਣੇ ਨਹੀਂ ਚੱਲ ਸਕਿਆ । ਗਮਾਡਾ ਨੇ ਸਵੇਰੇ-ਸਵੇਰੇ ਖਾਲੀ ਬੱਸ ਸਟੈਂਡ ਦਾ ਫਾਇਦਾ ਚੁੱਕਦੇ ਹੋਏ ਇਸ ਨੂੰ ਤੋੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ । 
ਅਕਾਲੀ ਕੌਂਸਲਰਾਂ ਨੇ ਜਤਾਇਆ ਵਿਰੋਧ 
ਗਮਾਡਾ ਵਲੋਂ ਕੀਤੀ ਗਈ ਕਾਰਵਾਈ ਦਾ ਮੌਕੇ 'ਤੇ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਕੌਂਸਲਰ ਸਤਵੀਰ ਸਿੰਘ ਧਨੋਆ, ਜਸਵੀਰ ਕੌਰ ਅੱਤਲੀ, ਹਰਮਨਪ੍ਰੀਤ ਸਿੰਘ ਪ੍ਰਿੰਸ ਆਦਿ ਨੇ ਵਿਰੋਧ ਕੀਤਾ । ਉਨ੍ਹਾਂ ਕਿਹਾ ਕਿ ਇਹ ਬੱਸ ਸਟੈਂਡ ਆਮ ਜਨਤਾ ਲਈ ਕਾਫੀ ਸਹੂਲਤਾਂ ਵਾਲਾ ਸੀ ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ, ਪੰਚਾਇਤ ਵਿਭਾਗ ਦਾ ਦਫਤਰ, ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਆਦਿ ਵਰਗੇ ਬਹੁਤ ਸਾਰੇ ਸਰਕਾਰੀ ਦਫਤਰ ਇਥੇ ਮੌਜੂਦ ਹਨ । ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਇਨ੍ਹਾਂ ਦਫਤਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਇਸ ਬੱਸ ਸਟੈਂਡ ਦੇ ਤੋੜੇ ਜਾਣ ਕਾਰਨ ਕਾਫੀ ਪ੍ਰੇਸ਼ਾਨੀ ਹੋਵੇਗੀ । ਉਨ੍ਹਾਂ ਕਿਹਾ ਕਿ ਗਮਾਡਾ ਨੂੰ ਲੋਕਾਂ ਦੀ ਸਮੱਸਿਆ ਦਾ ਹੱਲ ਇਸ ਨੂੰ ਤੋੜਨ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ ।


Related News