ਦੋਸਤ ਦੇ ਉਕਸਾਉਣ ’ਤੇ ਨੌਜਵਾਨ ਖਾ ਬੈਠਾ ਸਲਫਾਸ ਦੀਆਂ ਗੋਲੀਆਂ, ਗੁਆ ਬੈਠਾ ਜਾਨ

05/25/2022 1:20:18 PM

ਦੇਵੀਗੜ੍ਹ (ਨੌਗਾਵਾਂ) : ਥਾਣਾ ਜੁਲਕਾਂ ਵਿਖੇ ਇਕ ਦੋਸਤ ਵੱਲੋਂ ਦੂਜੇ ਦੋਸਤ ਨੂੰ ਸਲਫਾਸ ਦੀਆਂ ਗੋਲੀਆਂ ਖਾਣ ਲਈ ਉਕਸਾਉਣ ਦੇ ਦੋਸ਼ ’ਚ ਦੂਜੇ ਦੋਸਤ ਖ਼ਿਲਾਫ ਮੁਕੱਦਮਾ ਦਰਜ ਹੋਇਆ ਹੈ। ਥਾਣਾ ਜੁਲਕਾਂ ਦੀ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਰੌਹੜ ਜਾਗੀਰ ਦੇ ਗੁਰਮੀਤ ਸਿੰਘ ਪੁੱਤਰ ਦਿਆਲ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਇਸੇ ਪਿੰਡ ਦਾ ਦਿਲਬਾਗ ਸਿੰਘ ਉਸ ਦੇ ਲੜਕੇ ਜਸਪ੍ਰੀਤ ਸਿੰਘ ਦਾ ਦੋਸਤ ਹੈ। ਇਨ੍ਹਾਂ ਦੋਵਾਂ ਨੂੰ 20 ਮਈ ਨੂੰ ਸਾਡੇ ਕਿਸੇ ਦੋਸਤ ਨੇ ਲੜਕੀਆਂ ਨਾਲ ਘੁੰਮਦੇ ਕਿਤੇ ਵੇਖ ਲਿਆ ਸੀ। ਇਸ ਗੱਲ ਦਾ ਪਤਾ ਜਦੋਂ ਜਸਪ੍ਰੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੂੰ ਲੱਗਾ ਤਾਂ ਉਸ ਨੇ ਦੋਸ਼ੀ ਦਿਲਬਾਗ ਸਿੰਘ ਨੂੰ ਝਿੜਕ ਦਿੱਤਾ। ਇਸ ਕਰਕੇ 22 ਮਈ ਨੂੰ ਸ਼ਾਮ 7 ਵਜੇ ਦੋਸ਼ੀ ਮੁਦਈ ਦੀ ਮੋਟਰ ’ਤੇ ਮੁਦਈ ਦੇ ਲੜਕੇ ਕੋਲ ਆਇਆ ਅਤੇ ਕਿਹਾ ਕਿ ਉਸ ਦੇ ਪਿਤਾ ਨੂੰ ਲੜਕੀਆਂ ਨਾਲ ਘੁੰਮਣ ਵਾਲੀ ਗੱਲ ਦਾ ਪਤਾ ਲੱਗਾ ਹੈ। ਹੁਣ ਆਪਣੀ ਬਦਨਾਮੀ ਹੋਵੇਗੀ। ਇਸ ਕਰ ਕੇ ਆਪਾਂ ਦੋਵੇਂ ਜ਼ਹਿਰ ਖਾ ਲੈਂਦੇ ਹਾਂ।

ਇਸ ਦੌਰਾਨ ਦਿਲਬਾਗ ਸਿੰਘ ਨੇ ਮੁਦਈ ਦੇ ਲੜਕੇ ਜਸਪ੍ਰੀਤ ਸਿੰਘ ਨੂੰ ਸਲਫਾਸ ਦੀਆਂ ਗੋਲੀਆਂ ਦੇ ਦਿੱਤੀਆਂ ਅਤੇ ਆਪ ਉਸ ਨੂੰ ਕਿਹਾ ਕਿ ਉਹ ਘਰ ਜਾ ਕੇ ਸਲਫਾਸ ਦੀਆਂ ਗੋਲੀਆਂ ਖਾਵੇਗਾ। ਇਸ ਤਰ੍ਹਾਂ ਦੋਸ਼ੀ ਦਿਲਬਾਗ ਸਿੰਘ ਵੱਲੋਂ ਮੁਦਈ ਦੇ ਲੜਕੇ ਨੂੰ ਗੋਲੀਆਂ ਖਾਣ ਲਈ ਉਕਸਾਉਣ ਕਰ ਕੇ ਉਸ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।


Gurminder Singh

Content Editor

Related News